- ਸਾਰੀਆਂ ਪਾਰਟੀਆਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਦੇ ਬਾਵਜੂਦ ਸਿਆਸੀ ਪੱਖਪਾਤ ਤੋਂ ਨਹੀਂ ਉਭਰ ਰਹੀ ਪੰਜਾਬ ਸਰਕਾਰ
ਬਟਾਲਾ, 27 ਅਪ੍ਰੈਲ 2020 - ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਯਾਦਵਿੰਦਰ ਸਿੰਘ ਬੁੱਟਰ ਨੇ ਅੱਜ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਅੰਦਰ ਲੋਕਾਂ ਦੀ ਸੁਰੱਖਿਆ ਬਣਾਈ ਰੱਖਣ ਵਿਚ ਅਸਫਲ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮੌਕੇ ਜਦੋਂ ਪੂਰੀ ਦੁਨੀਆ ਸਮੇਤ ਪੰਜਾਬ ਦੇ ਲੋਕ ਕੋਰੋਨਾ ਦੀ ਮਾਰ ਨਾਲ ਜੂਝ ਰਹੇ ਹਨ ਤਾਂ ਵੀ ਸੂਬੇ ਅੰਦਰ ਲੁੱਟਾਂ ਖੋਹਾਂ ਤੇ ਕਤਲਾਂ ਦੀਆਂ ਵਾਰਦਾਤਾਂ ਨਹੀਂ ਰੁਕ ਰਹੀਆਂ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਅੰਦਰ ਇੱਕ ਵਕੀਲ ਨੂੰ ਕਤਲ ਕਰ ਦਿੱਤਾ ਗਿਆ ਹੈ ਜਦੋਂ ਕਿ ਉਸੇ ਜਿਲ੍ਹੇ ਅੰਦਰ ਆਸ਼ਰਮ ਵਿਚ ਸਵਾਮੀ ਪੁਸ਼ਪਿੰਦਰ 'ਤੇ ਜਾਨਲੇਵਾ ਹਮਲਾ ਕੀਤੇ ਜਾਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ।
ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਜ਼ਿਲ੍ਹਾ ਗੁਰਦਾਸਪੁਰ ਦੇ ਪੁਰਾਣਾ ਸ਼ਾਲਾ ਪੁਲਿਸ ਥਾਣੇ ਅੰਦਰ ਵੀ ਇਕ ਦਾਣਾ ਮੰਡੀ ਵਿਚ ਕੁਝ ਲੁਟੇਰਿਆਂ ਵੱਲੋਂ ਸ਼ਰੇਆਮ ਕਣਕ ਲੁੱਟਣ ਦੀ ਘਟਨਾ ਨੇ ਵੀ ਲੋਕਾਂ 'ਚ ਖੌਫ ਪੈਦਾ ਕਰ ਦਿੱਤਾ ਹੈ। ਬੁੱਟਰ ਨੇ ਕਿਹਾ ਕਿ ਇਕ ਪਾਸੇ ਇਹ ਸਰਕਾਰ ਲੋਕਾਂ ਦੀ ਸੁਰੱਖਿਆ ਕਰਨ 'ਚ ਫੇਲ੍ਹ ਹੋ ਰਹੀ ਹੈ ਤੇ ਦੂਜੇ ਪਾਸੇ ਸਰਕਾਰ ਵੱਲੋਂ ਕਰਫਿਊ ਦੌਰਾਨ ਲੋਕਾਂ ਦੀ ਮਦਦ ਲਈ ਕੇਂਦਰ ਸਰਕਾਰ ਵੱਲੋਂ ਭੇਜੀ ਜਾ ਰਹੀ ਮਦਦ ਵੀ ਲੋਕਾਂ ਤੱਕ ਨਹੀਂ ਪਹੁੰਚਾਈ ਜਾ ਰਹੀ।
ਉਨ੍ਹਾਂ ਕਿਹਾ ਕਿ ਗਰੀਬ ਲੋਕਾਂ ਦੀ ਮਦਦ ਲਈ ਕੇਂਦਰ ਸਰਕਾਰ ਵੱਲੋਂ ਸੂਬੇ ਅੰਦਰ 30 ਮਾਰਚ ਨੂੰ ਭੇਜਿਆ ਗਿਆ 66 ਹਜਾਰ 870 ਮੀਟ੍ਰਿਕ ਟਨ ਅਨਾਜ 27 ਦਿਨ ਬਾਅਦ ਵੀ ਲੋਕਾਂ ਵਿਚ ਨਹੀਂ ਪਹੁੰਚਿਆ। ਜਿਸ ਤੋਂ ਇਸ ਸਰਕਾਰ ਦੀ ਨੀਅਤ ਸਪੱਸ਼ਟ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਔਖੀ ਘੜੀ ਵਿਚ ਸਾਰੇ ਲੋਕ ਅਤੇ ਪਾਰਟੀਆਂ ਸਿਆਸਤ ਤੋਂ ਉੱਪਰ ਉਠ ਕੇ ਕੈਪਟਨ ਸਰਕਾਰ ਨੂੰ ਸਹਿਯੋਗ ਦੇ ਰਹੀਆਂ ਹਨ। ਪਰ ਇਸ ਦੇ ਬਾਵਜੂਦ ਸਰਕਾਰ ਵੱਲੋਂ ਨਾ ਤਾਂ ਪੱਖਪਾਤ ਬੰਦ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਆਪਣੀ ਜਿੰਮੇਵਾਰੀ ਪੂਰੀ ਤਰਾਂ ਨਿਭਾਈ ਜਾ ਰਹੀ ਹੈ।