ਫਿਰੋਜ਼ਪੁਰ, 24 ਅਪ੍ਰੈਲ 2020 : ਵਿਸ਼ਵ ਮਲੇਰੀਏ ਦਿਹਾੜੇ ਮੌਕੇ ਅੱਜ ਸਿਹਤ ਵਿਭਾਗ ਮਮਦੋਟ ਵਲੋ ਲੋਕਾਂ ਨੂੰ ਮਲੇਰੀਏ ਦੇ ਡੰਕ ਤੋ ਬਚਣ ਦੇ ਨੁਕਤੇ ਸਾਂਝੇ ਕਰਦਿਆਂ ਕਮਿਊਨਿਟੀ ਹੈੱਲਥ ਸੈਂਟਰ ਮਮਦੋਟ ਵੱਲੋਂ ਬਲਾਕ ਮਮਦੋਟ ਅਧੀਨ ਪੈਂਦੇ ਪਿੰਡ ਸਵਾਈ ਕੇ ਵਿਖੇ ਮਲੇਰੀਆਂ ਦੇ ਖਾਤਮੇ ਸਬੰਧੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਦਾ ਆਗਾਜ਼ ਕਰਦਿਆਂ ਬੀਈਈ ਅੰਕੁਸ਼ ਭੰਡਾਰੀ ਤੇ ਸਮੂਹ ਮੇਲ ਵਰਕਰਾਂ ਤੇ ਪਿੰਡ ਦੇ ਸਰਪੰਚ ਮਨਦੀਪ ਸਿੰਘ ਵੱਲੋਂ ਸਾਂਝੇ ਤੌਰ ਤੇ ਉਪਰਾਲਾ ਕਰਦਿਆਂ ਹੋਇਆ ਪਿੰਡ ਦੇ ਛੱਪੜ ਵਿਚ ਮਲੇਰੀਏ ਦੇ ਮੱਛਰ ਨੂੰ ਖਤਮ ਕਰਨ ਵਾਲੀ ਗਮਬੂਸ਼ੀਆ ਫਿਸ਼ ਛੱਡੀ ਗਈ। ਡਾ. ਨਵਦੀਪ ਸਿਵਲ ਸਰਜਨ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ ਡਾ. ਰਜਿੰਦਰ ਮਨਚੰਦਾ ਐੱਸਐੱਮਓ ਮਮਦੋਟ ਦੀ ਅਗਵਾਈ ਹੇਠ ਘੱਟਦੇ ਹੋਏ ਮਲੇਰੀਏ ਨੂੰ ਜੜੋਂ ਖਤਮ ਕਰਨ ਲਈ ਲੋਕਾਂ ਦੀ ਹਿੱੱਸੇਦਾਰ ਦੀ ਅਹਿਮ ਲੋੜ ਤੇ ਜ਼ੋਰ ਦਿੱਤਾ।
ਪੋਲੀਓ ਤੋਂ ਬਾਅਦ ਹੁਣ ਦੇਸ਼ ਨੂੰ ਮਲੇਰੀਆ ਮੁਕਤ ਬਨਾਉਣ ਦਾ ਕਾਰਜ ਵੀ ਆਖਰੀ ਗੇੜ ਵਿਚ ਹੈ। ਡਾ. ਰਜਿੰਦਰ ਮਨਚੰਦਾ ਐੱਸਐੱਮਓ ਮਮਦੋਟ ਨੇ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਸੁਹਿਰਦ ਹੋਣ ਦਾ ਹੌਕਾ ਦਿੰਦਿਆਂ ਕਿਹਾ ਕਿ ਮਲੇਰੀਏ ਦੇ ਪੂਰਨ ਖਾਤਮੇ ਲਈ ਆਮ ਲੋਕਾਂ ਦੀ ਹਿੱਸੇਦਾਰੀ ਦੀ ਅਹਿਮ ਜ਼ਰੂਰਤ ਹੈ ਤਾਂ ਜੋ ਅੰਤ ਦੇ ਕਿਨਾਰੇ ਖੜ੍ਹੀ ਇਸ ਬਿਮਾਰੀ ਨੂੰ ਜੜ੍ਹੋਂ ਪੁਟਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਸੀਐੱਚਸੀ ਮਮਦੋਟ ਅਧੀਨ ਆਉਂਦੀਆਂ 5 ਪੀਐੱਚਸੀਜ਼ ਅਤੇ 33 ਤੇ ਨਾ ਸਿਰਫ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਸਗੋਂ ਮਲੇਰੀਏ ਨੂੰ ਖਤਮ ਕਰਨ ਵਿਚ ਲੋਕਾਂ ਦੀ ਸ਼ਮੂਲੀਅਤ ਕਰਨੀ ਇਸ ਵਿਚ ਯਕੀਨੀ ਬਣਾਈ ਜਾਵੇਗੀ।
