ਅਸ਼ੋਕ ਵਰਮਾ
ਬਠਿੰਡਾ, 4 ਅਪ੍ਰੈਲ 2020 - ਅੱਜ ਈ.ਐੱਸ.ਆਈ.ਡਿਸਪੈਂਸਰੀ ਲਹਿਰਾ ਮੁਹੱਬਤ ਵਿਖੇ ਡਾ.ਸਤਪਾਲ ਸਿੰਘ ਮੁੱਖ ਮੈਡੀਕਲ ਅਫ਼ਸਰ ਅਤੇ ਸਮੂਹ ਸਟਾਫ ਵੱਲੋਂ ਪ੍ਰਧਾਨ ਜਗਰੂਪ ਸਿੰਘ ਦੀ ਹਾਜ਼ਰੀ ਵਿੱਚ ਥਰਮਲ ਦੇ ਕੱਚੇ ਮੁਲਾਜ਼ਮਾਂ ਨੂੰ ਆਪਣੇ ਪੱਧਰ ਤੇ ਤਿਆਰ ਕੀਤੇ ਮਾਸਕ ਵੰਡੇ ਗਏ। ਇਸ ਸਮੇਂ ਜਰਨਲ ਸਕੱਤਰ ਜਗਸੀਰ ਸਿੰਘ ਭੰਗੂ ਨੇ ਪੰਜਾਬ ਸਰਕਾਰ ਦੇ ਲੋਕਮਾਰੂ ਰਵਈਏ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਕਿਹਾ ਕਿ ਅੱਜ ਕਰੋਨਾ ਵਾਇਰਸ ਵਿਸ਼ਵ ਪੱਧਰ ਤੇ ਮਹਾਂਮਾਰੀ ਦੇ ਰੂਪ ਵਿੱਚ ਫੈਲਿਆ ਹੋਇਆ ਹੈ ਅਤੇ ਵਿਸ਼ਵ ਸਿਹਤ ਸੰਸਥਾ ਵੱਲੋਂ ਵੀ ਮਹਾਂਮਾਰੀ ਐਲਾਨਿਆ ਗਿਆ ਹੈ ਪਰ ਇਸ ਦੇ ਬਾਵਜੂਦ ਵੀ ਈ.ਐੱਸ.ਆਈ.ਡਿਸਪੈਂਸਰੀ ਵਿੱਚ ਸਿਹਤ ਵਿਭਾਗ ਪੰਜਾਬ ਵੱਲੋਂ ਕਰੋਨਾ ਵਾਇਰਸ ਦੇ ਬਚਾਅ ਲਈ ਮਾਸਕ,ਦਸਤਾਨੇ ਅਤੇ ਸੈਨੀਟੇਜ਼ਰ ਆਦਿ ਹੋਰ ਲੋੜੀਂਦੇ ਉਪਕਰਨ ਨਹੀਂ ਭੇਜੇ ਜਾ ਰਹੇ ਹਨ।
ਈ.ਐੱਸ.ਆਈ.ਡਿਸਪੈਂਸਰੀ ਨਾਲ ਗੁਰੂ ਹਰਗੋਬਿੰਦ ਥਰਮਲ ਪਲਾਂਟ,ਅਲਟਰਾਟੈੱਕ ਸੀਮੈਂਟ ਫੈਕਟਰੀ,ਸਟੈੱਲਕੋ ਇੰਡਸਟਰੀ ਤੋਂ ਇਲਾਵਾ ਹੋਰ ਫੈਕਟਰੀਆਂ ਅਤੇ ਸਕੂਲਾਂ-ਕਾਲਜਾਂ ਦੇ ਤਿੰਨ ਹਜ਼ਾਰ ਦੇ ਕਰੀਬ ਕਾਰਡ ਧਾਰਕ ਜੁੜੇ ਹੋਏ ਹਨ। ਕਾਰਡ ਧਾਰਕ ਬਿਨਾਂ ਸੇਫਟੀ ਉਪਕਰਨਾਂ ਤੋ ਹੀ ਆਪਣੀ ਜਾਨ ਜੋਖ਼ਮ ਵਿੱਚ ਪਾਕੇ ਐਮਰਜੈਂਸੀ ਡਿਉਟੀਆਂ ਨਿਭਾ ਰਹੇ ਹਨ। ਅੱਜ ਜਥੇਬੰਦੀ ਦੇ ਵਫ਼ਦ ਵੱਲੋਂ ਮੁੱਖ ਮੈਡੀਕਲ ਅਫ਼ਸਰ ਨੂੰ ਮੰਗ ਪੱਤਰ ਦਿੱਤਾ ਗਿਆ। ਸਮੂਹ ਆਗੂਆਂ ਨੇ ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਪੰਜਾਬ ਤੋਂ ਮੰਗ ਕਰਦੇ ਹੋਏ ਕਿਹਾ ਕਿ ਈ.ਐੱਸ.ਆਈ.ਡਿਸਪੈਂਸਰੀ ਦੇ ਕਾਰਡ ਧਾਰਕਾਂ ਲਈ ਕਰੋਨਾ ਵਾਇਰਸ ਤੋਂ ਬਚਾਅ ਲਈ ਲੋੜੀਂਦੇ ਉਪਕਰਨ ਜਿਵੇਂ ਕਿ ਮਾਸਕ,ਦਸਤਾਨੇ,ਸੈਨੀਟੇਜ਼ਰ,ਦਵਾਈਆਂ ਆਦਿ ਹੋਰ ਲੋੜੀਂਦੇ ਉਪਕਰਨ ਜਲਦ ਤੋਂ ਜਲਦ ਮੁਹਈਆ ਕਰਵਾਏ ਜਾਣ ਅਤੇ ਈ.ਐੱਸ.ਆਈ.ਡਿਸਪੈਂਸਰੀ ਵਿੱਚ ਇੱਕ ਲੇਡੀਜ਼ ਡਾਕਟਰ,ਬਿੱਲ ਕਲਰਕ,ਕੈਮਿਸਟ ਅਤੇ ਸਫਾਈ ਸੇਵਕ ਦੀ ਜਲਦ ਤਾਇਨਾਤੀ ਕਰਵਾਈ ਜਾਵੇ। ਇਸ ਮੌਕੇ ਨਾਇਬ ਸਿੰਘ,ਪਰਮਜੀਤ ਸਿੰਘ,ਕੁਲਦੀਪ ਸਿੰਘ,ਲਵਪ੍ਰੀਤ ਸਿੰਘ,ਕਿ੍ਰਸ਼ਨ ਕੁਮਾਰ,ਬਲਵਿੰਦਰ ਲਹਿਰਾ,ਅਮਨਦੀਪ ਗੁਰੂਸ਼ਰ ਆਦਿ ਹਾਜ਼ਿਰ ਆਗੂਆਂ ਨੇ ਈ.ਐੱਸ.ਆਈ.ਡਿਸਪੈਂਸਰੀ ਦੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ।