ਅਸ਼ੋਕ ਵਰਮਾ
- ਬੱਸ ਮਾਲਕਾਂ ਵੱਲੋਂ ਵਿਸ਼ੇਸ਼ ਪੈਕਜ ਦੀ ਮੰਗ
ਬਠਿੰਡਾ, 10 ਮਈ 2020 - ਵਰ੍ਹਿਆਂ ਦੀ ਮੁਸ਼ੱਕਤ ਮਗਰੋਂ ਮਸਾਂ ਲੀਹ ਉੱਤੇ ਪਈ ਪ੍ਰਾਈਵੇਟ ਟਰਾਂਸਪੋਰਟ ਦੀ ਕੋਰੋਨਾ ਵਾਇਰਸ ਕਾਰਨ ਲੱਗੇ ਕਰਫਿਊ ਨੇ ਚਾਲ ਵਿਗਾੜ ਦਿੱਤੀ ਹੈ। 23 ਮਾਰਚ ਤੋਂ ਹੁਣ ਤੱਕ ਨਿੱਜੀ ਬੱਸ ਮਾਲਕਾਂ ਨੂੰ ਕਰੋੜਾਂ ਦਾ ਰਗੜਾ ਲੱਗਾ ਹੈ। ਧਨਾਢ ਘਰਾਣਿਆਂ ਨੂੰ ਇੱਥ ਪਾਸੇ ਰੱਖ ਦੇਈਏ ਤਾਂ ਸਪੱਸ਼ਟ ਨਜ਼ਰ ਆਵੇਗਾ ਕਿ ਛੋਟੇ ਅਤੇ ਮੱਧਮ ਵਰਗ ਤਹਿਤ ਬੱਸ ਕਾਰੋਬਾਰ ਕਰਨ ਵਾਲਿਆਂ ਨੂੰ ਜ਼ਿਆਦਾ ਸੇਕ ਲੱਗਾ ਹੈ। ਹੁਣ ਪ੍ਰਾਈਵੇਟ ਬੱਸ ਮਾਲਕਾਂ ਨੇ ਮੁੱਖ ਮੰਤਰੀ ਨੂੰ ਗੁਹਾਰ ਲਾਈ ਹੈ ਕਿ ਉਨਾਂ ਦੀ ਬਾਂਹ ਫੜੀ ਜਾਵੇ। ਇਹ ਉਹ ਬੱਸ ਮਾਲਕ ਹਨ ਜਿੰਨਾਂ ਨੂੰ ਰੋਜਾਨਾਂ ਦੇ ਟੈਕਸ ਆਦਿ ਉਵੇਂ ਹੀ ਪੈ ਰਹੇ ਹਨ ਜਦੋਂ ਕਿ ਧੰਦਾ ਠੱਪ ਪਿਆ ਹੈ। ਦੀ ਮਾਲਵਾ ਜੋਨ ਪ੍ਰਾਈਵੇਟ ਬੱਸ ਓਪਰੇਟਰ ਐਸੋਸੀਏਸ਼ਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖਿਆ ਹੈ ਜਿਸ ’ਚ ਆਪਣੇ ਹਾਲਾਤਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਰੌਚਕ ਤੱਥ ਹੈ ਕਿ ਸਰਕਾਰ ਨੇ 21 ਮਾਰਚ ਨੂੰ ਲੌਕਡਾਊਨ ਦਾ ਐਲਾਨ ਕੀਤਾ ਸੀ ਪਰ ਬੱਸਾਂ ਨੂੰ ਤਾਂ ਮਾਰ ਕਰੋਨਾ ਵਾਇਰਸ ਦਾ ਸ਼ੋਰ ਸ਼ਰਾਬਾ ਪੈਣ ਮਗਰੋਂ ਹੀ ਸ਼ੁਰੂ ਹੋ ਗਈ ਸੀ। ਪਤਾ ਲੱਗਿਆ ਹੈ ਕਿ ਫਰਵਰੀ ਮਹੀਨਾਂ ਵੀ ਬੱਸ ਮਾਲਕਾਂ ਦਾ ਮੰਦੇ ਦੀ ਭੇਂਟ ਚੜ ਗਿਆ ਕਿਉਂਕਿ ਸਵਾਰੀਆਂ ਰੌਲੇ ਰੱਪੇ ਕਾਰਨ ਗੁਰੇਜ਼ ਕਰਨ ਲੱਗੀਆਂ ਸਨ। ਬੱਸ ਮਾਲਕ ਇਸ ਗੱਲ ਤੋਂ ਵੀ ਡਰੇ ਹੋਏ ਹਨ ਕਿ ਕਰਫਿਊ ਖਤਮ ਕਰਨ ਤੋਂ ਬਾਅਦ ਵੀ ਲੰਮਾਂ ਸਮਾਂ ਸੋਸ਼ਲ ਡਿਸਟੈਂਸਿੰੰਗ ਲਾਗੂ ਰਹਿ ਸਕਦੀ ਹੈ ਜਿਸ ਕਰਕੇ 52 ਸੀਟਾਂ ਵਾਲੀ ਬੱਸ ’ਚ ਮਸਾਂ 25 ਤੋਂ 30 ਸਵਾਰੀਆਂ ਹੀ ਸਫਰ ਕਰ ਸਕਣਗੀਆਂ ਜਦੋਕਿ ਖਰਚੇ ਜਿਓਂ ਦੇ ਤਿਓਂ ਹੀ ਰਹਿਣਗੇ।
ਪ੍ਰਾਈਵੇਟ ਬੱਸ ਇੱਕ ਡਰਾਈਵਰ ਤੇ ਕੰਡਕਟਰ ਦਾ ਕਹਿਣਾ ਸੀ ਕਿ ਇਹ ਮਾਮਲਾ ਸਿਰਫ ਬੱਸ ਮਾਲਕਾਂ ਨਾਲ ਜੁੜਿਆ ਨਹੀਂ ਹੈ ਬਲਕਿ ਡਰਾਈਵਰ ,ਕੰਡਕਟਰ,ਹਾਕਰ,ਗਰੀਸ ਕਰਨ ਵਾਲੇ,ਬੱਸਾਂ ਰਿਪੇਅਰ ਕਰਨ ਵਾਲੇ ਮਿਸਤਰੀ ਅਤੇ ਟਾਇਰ ਮਕੈਨਿਕਾਂ ਦੇ ਚੁੱਲੇ ਬੁਝੇ ਪਏ ਹਨ। ਉਨਾਂ ਆਖਿਆ ਕਿ ਕੈਪਟਨ ਸਰਕਾਰ ਘਰ ਘਰ ਨੌਕਰੀ ਦੀ ਗੱਲ ਕਰਦੀ ਹੈ ਪਰ ਉਨਾਂ ਬਾਰੇ ਸੋਚਦੀ ਨਹੀਂ । ਉਨਾਂ ਆਖਿਆ ਕਿ ਉਨਾਂ ਨੂੰ ਜਲਦੀ ਕੋਈ ਆਸ ਦੀ ਕਿਰਨ ਵੀ ਦਿਖਾਈ ਨਹੀਂ ਦੇ ਰਹੀ ਹੈ। ਉਨਾਂ ਆਖਿਆ ਕਿ ਸਰਕਾਰ ਇੰਨਾਂ ਬੱਸਾਂ ਦੇ ਸਿਰ ਤੇ ਬਲਦੇ ਸੈਂਕੜੇ ਚੁੱਲਿਆਂ ਵੱਲ ਦੇਖੇ। ਮੁਲਾਜਮ ਆਖਦੇ ਹਨ ਕਿ ਇਹ ਬੱਸ ਮਾਲਕ ਛੋਟੇ ਕਾਰੋਬਾਰੀ ਹਨ ,ਧਨਾਢ ਟਰਾਂਸਪੋਰਟਰ ਨਹੀਂ, ਜੋ ਲਗਜ਼ਰੀ ਬੱਸਾਂ ਵਾਲਿਆਂ ਵਾਂਗ ਘਾਟਾ ਝੱਲ ਲੈਣਗੇ।
ਇੱਕ ਪ੍ਰਾਈਵੇਟ ਬੱਸ ਮਾਲਕ ਨੇ ਦੱਸਿਆ ਕਿ ਛੋਟੇ ਕਾਰੋਬਾਰੀ ਕੋਲ ਮਸਾਂ ਅੱਧੀ ਦਰਜਨ ਬੱਸਾਂ ਹਨ ਜਿੰਨਾਂ ’ਚ ਅੱਗਿਓਂ ਕਈ ਕਈ ਹਿੱਸੇਦਾਰ ਹਨ। ਉਨਾਂ ਆਖਿਆ ਕਿ ਉਹ ਆਪਣੀ ਸਾਰੀ ਉਮਰ ਦੀ ਪੂੰਜੀ ਇਸ ਧੰੰਦੇ ‘ਚ ਲਾ ਬੈਠੇ ਹਨ ਅਤੇ ਉੱਪਰੋਂ ਬੈਂਕਾਂ ਤੋਂ ਕਰਜਾ ਚੁੱਕ ਰੱਖਿਆ ਹੈ ਜੋ ਉਨਾਂ ਨੂੰ ਨਂੀਦ ਨਹੀਂ ਆਉਣ ਦੇ ਰਿਹਾ ਹੈ। ਉਨਾਂ ਆਖਿਆ ਕਿ ਬੇਸ਼ੱਕ ਬੈਂਕਾਂ ਨੇ ਕਰਜੇ ਦੀਆਂ ਕਿਸ਼ਤਾਂ ਤਿੰਨ ਮਹੀਨੇ ਲਈ ਅੱਗੇ ਪਾ ਦਿੱਤੀਆਂ ਹਨ ਪਰ ਵਿਆਜ ਤਾਂ ਉਨਾਂ ਨੂੰ ਹੀ ਭਰਨਾ ਪੈਣਾ ਹੈ। ਪ੍ਰਾਈਵੇਟ ਬੱਸ ਮਾਲਕ ਖੁਸ਼ਕਰਨ ਸਿੰਘ ਦਾ ਕਹਿਣਾ ਸੀ ਕਿ ਜਦੋਂ ਦੀਆਂ ਬੱਸਾਂ ਬੰਦ ਹੋਈਆਂ ਹਨ ਉਨਾਂ ਨੂੰ ਰੋਜ਼ਾਨਾ ਲੱਖਾਂ ਰੁਪਏ ਦਾ ਘਾਟਾ ਪ੍ਰ੍ਰਾਈਵੇਟ ਬੱਸ ਮਾਲਕਾਂ ਨੂੰ ਝੱਲਣਾ ਪੈ ਰਿਹਾ ਹੈ। ਉਨਾਂ ਆਖਿਆ ਕਿ ਨਿੱਜੀ ਬੱਸ ਮਾਲਕ ਵੀ ਸਰਕਾਰੀ ਖਜਾਨੇ ’ਚ ਵੱਡਾ ਯੋਗਦਾਨ ਪਾਉਂਦੇ ਹਨ ਇਸ ਲਈ ਸਰਕਾਰ ਉਨਾਂ ਦੀ ਬਾਂਹ ਫੜਨ ਲਈ ਅੱਗੇ ਆਉਣਾ ਚਾਹੀਦਾ ਹੈ।
ਬੱਸ ਮਾਲਕਾਂ ਦੀਆਂ ਮੰਗਾਂ
