ਰਜਨੀਸ਼ ਸਰੀਨ
- ਨਗਰ ਕੋਵਿਡ-19 ਨੂੰ ਹਾਰ ਦੇਣ ਲਈ ਹਰ ਇਕ ਨੇ ਪਾਇਆ ਯੋਗਦਾਨ
- ਜ਼ਿਲ੍ਹਾ ਪ੍ਰਸ਼ਾਸਨ ਨੂੰ ਜਨਤਕ ਮੁਹਿੰਮ ਚਲਾਉਣ ਵਿੱਚ ਗੈਰ-ਸਰਕਾਰੀ ਸੰਸਥਾਵਾਂ ਅਤੇ ਨੇਕ ਸ਼ਖਸੀਅਤਾਂ ਪਾਸੋਂ ਮਿਲਿਆ ਭਰਵਾਂ ਸਹਿਯੋਗ
- ਜ਼ਿਲ੍ਹਾ ਕੰਟਰੋਲ-ਕਮ-ਵਾਰ ਰੂਮ ਅਤੇ ਸਰਪੰਚਾਂ ਨਾਲ ਵੱਟਸਐਪ ਗਰੁੱਪਾਂ ਰਾਹੀਂ ਰਾਬਤਾ ਕਾਇਮ ਕਰਨਾ ਵੀ ਸਹਾਈ ਸਿੱਧ ਹੋਇਆ
- ਲੜਾਈ ਜਿੱਤੀ, ਪਰ ਜੰਗ ਅਜੇ ਮੁੱਕੀ ਨਹੀਂ-ਡਿਪਟੀ ਕਮਿਸ਼ਨਰ ਵਿਨੇ ਬੁਬਲਾਨੀ
ਨਵਾਂਸ਼ਹਿਰ, 24 ਅਪ੍ਰੈਲ 2020 - ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਵਸਨੀਕਾਂ ਲਈ ਬੁੱਧਵਾਰ (22 ਅਪ੍ਰੈਲ) ਦਾ ਦਿਨ ਯਾਦਗਾਰੀ ਅਤੇ ਅਭੁੱਲ ਹੋ ਨਿਬੜਿਆ, ਜਦੋਂ ਕੋਵਿਡ-19 ਤੋਂ ਪੀੜਤ 18ਵੇਂ ਤੇ ਆਖਰੀ ਮਰੀਜ਼ 16 ਵਰ੍ਹਿਆਂ ਦੇ ਨੌਜਵਾਨ ਨੇ ਫੁੱਲਾਂ ਦੀ ਵਰਖਾ ਅਤੇ ਤਾੜੀਆਂ ਦੀ ਗੜਗੜਾਹਟ ਦੌਰਾਨ ਜ਼ਿਲ੍ਹਾ ਹਸਪਤਾਲ ਤੋਂ ਸਿਹਤਯਾਬ ਹੋ ਕੇ ਆਪਣੇ ਘਰ ਵੱਲ ਨੂੰ ਰਵਾਨਗੀ ਪਾਈ।
ਪਿਛਲੇ ਇਕ ਮਹੀਨੇ ਤੋਂ ਬਹੁਤ ਦਬਾਅ ਹੇਠੋਂ ਲੰਘੇ ਰਹੇ ਸਿਹਤ, ਸਿਵਲ, ਪੁਲੀਸ ਸਮੇਤ ਸਾਰੇ ਵਿਭਾਗਾਂ ਨਾਲ ਸਬੰਧਤ ਅਧਿਕਾਰੀਆਂ ਕਰਮਚਾਰੀਆਂ ਨੇ ਸੁਖ ਦਾ ਸਾਹ ਲਿਆ, ਜਦੋਂ ਕਰੋਨਾ ਤੋਂ ਪੀੜਤ ਇਸ ਆਖਰੀ ਮਰੀਜ਼ ਨੂੰ ਸਿਹਤਯਾਬ ਕਰਕੇ ਭੇਜਣ ਦਾ ਸੁਪਨਾ ਸਾਕਾਰ ਹੋ ਗਿਆ। ਇਹ ਪਲ ਦਿਲ ਨੂੰ ਛੂਹਣ ਜਾਣ ਵਾਲੇ ਸਨ ਅਤੇ ਹਸਪਤਾਲ ਦੇ ਸਟਾਫ਼ ਪ੍ਰਤੀ ਧੰਨਵਾਦ ਪ੍ਰਗਟਾਉਣ ਲਈ ਤਾੜੀਆਂ ਦੀ ਗੰੂਜ ਵਿੱਚ ਫੁੱਲ ਦੀਆਂ ਪੱਤੀਆਂ ਦੀ ਵਰਖਾ ਕੀਤੀ ਗਈ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਕਿਹਾ,‘‘ਇਹ ਇਕ ਅਣਕਿਆਸੀ ਜੰਗ ਸੀ ਜੋ ਅਸੀਂ ਕੋਰੋਨਾ ਵਿਰੁੱਧ ਲੜ ਚੁੱਕੇ ਹਾਂ। ਜੇਕਰ ਅਸੀਂ ਉਸ ਵੇਲੇ ਇਲਾਕਾ ਸੀਲ ਨਾ ਕੀਤਾ ਹੁੰਦਾ ਤਾਂ ਸਥਿਤੀ ਬੜੀ ਭਿਆਨਕ ਹੋਣੀ ਸੀ।’’ ਇਸ ਅਗਨੀ ਪ੍ਰੀਖਿਆ ਦੀ ਲਗਾਤਾਰ ਦਿ੍ਰੜਤਾ ਨਾਲ ਅਗਵਾਈ ਕਰਨ ਵਾਲੇ ਡਿਪਟੀ ਕਮਿਸ਼ਨਰ ਨੇ ਕਿਹਾ,‘‘ਅਜੇ ਜੰਗ ਖਤਮ ਨਹੀਂ ਹੋਈ, ਲੜਾਈ ਜਿੱਤ ਲੈਣ ਤੋਂ ਬਾਅਦ ਵੀ ਸਾਨੂੰ ਲਗਾਤਾਰ ਚੌਕਸ ਰਹਿਣਾ ਪਵੇਗਾ।’’
ਇਸ ਲੜਾਈ ਵਿਰੁੱਧ ਘੜੀ ਗਈ ਰਣਨੀਤੀ ਅਤੇ ਤਜਰਬੇ ਸਾਂਝੇ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ,‘‘ਇਹ ਸਮਾਂ ਨਵਾਂਸ਼ਹਿਰ ਵਿੱਚ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਦਾ ਮੌਕਾ ਸੀ। ਮੈਂ ਅਜੇ ਨਿਲਾਮੀ ਵਾਲੀ ਜਗ੍ਹਾ ਪਹੁੰਚਿਆ ਹੀ ਸੀ ਤਾਂ ਸੂਬੇ ਦੇ ਇਕ ਸੀਨੀਅਰ ਅਧਿਕਾਰੀ ਦਾ ਫੋਨ ਆਇਆ ਕਿ ਤੁਰੰਤ ਆਪਣੇ ਜ਼ਿਲ੍ਹੇ ਦੇ ਇਕ ਪਿੰਡ ਨੂੰ ਸੀਲ ਕੀਤਾ ਜਾਵੇ ਜਾਵੇ, ਜਿੱਥੋਂ ਦੇ ਇਕ ਬਜ਼ੁਰਗ ਨਾਗਰਿਕ ਦੀ ਮੌਤ ਹੋਈ ਸੀ ਅਤੇ ਉਹ ਵਿਦੇਸ਼ ਤੋਂ ਪਰਤਿਆ ਸੀ।
ਸਿਵਲ, ਪੁਲੀਸ ਅਤੇ ਸਿਹਤ ਕਰਮੀਆਂ ਨਾਲ ਅਸੀਂ ਤੁਰੰਤ ਮੌਕੇ ’ਤੇ ਪਹੁੰਚੇ।’’ ਸਾਡੇ ਨੌਜਵਾਨ ਆਈ.ਏ.ਐਸ. ਅਧਿਕਾਰੀਆਂ ਏ.ਡੀ.ਸੀ. (ਜ) ਅਦਿੱਤਿਆ ਉਪਲ ਤੇ ਐਸ.ਡੀ.