ਅਸ਼ੋਕ ਵਰਮਾ
ਮਾਨਸਾ, 18 ਮਈ 2020: ਕੋਰੋਨਾ ਪੋਜ਼ਟਿਵ ਰਿਪੋਰਟਾਂ ਦੇ ਬਾਵਜੂਦ ਬਾਹਰੀ ਲੱਛਣ ਨਾ ਦਿਖਾਉਣ ਵਾਲੇ ਮਰੀਜਾਂ ਨੂੰ ਘਰਾਂ ਵਿੱਚ ਹੀ ਇਕਾਂਤਵਾਸ ਕਰਨ ਦੀ ਸਰਕਾਰੀ ਨੀਤੀ ਦੇ ਖਿਲਾਫ ਰਾਜ ਭਰ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪੰਜਾਬ ਖੇਤ ਮਜਦੂਰ ਯੂਨੀਅਨ ਡੀ.ਸੀ. ਦਫਤਰਾਂ ਅੱਗੇ ਦਿਨ ਰਾਤ ਦੇ ਧਰਨੇ ਸ਼ੁਰੂ ਕਰਨ ਦੇ ਸੱਦੇ ਤਹਿਤ ਅੱਜ ਬੀ.ਕੇ.ਯੂ ਉਗਰਾਹਾਂ ਨੇ ਡੀ.ਸੀ. ਦਫਤਰ ਮਾਨਸਾ ਅੱਗੇ ਧਰਨਾ ਸ਼ੁਰੂ ਕਰਕੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ। ਸੰਬੋਧਨ ਕਰਦਿਆਂ ਜਥੇਬੰਦੀ ਦੇ ਜਿਲਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਕੋਰੋਨਾ ਤੋਂ ਲੋਕਾਂ ਨੂੰ ਬਚਾਉਣ ਲਈ ਕੋਈ ਠੋਸ ਕਦਮ ਚੁੱਕਣ ਦੀ ਵਜਾਏ ਆਪਣੀ ਜਿੰਮੇਵਾਰੀਆਂ ਤੋਂ ਭੱਜ ਰਹੀਆਂ ਹਨ। ਕੋਰੋਨਾ ਦੇ ਮਰੀਜਾਂ ਨੂੰ ਛੁੱਟੀ ਦੇ ਕੇ ਘਰਾਂ ਵਿੱਚ ਬੰਦ ਕਰਨ ਦਾ ਜੋ ਤਰੀਕਾ ਅਪਣਾਇਆ ਗਿਆ ਹੈ ਉਹ ਠੀਕ ਨਹੀਂ ਹੈ।
ਕਿਸਾਨ ਆਗੂ ਨੇ ਕਿਹਾ ਕਿ ਜਦੋਂ ਕੋਈ ਮਰੀਜ ਦਾਖਲ ਹੁੰਦਾ ਹੈ ਤਾਂ ਉਸਦੇ ਕੋਲ ਜਾਣ ਵਾਲੇ ਡਾਕਟਰ ਨੂੰ ਬਕਾਇਦਾ ਸੁਰੱਖਿਆ ਕਿੱਟਾਂ ਪਵਾਈਆਂ ਜਾਂਦੀਆਂ ਹਨ ਜਦੋਂ ਕਿ ਘਰਾਂ ਵਿੱਚ ਬੰਦ ਮਰੀਜਾਂ ਦੀ ਸਾਂਭ ਸੰਭਾਲ ਕਰਨ ਵਾਲੇ ਪਰਿਵਾਰਕ ਮੈਂਬਰ ਕੋਲ ਕੋਈ ਸੁਰੱਖਿਅਤ ਕਿੱਟ ਨਹੀਂ ਹੈ।ਉਹਨਾਂ ਸਾਰੇ ਲੋਕਾਂ ਦੇ ਟੈਸਟ ਕਰਨ ਲਈ ਇੱਕ ਵੱਖਰੀ ਮੁਹਿੰਮ ਚਲਾਉਣ, ਪੀੜਤ ਲੋਕਾਂ ਨੂੰ ਹਸਪਤਾਲਾਂ ਵਿੱਚ ਰੱਖਣ , ਡਾਕਟਰ, ਨਰਸਾਂ ਹੋਰ ਭਰਤੀ ਅਤੇ ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਦੀ ਮੰਗ ਕੀਤੀ। ਇਸ ਮੌਕੇ ਭੋਲਾ ਮਾਖਾ, ਜਗਸੀਰ ਦੋਦੜਾ, ਮਲਕੀਤ ਕੋਟ ਧਰਮੂ, ਬਿੱਟੂ ਖੋਖਰ, ਟੋਨੀ ਭੈਣੀ ਬਾਘਾ, ਬੱਲਮ ਸਿੰਘ ਫਫੜੇ ਭਾਈਕੇ, ਜਰਨੈਲ ਟਾਹਲੀਆਂ, ਗੁਰਤੇਜ ਜਟਾਣਾ, ਗੁੱਜਰ ਕੋਟੜਾ ਆਦਿ ਹਾਜਰ ਸਨ।