ਡਾ. ਮਨਚੰਦਾ ਨੇ ਦੱਸਿਆ ਕਿ ਮਲੇਰੀਆ ਬੁਖਾਰ ਮਾਦਾ ਐਨਾਫ਼ਲੀਜ਼ ਮੱਛਰ ਦੇ ਕੱਟਣ ਨਾਲ ਫ਼ੈਲਦਾ ਹੈ ਅਤੇ ਇਹ ਮੱਛਰ ਖੜ੍ਹੇ ਪਾਣੀ ਵਿਚ ਪੈਦਾ ਹੁੰਦੇ ਹਨ ਜੋ ਕਿ ਦਿਨ ਅਤੇ ਰਾਤ ਵੇਲੇ ਕੱਟਦੇ ਹਨ। ਅੰਕੁਸ਼ ਭੰਡਾਰੀ ਬੀਈਈ ਨੇ ਕਿਹਾ ਕਿ ਬੁਖਾਰ ਦੀ ਸਥਿਤੀ ਵਿਚ ਤੁਰੰਤ ਸਰਕਾਰੀ ਸਿਹਤ ਕੇਂਦਰ ਵਿਚ ਸੰਪਰਕ ਕੀਤਾ ਜਾਵੇ ਅਤੇ ਜ਼ਰੂਰਤ ਪੈਣ 'ਤੇ ਤੁਰੰਤ ਖੂਨ ਦੇ ਟੈਸਟ ਕਰਵਾਏ ਜਾਣ ਤਾਂ ਜੋ ਮਲੇਰੀਏ ਨੂੰ ਪਨਪਨ ਤੋਂ ਪਹਿਲਾਂ ਹੀ ਦਬੋਚਿਆ ਜਾ ਸਕੇ। ਮਲੇਰੀਆ ਬੁਖਾਰ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਅੰਕੁਸ਼ ਭੰਡਾਰੀ ਬੀਈਈ ਅਤੇ ਅਮਰਜੀਤ ਤੇ ਮਹਿੰਦਰਪਾਲ ਐੱਮਪੀਐੱਚ ਡਬਡਯੂ ਮੇਲ ਨੇ ਦੱਸਿਆ ਕਿ ਠੰਢ ਅਤੇ ਕਾਂਬੇ ਨਾਲ ਬੁਖਾਰ, ਸਿਰ ਦਰਦ ਹੋਣਾ, ਬੁਖਾਰ ਉਤਰਣ ਤੋਂ ਬਾਅਦ ਥਕਾਵਟ ਅਤੇ ਕਮਜ਼ੋਰੀ ਹੋਣਾ ਆਦਿ ਦੀ ਸੂਰਤ ਵਿਚ ਤੁਰੰਤ ਨੇੜ੍ਹਲੇ ਸਰਕਾਰੀ ਹਸਪਤਾਲਾਂ ਵਿਚ ਇਲਾਜ ਕਰਵਾਇਆ ਜਾਵੇ।
ਉਨ੍ਹਾਂ ਦੱਸਿਆ ਕਿ ਮਲੇਰੀਆ ਦੇ ਖਾਤਮੇ ਲਈ ਛੱਪੜਾਂ ਵਿਚ ਗਮਬੂਸ਼ੀਆਂ ਫਿਸ਼ ਛੱਡੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਦੀ ਮੱਦਦ ਨਾਲ ਮਲੇਰੀਏ ਅਤੇ ਡੇਂਗੂ ਦੇ ਲਾਰਵੇ ਨੂੰ ਖ਼ਤਮ ਕੀਤਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ਮਲੇਰੀਆ ਤੇ ਡੇਂਗੂ ਜਿਹੀ ਬਿਮਾਰੀ ਤੋਂ ਆਮ ਲੋਕਾਂ ਨੂੰ ਬਚਾਉਣ ਲਈ ਮੱਛਰ ਦਾ ਖਾਤਮਾ ਜ਼ਰੂਰੀ ਹੈ, ਜਿਸ ਲਈ ਘਰਾਂ ਵਿਚਲੇ ਕੂਲਰ ਆਦਿ ਦੇ ਪਾਣੀ ਨੂੰ ਰੋਜ਼ ਬਦਲਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਬਿਮਾਰੀ ਦੀ ਜਾਂਚ ਤੋਂ ਪਹਿਲਾਂ ਟੈਸਟ ਕਰਵਾਏ ਜਾਣੇ ਚਾਹੀਦੇ ਹਨ ਤਾਂ ਜੋ ਸਹੀ ਬਿਮਾਰੀ ਦਾ ਇਲਾਜ ਆਰੰਭਿਆ ਜਾ ਸਕੇ। ਇਸ ਮੌਕੇ ਮਹਿੰਦਰ ਪਾਲ, ਅਮਰਜੀਤ ਸਿੰਘ, ਪਰਮਜੀਤ ਸਿੰਘ ਤੇ ਮੰਗਲ ਸਿੰਘ ਐੱਮਪੀਐੱਚਡਬਲਯੂ ਮੇਲ ਮੌਜ਼ੂਦ ਸਨ।