ਹਰਿੰਦਰ ਨਿੱਕਾ
- ਜ਼ਿਲ੍ਹੇ ਵਿਚ 31 ਸੈਂਟਰ ਦੇ ਰਹੇ ਹਨ ਨਿਰਵਿਘਨ ਸੇਵਾਵਾਂ: ਸਿਵਲ ਸਰਜਨ
- ਕਰਫਿਊ ਦੌਰਾਨ 8253 ਮਰੀਜ਼ਾਂ ਦਾ ਕੀਤਾ ਜਾ ਚੁੱਕਿਆ ਹੈ ਚੈੱਕਅਪ
ਬਰਨਾਲਾ, 22 ਅਪਰੈਲ 2020 - ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਤੋੋਂ ਬਚਾਅ ਲਈ ਚੱਲ ਰਹੀਆਂ ਗਤੀਵਿਧੀਆਂ ਦੌਰਾਨ ਸਿਹਤ ਵਿਭਾਗ ਦੇ ਹੈਲਥ ਵੈਲਨੈੱਸ ਸੈਂਟਰ ਵਰਦਾਨ ਸਾਬਿਤ ਹੋ ਰਹੇ ਹਨ।
ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਬਰਨਾਲਾ ਵੱਲੋਂ ਜ਼ਿਲ੍ਹੇ ਵਿਚ ਕਰਫਿਊ ਦੌਰਾਨ ਪਿੰਡਾਂ ਦੇ ਲੋਕਾਂ ਨੂੰ ਨਿਰਵਿਘਨ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਲਈ ਜ਼ਿਲ੍ਹੇ ਦੇ ਕੁੱਲ 31 ਹੈਲਥ ਐਂਡ ਵੈਲਨੈੱਸ ਸੈਂਟਰ ਸੇਵਾਵਾਂ ਦੇ ਰਹੇ ਹਨ ਤੇ ਕਰਫਿਊ ਦੌਰਾਨ 8253 ਮਰੀਜ਼ਾਂ ਦਾ ਇਨ੍ਹਾਂ ਸੈਂਟਰਾਂ ’ਚ ਚੈਕਅਪ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਸਿਹਤ ਬਲਾਕ ਧਨੌਲਾ ’ਚ 14, ਸਿਹਤ ਬਲਾਕ ਤਪਾ ਵਿਚ 11 ਤੇ ਸਿਹਤ ਬਲਾਕ ਮਹਿਲ ਕਲਾਂ ਵਿਚ 6 ਹੈਲਥ ਵੈਲਨੈਸ ਸੈਂਟਰ ਸੇਵਾਵਾਂ ਦੇ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ 31 ਹੈਲਥ ਵੈਲਨੈੱਸ ਸੈਂਟਰਾਂ ਵਿਚ ਤਾਇਨਾਤ ਕਮਿਊਨਿਟੀ ਹੈਲਥ ਅਫਸਰਾਂ ਵੱਲੋਂ ਪਿੰਡਾਂ ਵਿੱਚ ਮਰੀਜ਼ਾਂ ਦਾ ਚੈੱਕਅਪ ਕੀਤਾ ਜਾ ਰਿਹਾ ਹੈ ਅਤੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਹਾ ਹੈ। ਉਨ੍ਹਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਜੇਕਰ ਕਿਸੇ ਨੂੰ ਖੰਘ, ਬੁਖਾਰ, ਜੁਕਾਮ ਆਦਿ ਜਿਹੇ ਲੱਛਣ ਹਨ ਤਾਂ ਉਹ ਆਪਣਾ ਚੈੱਕਅਪ ਜ਼ਰੂਰ ਕਰਵਾਏ।
ਸਿਵਲ ਸਰਜਨ ਨੇ ਦੱਸਿਆ ਕਿ ਵਿਭਾਗ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਾਂਗ ਆਮ ਕੰਮ-ਕਾਰ ਵਾਲੇ ਦਿਨਾਂ ਵਿੱਚ ਸਾਰੇ ਦੇ ਸਾਰੇ ਹੈਲਥ ਵੈਲਨੈੱਸ ਸੈਂਟਰ ਖੋਲ੍ਹੇ ਜਾ ਰਹੇ ਹਨ ਅਤੇ ਲੋਕਾਂ ਨੂੰ ਨਿਰਵਿਘਨ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਹੈਲਥ ਵੈਲਨੈੱਸ ਸੈਂਟਰਾਂ ਵਿੱਚ ਜ਼ਿਲੇ ਦੀਆਂ ਬਾਕੀ ਸਿਹਤ ਸੰਸਥਾਵਾਂ ਵਾਂਗ ਮਰੀਜ਼ਾਂ ਦੀ ਓ.ਪੀ.ਡੀ. ਦੌਰਾਨ ਸਮਾਜਿਕ ਦੂਰੀ ਬਣਾ ਕੇ ਰੱਖਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੈਸ਼ਨਲ ਕਾਲ ਸੈਂਟਰ ਅਧੀਨ 011 2397 8046 ਅਤੇ ਜ਼ਿਲਾ ਕੰਟਰੋਲ ਅਧੀਨ 01679-234777, 98721-95649, 76528-95649, 99153-05649 ਨੰਬਰ ਜਾਰੀ ਕੀਤਾ ਗਿਆ ਹੈ, ਜਿਸ ’ਤੇ ਫੋਨ ਕਰ ਕੇ ਵੀ ਸਿਹਤ ਸਲਾਹ ਲਈ ਜਾ ਸਕਦੀ ਹੈ।