ਐਮ. ਬੰਗਾ ਗੌਤਮ ਜੈਨ ਮੁੱਖ ਰਣਨੀਤੀਕਾਰ ਸਨ, ਜਿਨ੍ਹਾਂ ਨੇ ਇਕ ਹੋਰ ਨੌਜਵਾਨ ਪੁਲੀਸ ਅਫਸਰ ਨਵਨੀਤ ਸਿੰਘ ਮਾਹਿਲ, ਡੀ ਐਸ ਪੀ ਬੰਗਾ ਅਤੇ ਡੀ ਐਸ ਪੀ ਦੀਪਿਕਾ ਸਿੰਘ ਦੀ ਸਹਾਇਤਾ ਨਾਲ ਬਿਨਾਂ ਵਕਤ ਗੁਆਇਆਂ ਪਿੰਡ ਪਠਲਾਵਾ ਨੂੰ ਸੀਲ ਕਰਨਾ ਸ਼ੁਰੂ ਕੀਤਾ। ਹੁਣ ਇਸ ਤੋਂ ਅਗਲੀ ਚੁਣੌਤੀ ਇਹ ਸੀ ਕਿ ਪਿੰਡਾਂ ਵਾਸੀਆਂ ਦਰਮਿਆਨ ਭਰੋਸਾ ਬਹਾਲ ਕਰਨਾ ਅਤੇ ਉਨ੍ਹਾਂ ਨੂੰ ਜ਼ਰੂਰੀ ਵਸਤਾਂ ਦੀ ਸਪਲਾਈ ਮੁਹੱਈਆ ਕਰਵਾਉਣੀ ਸੀ।
ਇਸ ਵੇਲੇ ਕੋਆਪ੍ਰੇਟਿਵ ਦੇ ਡਿਪਟੀ ਰਜਿਸਟਰਾਰ ਜਗਜੀਤ ਸਿੰਘ ਨੇ ਬਹੁਮੰਤਵੀ ਸਹਿਕਾਰੀ ਸਭਾ, ਬੰਗਾ ਰਾਹੀਂ ਸਪਲਾਈ ਯਕੀਨੀ ਬਣਾਉਣ ਵਿੱਚ ਕਾਰਗਰ ਭੂਮਿਕਾ ਨਿਭਾਈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਦੋਂ ਲਗਾਤਾਰ ਹੋਰ ਪਾਜ਼ੇਟਿਵ ਕੇਸ ਸਾਹਮਣੇ ਆਏ ਤਾਂ 23 ਮਾਰਚ ਤੱਕ ਸਾਨੂੰ ਸੰਪਰਕ ਵਧਦੇ ਹੋਣ ਦੇ ਮੱਦੇਨਜ਼ਰ ਪਠਲਾਵਾ ਅਤੇ ਲਧਾਣਾ ਝਿੱਕਾ ਦੇ ਨਾਲ ਲਗਦੇ 15 ਪਿੰਡ ਸੀਲ ਕਰਨੇ ਪਏ।
ਏ.ਡੀ.ਸੀ. ਅਦਿੱਤਿਆ ਉਪਲ ਦੇ ਰੋਲ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਅਧਿਕਾਰੀ ਨੇ ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਅਤੇ ਉਸ ਦੀ ਸਮਰਪਿਤ ਟੀਮ ਦੀ ਸਹਾਇਤਾ ਨਾਲ ਪ੍ਰਭਾਵਿਤ ਇਲਾਕਿਆਂ ਦੇ ਨਮੂਨੇ ਲੈਣ ਵਿੱਚ ਪ੍ਰਮੁੱਖ ਤੌਰ ’ਤੇ ਡਿਊਟੀ ਨਿਭਾਈ। ਸ਼ੁਰੂਆਤ ਵਿੱਚ ਸਾਡੇ ਕੋਲ ਸੱਤ ਰੈਪਿਡ ਰਿਸਪਾਂਸ ਟੀਮਾਂ ਸਨ ਜੋ ਅਸੀਂ ਇਕ ਦਿਨ ਵਿੱਚ ਹੀ ਵਧਾ ਕੇ 26 ਕਰ ਦਿੱਤੀਆਂ। ਇਨ੍ਹਾਂ ਟੀਮਾਂ ਵਿੱਚ ਅਸੀਂ ਪੰਚਾਇਤ ਵਿਭਾਗ ਹੇਠ ਕੰਮ ਕਰਦੇ ਸਾਰੇ ਰੂਰਲ ਮੈਡੀਕਲ ਅਫ਼ਸਰ ਵੀ ਸ਼ਾਮਲ ਕਰ ਦਿੱਤੇ ਜਿਨ੍ਹਾਂ ਨੇ ਬਹੁਤ ਵਧੀਆ ਕੰਮ ਕੀਤਾ। ਹੁਣ ਅਗਲਾ ਫੌਰੀ ਅਹਿਮ ਕਾਰਜ ਵਿਦੇਸ਼ੋਂ ਪਰਤਣ ਵਾਲਿਆਂ ਦੀ ਜਾਂਚ ਦਾ ਸੀ।
