ਜਗਮੀਤ ਸਿੰਘ
ਭਿੱਖੀਵਿੰਡ, 1 ਮਈ 2020 - ਕਿਰਤੀ ਲੋਕਾਂ ਦੇ ਅਹਿਮ ਦਿਨ “ਮਜਦੂਰ ਦਿਵਸ” ਮੌਕੇ ਕਿਰਤੀ ਲੋਕਾਂ ਤੇ ਮਜਦੂਰ ਜਥੇਬੰਦੀਆਂ ਵੱਲੋਂ ਮਈ ਮਹੀਨੇ ਦੀ ਪਹਿਲੀ ਤਾਰੀਖ ਨੂੰ ਥਾਂ-ਥਾਂ ਲਾਲ ਝੰਡੇ ਚੜ੍ਹਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਥਾਂ-ਥਾਂ ਸ਼ਰਧਾਂਜਲੀਆਂ ਦਿੱਤੀਆਂ ਜਾਂਦੀਆਂ ਸਨ, ਪਰ ਅੱਜ-ਕੱਲ ਦੇ ਦਿਨਾਂ ਅੰਦਰ ਪੂਰੀ ਦੁਨੀਆਂ ‘ਤੇ ਫੈਲੀ ਕੋਰੋਨਾ ਮਹਾਂਮਾਰੀ ਦੌਰਾਨ ਲੱਗੇ ਕਰਫਿਊ ਦੌਰਾਨ ਮਜਦੂਰ ਲੋਕ ਤੇ ਜਥੇਬੰਦੀਆਂ ਇਸ ਦਿਨ ‘ਤੇ ਚੁੱਪ ਰਹੀਆਂ ਅਤੇ ਕੁਝ ਕੁ ਮਜਦੂਰ
ਆਗੂਆਂ ਵੱਲੋਂ ਘਰਾਂ ਦੇ ਕੋਠਿਆਂ ‘ਤੇ ਲਾਲ ਝੰਡੇ ਲਹਿਰਾ ਕੇ ਸ਼ਰਧਾਂਜਲੀ ਦਿੱਤੀਆਂ ਗਈਆਂ। ਪੰਜਾਬ ਦੀ ਰਾਜ ਸੱਤਾ ‘ਤੇ ਬਿਰਾਜਮਾਨ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਵੱਲੋਂ ਸੂਬਾ ਪੰਜਾਬ ਵਿਚ ਘਰਾਂ ਉਤੇ ਤਿਰੰਗੇ ਝੰਡੇ ਲਹਿਰਾ ਕੇ ਕੇਂਦਰ ਸਰਕਾਰ ਖਿਲਾਫ ਰੋਸ ਜਾਹਿਰ ਕੀਤਾ ਗਿਆ, ਜਦੋਂਕਿ ਭਾਜਪਾ ਦੇ ਆਗੂਆਂ ਵੱਲੋਂ ਕੈਪਟਨ ਸਰਕਾਰ ਖਿਲਾਫ ਘਰਾਂ ਵਿਚ ਬੈਠ ਕੇ ਰੋਸ ਮੁਜਾਹਰੇ ਕੀਤੇ ਗਏ। ਪੰਜਾਬ ਵਿਚ ਵਿਰੋਧੀ ਧਿਰ ਦਾ ਰੋਲ ਅਦਾ ਕਰ ਰਹੀ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਸ੍ਰੀ ਹਜੂਰ ਸਾਹਿਬ ਤੋਂ ਸੰਗਤਾਂ ਲੈ ਕੇ ਆ ਰਹੇ ਪੈਪਸੂ ਰੋਡਵੇਜ ਦੇ ਡਰਾਈਵਰ ਮਨਜੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ‘ਤੇ ਕਾਂਗਰਸ
ਸਰਕਾਰ ਵੱਲੋਂ ਦਿੱਤੇ ਗਏ ਦਸ ਲੱਖ ਰੁਪਏ ‘ਤੇ ਇਤਰਾਜ ਪ੍ਰਗਟ ਕਰਦਿਆਂ ਪੀੜਤ ਪਰਿਵਾਰ ਨੂੰ ਪੰਜਾਹ ਲੱਖ ਰੁਪਏ ਦੇ ਨਾਲ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਜਾ ਰਹੀ ਹੈ।
ਜਦੋਂਕਿ ਪਿਛਲੇ ਚਾਲੀ ਦਿਨਾਂ ਤੋਂ ਘਰਾਂ ਵਿਚ ਵਿਹਲੇ ਬੈਠੇ ਮਜਦੂਰਾਂ, ਕਿਰਤੀ ਲੋਕਾਂ, ਦੁਕਾਨਦਾਰਾਂ, ਮੱਧਵਰਗੀ ਲੋਕਾਂ ਦੇ ਹੱਕ ਵਿਚ ਕਿਸੇ ਵੀ ਸਰਕਾਰ ਜਾਂ ਪਾਰਟੀ ਵੱਲੋਂ ਕੋਈ ਆਵਾਜ ਬੁਲੰਦ ਨਹੀਂ ਕੀਤੀ ਗਈ, ਉਥੇ ਸੂਬਾ ਤੇ ਕੇਂਦਰ ਸਰਕਾਰ ਵੱਲੋਂ ਇਹਨਾਂ ਲੋਕਾਂ ਦੀ ਆਰਥਿਕ ਮਦਦ ਵੀ ਨਹੀਂ ਕੀਤੀ ਗਈ।
ਘਰਾਂ ਵਿਚ ਵਿਹਲੇ ਬੈਠੇ ਮਜਦੂਰਾਂ, ਦੁਕਾਨਦਾਰਾਂ ਦੀ ਬਾਂਹ ਫੜੇ ਸਰਕਾਰ : ਦਿਆਲਪੁਰਾ
ਮਈ ਦਿਵਸ ‘ਤੇ ਜਮਹੂਰੀ ਕਿਸਾਨ ਸਭਾ ਦੇ ਆਗੂ ਕਾਮਰੇਡ ਦਲਜੀਤ ਸਿੰਘ ਦਿਆਲਪਰਾ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂ ਦੇ ਫੁੱਲ ਭੇਂਟ ਕੀਤੇ, ਉਥੇ ਸਮੇਂ ਦੀਆਂ ਹਕੂਮਤ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਦਿਨਾਂ ਅੰਦਰ ਮਜਦੂਰ, ਦੁਕਾਨਦਾਰ, ਮੱਧਵਰਗੀ ਲੋਕ ਰੋਟੀ ਲਈ ਸੋਚਾਂ ਵਿਚ ਡੂਬੇ ਪਏ ਹਨ, ਜਦੋਂਕਿ ਕੇਂਦਰ ਤੇ ਰਾਜ ਸਰਕਾਰਾਂ ਡਰਾਮੇਬਾਜੀ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਸਾਡੇ ਦੇਸ਼ ਦੇ ਕੌਮੀ ਪ੍ਰਵਾਨਿਆਂ ਤੇ ਸ਼ਹੀਦਾਂ ਨੇ ਆਪਣਾ ਬਲੀਦਾਨ ਦੇ ਕੇ ਦੇਸ਼ ਭਾਰਤ ਨੂੰ ਆਜਾਦ ਕਰਵਾਇਆ ਸੀ, ਪਰ ਅਸੀਂ ਅੱਜ ਵੀ ਆਜਾਦੀ ਦੀ ਬਜਾਏ ਗੁਲਾਮਾਂ ਵਾਂਗ ਜਿੰਦਗੀ ਜੀਅ ਰਹੇ ਹਨ, ਜਦੋਂਕਿ ਹਕੂਮਤਾਂ ਲੋਕਾਂ ਨੂੰ ਸਿਹਤ ਸੇਵਾਵਾਂ, ਸਿੱਖਿਆ ਤੋਂ ਵਾਂਝਿਆਂ ਕਰ ਰਹੀਆਂ ਹਨ।
ਡਰਾਮੇਬਾਜੀ ਕਰਨ ਦੀ ਬਜਾਏ ਲੋਕਾਂ ਦੀ ਸਾਰ ਲੈਣ ਸਰਕਾਰਾਂ : ਕਾਮਰੇਡ ਬਲਵਿੰਦਰ ਸਿੰਘ
ਸ਼ੋਰੀਆ ਚੱਕਰ ਵਿਜੇਤਾ ਕਾਮਰੇਡ ਬਲਵਿੰਦਰ ਸਿੰਘ ਭਿੱਖੀਵਿੰਡ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਪ੍ਰਣਾਮ ਕਰਦਿਆਂ ਕਿਹਾ ਕਿ ਸ਼ਹੀਦਾਂ ਤੇ ਕੌਮੀ ਪ੍ਰਵਾਨਿਆਂ ਨੇ ਜਿਸ ਮਕਸਦ ਨਾਲ ਆਪਣਾ ਬਲੀਦਾਨ ਦਿੱਤਾ ਸੀ, ਪਰ ਸ਼ਹੀਦਾਂ ਦੇ ਸੁਪਨੇ ਪੂਰੇ ਨਹੀਂ ਹੋ ਰਹੇ, ਸਗੋਂ ਸ਼ਹੀਦਾਂ ਦੇ ਸੁਪਨੇ ਅਧੂਰੇ ਹੀ ਰਹਿ ਗਏ ਹਨ। ਉਹਨਾਂ ਨੇ ਕੇਂਦਰ ਤੇ ਰਾਜ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ‘ਤੇ ਸਰਕਾਰਾਂ ਆਪਣਾ ਸਹੀ ਰੋਲ ਅਦਾ ਕਰਨ ਦੀ ਬਜਾਏ ਡਰਾਮੇਬਾਜੀ ਕਰਕੇ ਬੁੱਤਾ ਸਾਰ ਰਹੀਆਂ ਹਨ।