ਔਖੇ ਸਮੇਂ 'ਚ ਵਿਰੋਧੀ ਧਿਰ ਵਜੋਂ 'ਆਪ' ਨੇ ਨਿਭਾਈ ਬਹੁਪੱਖੀ ਭੂਮਿਕਾ-ਪ੍ਰਿੰਸੀਪਲ ਬੁੱਧ ਰਾਮ
'ਆਪ' ਆਗੂਆਂ ਨੇ ਲੌਕਡਾਊਨ ਦੌਰਾਨ ਪਾਰਟੀ ਵੱਲੋਂ ਚਲਾਈਆਂ ਮੁਹਿੰਮਾਂ ਬਾਰੇ ਦਿੱਤੀ ਜਾਣਕਾਰੀ
ਚੰਡੀਗੜ੍ਹ, 18 ਮਈ 2020: ''ਕੋਰੋਨਾ ਵਾਇਰਸ ਮਹਾਂਮਾਰੀ ਤੋਂ ਬਚਾਅ ਲਈ ਪਿਛਲੀ 22 ਮਾਰਚ ਤੋਂ ਲਾਗੂ ਸਖ਼ਤ ਹੁਕਮਾਂ 'ਚ ਬੇਸ਼ੱਕ ਸਰਕਾਰ ਨੇ ਕੁੱਝ ਸ਼ਰਤਾਂ ਸਹਿਤ ਢਿੱਲ ਘੋਸ਼ਿਤ ਕੀਤੀ ਹੈ, ਪਰੰਤੂ ਇਸ ਨਾਮੁਰਾਦ ਬਿਮਾਰੀ ਬਾਰੇ ਜਾਗਰੂਕਤਾ ਅਤੇ ਸਰਕਾਰਾਂ ਵੱਲੋਂ ਲੋੜਵੰਦਾਂ ਲਈ ਜ਼ਰੂਰੀ ਪ੍ਰਬੰਧਾਂ 'ਚ ਅਜੇ ਹੋਰ ਵੀ ਠੋਸ ਕਦਮ ਉਠਾਉਣ ਦੀ ਲੋੜ ਹੈ, ਕਿਉਂਕਿ ਵੈਕਸੀਨ ਤਿਆਰ ਹੋਣ ਤੱਕ ਇਸ ਬਿਮਾਰੀ ਨੂੰ ਹਲਕੇ 'ਚ ਨਹੀਂ ਲਿਆ ਜਾ ਸਕਦਾ।''
ਸੋਮਵਾਰ ਇੱਥੇ ਮੀਡੀਆ ਦੇ ਰੂਬਰੂ ਹੁੰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਪਾਰਟੀ ਦੀ ਸੂਬਾ ਕੋਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਉਪਰੋਕਤ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਗੈਰੀ ਬੜਿੰਗ, ਸੁਖਵਿੰਦਰ ਸੁੱਖੀ, ਹਰਚੰਦ ਸਿੰਘ ਬਰਸਟ, ਬੁਲਾਰੇ ਗੋਵਿੰਦਰ ਮਿਤੱਲ ਅਤੇ ਸੰਦੀਪ ਸਿੰਗਲਾ ਵੀ ਮੌਜੂਦ ਸਨ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਲੌਕਡਾਊਨ/ਕਰਫ਼ਿਊ ਦੌਰਾਨ ਇਸ ਔਖੀ ਘੜੀ 'ਚ ਆਮ ਆਦਮੀ ਪਾਰਟੀ ਸਿਆਸਤ ਤੋਂ ਉੱਤੇ ਉੱਠ ਕੇ ਜਿੱਥੇ ਸਰਕਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਉੱਥੇ ਆਪਣੇ ਪੱਧਰ 'ਤੇ ਲੋਕਾਂ ਲਈ ਕੋਰੋਨਾ ਮਹਾਂਮਾਰੀ ਬਾਰੇ ਜਾਗਰੂਕਤਾ ਮੁਹਿੰਮਾਂ ਚਲਾਈਆਂ ਅਤੇ ਜ਼ਰੂਰਤਮੰਦਾਂ ਦੀ ਹਰ ਸੰਭਵ ਮਦਦ ਕੀਤੀ।
ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਮੰਡੀਆਂ ਅਤੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਦੀਆਂ ਮੁਸ਼ਕਲਾਂ-ਮੁਸੀਬਤਾਂ ਸਰਕਾਰ ਤੱਕ ਪਹੁੰਚਾਉਣ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ 'ਆਪ ਦੇ ਕੋਰੋਨਾ ਸੇਵਕ' ਮੁਹਿੰਮ ਰਾਹੀਂ 3,56,743 ਲੋਕਾਂ ਨੂੰ ਫ਼ੋਨ 'ਤੇ ਕੋਰੋਨਾ ਵਾਇਰਸ ਤੋਂ ਬਚਾਅ ਬਾਰੇ ਜਾਗਰੂਕ ਕੀਤਾ ਅਤੇ ਫੋਨਾਂ ਰਾਹੀਂ ਮਿਲੀ ਫੀਡ ਬੈਕ ਦੇ ਆਧਾਰ 'ਤੇ ਇਹ ਗੱਲ ਵੀ ਸਾਹਮਣੇ ਆਈ ਕਿ ਕੋਰੋਨਾ ਵਾਇਰਸ ਦੀ ਬਿਮਾਰੀ ਤੋਂ ਬਚਾਅ ਲਈ ਅਜੇ ਵੀ ਵੱਡੇ ਪੱਧਰ 'ਤੇ ਜਾਗਰੂਕਤਾ ਦੀ ਜ਼ਰੂਰਤ ਹੈ। ਇਸੇ ਤਰਾਂ ਸਰਕਾਰ ਨੂੰ ਅਜਿਹੀ ਚੁਨੌਤੀ ਨਾਲ ਨਿਪਟਣ ਲਈ ਵੱਡੇ ਅਤੇ ਕ੍ਰਾਂਤੀਕਾਰੀ ਸੁਧਾਰਾਂ ਦੀ ਜ਼ਰੂਰਤ ਹੈ।
ਇਸ ਮੌਕੇ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ, ''ਅਸੀਂ ਆਲੋਚਨਾ ਲਈ ਆਲੋਚਨਾ ਕਰਨ 'ਚ ਵਿਸ਼ਵਾਸ ਨਹੀਂ ਰੱਖਦੇ, ਪਰੰਤੂ ਕੋਰੋਨਾ ਮਹਾਂਮਾਰੀ ਨੇ ਕੇਂਦਰ ਦੀ ਨਰਿੰਦਰ ਮੋਦੀ ਅਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਅਨੇਕ ਪਹਿਲੂਆਂ ਤੋਂ ਬੁਰੀ ਤਰਾਂ ਪੋਲ ਖੋਲੀ ਹੈ। ਸਰਕਾਰੀ ਸਿਹਤ ਸੇਵਾਵਾਂ, ਸੂਬੇ ਦੀ ਕੰਗਾਲ ਅਰਥ ਵਿਵਸਥਾ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸਾਰੇ ਮੰਤਰੀਆਂ ਦੀ ਅਜਿਹੀ ਚੁਨੌਤੀ ਦਾ ਸਾਹਮਣਾ ਕਰਨ 'ਚ ਨਾ ਕਾਬਲੀਅਤ ਸਭ ਦੇ ਸਾਹਮਣੇ ਆਈ ਹੈ। ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਮੁਸ਼ਕਲਾਂ ਹਾਲਤਾਂ ਨਾਲ ਕਿਵੇਂ ਨਜਿੱਠਿਆ ਜਾਂਦਾ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੋਲੋਂ ਬਹੁਤ ਕੁੱਝ ਸਿੱਕਣਾ ਚਾਹੀਦਾ ਹੈ।
ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਲੌਕਡਾਊਨ ਦੌਰਾਨ 'ਆਪ' ਨੇ ਕੋਰੋਨਾ ਵਿਰੁੱਧ ਮੂਹਰਲੀ ਕਤਾਰ 'ਚ ਖੜ ਕੇ ਲੜ ਰਹੇ ਡਾਕਟਰਾਂ, ਨਰਸਾਂ, ਆਂਗਣਵਾੜੀ ਤੇ ਆਸ਼ਾ ਵਰਕਰਾਂ, ਪੈਰਾਮੈਡੀਕਲ ਸਟਾਫ਼, ਸਫ਼ਾਈ ਸੇਵਕਾਂ, ਪੁਲਸ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਸਲੂਟ ਕੀਤਾ ਅਤੇ ਇਨ੍ਹਾਂ ਯੋਧਿਆਂ 'ਤੇ ਫੁੱਲਾਂ ਦੀ ਵਰਖਾ ਕਰ ਕੇ ਇਨ੍ਹਾਂ ਦਾ ਹੌਸਲਾ ਵਧਾਇਆ। ਇਨ੍ਹਾਂ ਹੀ ਨਹੀਂ ਪੀਆਰਟੀਸੀ ਦੇ ਮ੍ਰਿਤਕ ਡਰਾਈਵਰ ਮਨਜੀਤ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ 'ਮੈਂ ਮਨਜੀਤ ਸਿੰਘ ਹਾਂ' ਮੁਹਿੰਮ ਚਲਾਈ, ਜਿਸ ਦੀ ਬਦੌਲਤ ਸਰਕਾਰ ਨੇ ਕੋਰੋਨਾ ਵਿਰੁੱਧ ਜੰਗ ਲੜ ਰਹੇ ਹਰੇਕ ਠੇਕਾ ਭਰਤੀ ਜਾਂ ਆਊਟਸੋਰਸਿੰਗ 'ਕੋਰੋਨਾ ਸ਼ਹੀਦ' ਕਰਮਚਾਰੀਆਂ ਨੂੰ 50 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇਣ ਦਾ ਫ਼ੈਸਲਾ ਲੈਣਾ ਪਿਆ।
ਇਸ ਤੋਂ ਇਲਾਵਾ 'ਆਪ' ਆਗੂਆਂ ਅਤੇ ਵਰਕਰਾਂ ਨੇ ਲੋੜਵੰਦਾਂ ਨੂੰ ਰਾਸ਼ਨ, ਸੈਨੇਟਾਇਜਰ, ਦਵਾਈਆਂ ਵੰਡੀਆਂ ਉੱਥੇ ਖ਼ੁਦ ਮਸ਼ੀਨਾਂ ਚਲਾ ਕੇ ਵੱਡੇ ਪੱਧਰ 'ਤੇ ਪਿੰਡਾਂ ਅਤੇ ਸ਼ਹਿਰਾਂ ਨੂੰ ਸੈਨੇਟਾਇਜ ਕੀਤਾ।
ਇਸ ਤੋਂ ਬਿਨਾਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਦਿੱਲੀ ਸਰਕਾਰ ਦੇ ਸਹਿਯੋਗ ਨਾਲ ਗੁਰਦੁਆਰਾ ਮਜਨੂੰ ਕਾ ਟਿੱਲਾ ਸਮੇਤ ਦਿੱਲੀ 'ਚ ਫਸੇ ਸੈਂਕੜੇ ਪੰਜਾਬੀਆਂ ਨੂੰ ਪੰਜਾਬ ਲਿਆਉਣ ਲਈ ਪੰਜਾਬ ਸਰਕਾਰ ਦੀ ਮਦਦ ਕੀਤੀ। ਇਸ ਤੋਂ ਬਿਨਾ ਪਾਰਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਵਿਦੇਸ਼ ਮੰਤਰੀ ਅਤੇ ਕੇਂਦਰੀ ਗ੍ਰਹਿ-ਮੰਤਰੀ ਨਾਲ ਸੰਪਰਕ ਕਰ ਕੇ ਦੇਸ਼ ਅਤੇ ਵਿਦੇਸ਼ਾਂ 'ਚ ਫਸੇ ਪੰਜਾਬੀਆਂ ਦੀ ਹਰ ਸੰਭਵ ਮਦਦ ਕੀਤੀ।