ਹਰਿੰਦਰ ਨਿੱਕਾ
- ਸਿਵਲ ਸਰਜਨ ਤੇ ਦੋਵੇਂ ਐਪੀਡਾਮੋਲੋਜਿਸਟ ਦੀ ਅਗਵਾਈ ਹੇਠ ਸਰਗਰਮ ਹਨ ਮਿਹਨਤੀ ਟੀਮਾਂ
ਸੰਗਰੂਰ, 3 ਅਪ੍ਰੈਲ 2020 - ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਜਾਗਰੂਕਤਾ, ਸ਼ੱਕੀ ਕੇਸਾਂ ਦੇ ਦੇਖ-ਰੇਖ ਅਤੇ ਭਵਿੱਖ ਵਿੱਚ ਕੋਰੋਨਾ ਵਾਇਰਸ ਸਬੰਧੀ ਤਿਆਰੀਆਂ ਨੂੰ ਲੈ ਕੇ ਸਿਹਤ ਵਿਭਾਗ ਦੇ ਮੁਲਾਜ਼ਮ ਦਿਨ-ਰਾਤ ਆਪਣੇ ਕੰਮ ਵਿੱਚ ਜੁਟੇ ਹੋਏ ਹਨ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਸਿਹਤ ਵਿਭਾਗ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸਮੇਂ ਸਿਹਤ ਵਿਭਾਗ ਦੇ ਮੈਡੀਕਲ ਅਤੇ ਪੈਰਾ ਮੈਡੀਕਲ ਸਬੰਧੀ ਮੁਲਾਜ਼ਮ ਕੋਰੋਨਾਵਾਇਰਸ ਸਬੰਧੀ ਗਤੀਵਿਧੀਆਂ ਵਿੱਚ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ ਤਾਂ ਜੋ ਜ਼ਿਲ੍ਹੇ ਵਿੱਚ ਕੋਰੋਨਾਵਾਇਰਸ ਲੋਕਾਂ ਨੂੰ ਪ੍ਰਭਾਵਿਤ ਨਾ ਕਰ ਸਕੇ।
ਥੋਰੀ ਨੇ ਦੱਸਿਆ ਕਿ ਨੋਵਲ ਕੋਰੋਨਾਵਾਇਰਸ ਨੂੰ ਲੈ ਕੇ ਸਿਹਤ ਵਿਭਾਗ ਦੀਆਂ ਜ਼ਿਲ੍ਹੇ ਭਰ ਵਿੱਚ ਚੱਲ ਰਹੀਆਂ ਗਤੀਵਿਧੀਆਂ ਸਬੰਧੀ ਜ਼ਿਲ੍ਹਾ ਪੱਧਰ ਉੱਤੇ ਦਫਤਰ ਸਿਵਲ ਸਰਜਨ ਸੰਗਰੂਰ ਵਿਖੇ ਕੰਟਰੋਲ ਰੂਮ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਕੰਟਰੋਲ ਰੂਮ ਦਿਨ ਰਾਤ ਕੰਮ ਕਰ ਰਿਹਾ ਹੈ ਜਿਸ ਦੀ ਅਗਵਾਈ ਜ਼ਿਲ੍ਹਾ ਐਪੀਡਾਮੋਲੋਜਿਸਟ ਡਾ. ਉਪਾਸਨਾ ਬਿੰਦਰਾ ਅਤੇ ਡਾ. ਸਨਵੀਰ ਰਾਏ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਨੋਵਲ ਕਰੋਨਾਵਾਇਰਸ ਸਬੰਧੀ ਕੋਈ ਜਾਣਕਾਰੀ ਦੀ ਜ਼ਰੂਰਤ ਹੋਵੇ ਜਾਂ ਸ਼ਿਕਾਇਤ ਹੋਵੇ ਤਾਂ ਉਹ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਨੰਬਰ 01672-232304 ਜਾਂ ਸਿਹਤ ਵਿਭਾਗ ਦੇ ਜ਼ਿਲ੍ਹਾ ਕੰਟਰੋਲ ਰੂਮ ਨੰਬਰ 01672-298190 'ਤੇ ਸੰਪਰਕ ਕਰ ਸਕਦਾ ਹੈ।ਸ੍ਰੀ ਥੋਰੀ ਨੇ ਇਸ ਮੌਕੇ ਖ਼ਾਸ ਕਰ ਜ਼ਮੀਨੀ ਪੱਧਰ ਉੱਤੇ ਕੰਮ ਕਰ ਰਹੇ ਮਲਟੀਪਰਪਜ਼ ਹੈਲਥ ਸੁਪਰਵਾਇਜ਼ਰ/ਵਰਕਰ ਮੇਲ ਅਤੇ ਫੀਮੇਲ, ਆਸ਼ਾ ਦੇ ਕੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਮੁਲਾਜ਼ਮ ਆਪਣੀ ਬਿਹਤਰੀਨ ਭੂਮਿਕਾ ਨਿਭਾਅ ਰਹੇ ਹਨ।