ਐਸੋਸੀਏਸ਼ਨ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਵੱਡੀ ਬੱਸਾਂ ਅਤੇ ਮਿੰਨਂ ਬੱਸਾਂ ਦਾ ਇੱਕ ਸਾਲ ਲਈ ਮੋਟਰ ਵਹੀਕਲ ਟੈਕਸ,ਟੋਲ ਟੈਕਸ ਤੇ ਅੱਡਾ ਫੀਸ ਮੁਆਫ ਕੀਤੀ ਜਾਏ ਤਾਂ ਜੋ ਉਹ ਆਪਣਾ ਕਾਰੋਬਾਰ ਖੜਾ ਕਰ ਸਕਣ। ਇਸੇ ਤਰਾਂ ਹੀ ਬੱਸ ਚਲਾਉਣ ਲਈ ਡੀਜ਼ਲ ਸਬਸਿਡੀ ਤੇ ਦਿੱਤਾ ਜਾਏ ਅਤੇ ਕਿਰਾਏ ਘਟਾਏ ਜਾਣ ਜਿਸ ਦਾ ਫਾਇਦਾ ਆਮ ਲੋਕਾਂ ਅਤੇ ਟਰਾਂਸਪੋਰਟਰਾਂ ਨੂੰ ਹੋਵੇਗਾ। ਐਸੋਸੀਏਸ਼ਨ ਨੇ ਆਰਬੀਆਈ ਦੇ ਗਵਰਨਰ ਅਤੇ ਨੋਬਲ ਪ੍ਰਾਈਜ਼ ਵਿਜੇਤਾ ਅਭੀਜਤ ਬੈਨਰਜ਼ੀ ਵੱਲੋਂ ਰਾਹੁਲ ਗਾਂਧੀ ਨੂੰ ਛੋਟੇ ਕਾਰੋਬਾਰੀਆਂ ਨੂੰ ਰਾਹਤ ਦੇਣ
ਵਿਸ਼ੇਸ਼ ਰਾਹਤ ਪੈਕੇਜ ਦੇਵੇ ਸਰਕਾਰ
ਦੀ ਮਾਲਵਾ ਜੋਨ ਪ੍ਰਾਈਵੇਟ ਬੱਸ ਓਪਰੇਟਰ ਐਸੋਸੀਏਸ਼ਨ ਦੇ ਕਨਵੀਨਰ ਬਲਤੇਜ ਸਿੰਘ ਦਾ ਕਹਿਣਾ ਸੀ ਕਿ ਇਨਾਂ ਦਿਨਾਂ ਦੌਰਾਨ ਰੂਟਾਂ ਤੋਂ ਆਮਦਨ ਪ੍ਰਭਾਵਿਤ ਹੋਈ ਹੈ ਪ੍ਰੰਤੂ ਅਸਲੀ ਤੱਥ ਕਰਫਿਊ ਖੁੱਲਣ ਅਤੇ ਸਥਿਤੀ ਆਮ ਵਾਂਗ ਹੋਣ ਤੱਕ ਪਤਾ ਲੱਗਣਗੇ। ਉਨਾ ਕਿਹਾ ਕਿ ਲੌਕਡਾਉਨ ਦੇ ਦਿਨਾਂ ਵਿਚ ਬੱਸਾਂ ਦੇ ਖਰਚੇ ਹੀ ਸਿਰ ਪਏ ਹਨ ਕਿਉਂਕਿ ਬੱਸਾਂ ਬੰੰਦ ਕਾਰਨ ਆਮਦਨੀ ਤਾਂ ਹੋਈ ਹੀ ਨਹੀਂ ਅਤੇ ਕਰਫਿਊ ਕਾਰਨ ਰੂਟ ਬੰਦ ਹੀ ਕਰਨੇ ਪਏ ਹਨ। ਉਨਾਂ ਮੰਗ ਕੀਤੀ ਕਿ ਜਦੋਂ ਸਰਕਾਰ ਸ਼ਰਾਬ ਦੇ ਠੇਕਿਆਂ ਬਾਰੇ ਫੈਸਲਾ ਲੈ ਸਕਦੀ ਹੈ ਤਾਂ ਪ੍ਰਾਈਵੇਟ ਟਰਾਂਸਪੋਰਟ ਨੂੰ ਵੀ ਵਿਸ਼ੇਸ਼ ਰਾਹਤ ਪੈਕੇਜ ਦਿੱਤਾ ਜਾਣਾ ਚਾਹੀਦਾ ਹੈ।