ਪੰਜ ਬਾਲ ਵਿਕਾਸ ਤੇ ਪ੍ਰੋਗਰਾਮ ਅਫ਼ਸਰਾਂ ਦੀ ਅਗਵਾਈ ਵਿੱਚ ਜ਼ਿਲ੍ਹੇ ਨੂੰ 25 ਸੈਕਟਰਾਂ ਵਿੱਚ ਵੰਡ ਦਿੱਤਾ ਜਿਨ੍ਹਾਂ ਨਾਲ 759 ਆਂਗਨਵਾੜੀ ਵਰਕਰ ਅਤੇ 25 ਸੁਪਰਵਾਈਜ਼ਰ ਵੀ ਸ਼ਾਮਲ ਸਨ ਅਤੇ ਇਨ੍ਹਾਂ ਨੇ ਵਿਦੇਸ਼ਾਂ ਤੋਂ ਆਉਣ ਵਾਲਿਆਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਏਕਾਂਤਵਾਸ ਵਿੱਚ ਰੱਖਣ ਅਤੇ ਘਰਾਂ ਦੇ ਬਾਹਰ ਏਕਾਂਤਵਾਸ ਦੇ ਸਟਿੱਕਰ ਲਾਉਣ ਲਾਉਣ ਦਾ ਮਹੱਤਵਪੂਰਨ ਕੰਮ ਸਮਰਪਿਤ ਭਾਵਨਾ ਨਾਲ ਕੀਤਾ। ਇਨ੍ਹਾਂ ਵਿਅਕਤੀਆਂ ਦੀ ਨਿਗਰਾਨੀ ਸਦਕਾ ਹੀ ਅਸੀਂ ਜ਼ਿਲ੍ਹੇ ਵਿੱਚ ਕੋਈ ਵੀ ਅਜਿਹਾ ਵਿਅਕਤੀ ਜਾਂਚ ਤੋਂ ਬਿਨਾਂ ਨਹੀਂ ਰਹਿਣ ਦਿੱਤਾ।
ਇਸ ਸਮੇਂ ਦੌਰਾਨ 530 ਆਸ਼ਾ ਵਰਕਰਾਂ ਦੀ ਸਹਾਇਤਾ ਨਾਲ ਜ਼ਿਲ੍ਹੇ ਵਿੱਚ ਵਿਆਪਕ ਪੱਧਰ ’ਤੇ ਜਾਂਚ ਸ਼ੁਰੂ ਕਰ ਦਿੱਤੀ। ਇਨ੍ਹਾਂ ਵਰਕਰਾਂ ਨੇ 1.29 ਲੱਖ ਘਰਾਂ ਤੱਕ ਪਹੁੰਚ ਕਰਕੇ ਕਿਸੇ ਵਿਅਕਤੀ ਵਿੱਚ ਲੱਛਣ ਹੋਣ ਜਾਂ ਨਾ ਹੋਣ ਦੀ ਜਾਂਚ ਕੀਤੀ। ਇਸ ਸਰਵੇਖਣ ਦੇ ਤਿੰਨ ਹੋਰ ਦੌਰ ਪੂਰੇ ਕੀਤੇ ਜਾਣੇ ਹਨ ਅਤੇ ਦੂਸਰੇ ਦੌਰ ਦੀ ਸ਼ੁਰੂਆਤ ਅੱਜ ਤੋਂ ਕਰ ਦਿੱਤੀ ਗਈ ਹੈ।
ਸਿਵਲ ਸਰਜਨ ਡਾ. ਰਜਿੰਦਰ ਭਾਟੀਆ ਨੇ ਦੱਸਿਆ ਕਿ ਸ਼ੁਰੂਆਤ ਵਿੱਚ ਪਠਲਾਵਾ ਅਤੇ ਇਸ ਦੇ ਨਾਲ ਲਗਦੇ ਇਲਾਕਿਆਂ ਵਿੱਚ ਜਾਂਚ ’ਤੇ ਧਿਆਨ ਇਕਾਗਰ ਕੀਤਾ ਗਿਆ ਪਰ ਹੁਣ ਅਸੀਂ ਟੈਸਟ ਦਾ ਦਾਇਰਾ ਉਨ੍ਹਾਂ ਲੋਕਾਂ ਤੱਕ ਵੀ ਵਧਾ ਦਿੱਤਾ ਜਿਨ੍ਹਾਂ ਨੇ ਕੋਵਿਡ ਬਾਰੇ ਕੰਟਰੋਲ ਰੂਮ ਦੇ ਨੰਬਰ 01823-227471 ’ਤੇ ਜਾਂ ਸਾਡੇ ਫੀਲਡ ਸਟਾਫ਼ ਰਾਹੀਂ ਸੰਪਰਕ ਕਾਇਮ ਕੀਤਾ ਸੀ। ਹੁਣ ਤੱਕ 569 ਵਿਅਕਤੀਆਂ ਦੇ ਟੈਸਟ ਕੀਤੇ ਜਾ ਚੁੱਕੇ ਹਨ ਅਤੇ 529 ਵਿਅਕਤੀਆਂ ਦੇ ਟੈਸਟ ਨੈਗੇਟਿਵ ਆਏ ਹਨ ਜਦਕਿ 52 ਵਿਅਕਤੀਆਂ ਦੇ ਮੁੜ ਸੈਂਪਲ ਲਏ ਗਏ ਜਿਨ੍ਹਾਂ ਨੂੰ ਇਸ ਅੰਕੜੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਖੁਸ਼ਕਿਸਮਤੀ ਨਾਲ ਜ਼ਿਲ੍ਹੇ ਵਿੱਚ ਹੋਰ ਕੋਈ ਪਾਜ਼ੇਟਿਵ ਕੇਸ ਸਾਹਮਣੇ ਨਹੀਂ ਆਇਆ ਕਿਉਂ ਜੋ 26 ਮਾਰਚ ਨੂੰ ਆਖਰੀ ਕੇਸ ਪਾਜ਼ੇਟਿਵ ਆਇਆ ਸੀ। ਹੁਣ ਆਈਸੋਲੇਸ਼ਨ ਵਾਰਡਾਂ ਵਿੱਚੋਂ ਸਾਰੇ ਮਰੀਜ਼ਾਂ ਦੀ ਛੁੱਟੀ ਕਰ ਦੇਣ ਤੋਂ ਬਾਅਦ ਸੀਨੀਅਰ ਮੈਡੀਕਲ ਅਫਸਰ ਦੀ ਨਿਗਰਾਨੀ ਹੇਠ ਰਿਪਸਾਂਸ ਟੀਮਾਂ ਦਾ ਪੁਨਰਗਠਨ ਕਰਕੇ 13 ਟੀਮਾਂ ਬਣਾ ਦਿੱਤੀਆਂ ਗਈਆਂ ਹਨ।
ਨੌਜਵਾਨ ਪੀ.ਸੀ.ਐਸ. ਅਧਿਕਾਰੀ ਦੀਪਜੋਤ ਕੌਰ ਦੀ ਕਮਾਂਡ ਹੇਠ ਚੌਵੀ ਘੰਟੇ ਕੰਮ ਕਰਨ ਵਾਲੇ ਜ਼ਿਲ੍ਹਾ ਕੰਟਰੋਲ ਰੂਮ-ਕਮ-ਵਾਰ ਰੂਮ ਦੀ ਭੂਮਿਕਾ ਦਾ ਜ਼ਿਕਰ ਕਰਦਿਆਂ ਸ੍ਰੀ ਬਬਲਾਨੀ ਨੇ ਕਿਹਾ ਕਿ ਕੰਟਰੋਲ ਰੂਮ ਦੀ ਅੱਠ ਲਾਈਨਾਂ ’ਤੇ ਬਹੁਤ ਸਾਰੀਆਂ ਕਾਲਾਂ ਆਈਆਂ ਅਤੇ ਇਨ੍ਹਾਂ ਕਾਲਾਂ ਦੇ ਵੇਰਵਾ ਅੱਡੋ-ਅੱਡ ਕਰਕੇ ਉਸੇ ਸ਼ਾਮ ਸਬੰਧਤ ਐਸ.ਡੀ.ਐਮਜ਼ ਨੂੰ ਭੇਜ ਦਿੱਤਾ ਜਾਂਦਾ ਸੀ।
ਇਹ ਵੀ ਦਿਲਚਸਪ ਗੱਲ ਹੈ ਕਿ ਦੋ ਸਬ ਡਵੀਜ਼ਨਲ ਮੈਜਿਸਟ੍ਰੇਟਾਂ ਜਗਦੀਸ਼ ਸਿੰਘ ਜੌਹਲ ਅਤੇ ਜਸਬੀਰ ਸਿੰਘ ਬਲਾਚੌਰ, ਪਠਵਾਲਾ ਘਟਨਾ ਤੋਂ ਏਨੇ ਜ਼ਿਆਦਾ ਚੌਕਸ ਸਨ ਕਿ ਉਨ੍ਹਾਂ ਨੇ ਆਪੋ-ਆਪਣੀਆਂ ਸਬ-ਡਵੀਜ਼ਨਾਂ ਵਿੱਚ ਮੁਕੰਮਲ ਲੌਕਡਾਊਨ ਰੱਖਿਆ ਅਤੇ ਚੰਗੇ ਭਾਗਾਂ ਨੂੰ ਇਨ੍ਹਾਂ ਦੋਵਾਂ ਸਬ-ਡਵੀਜ਼ਨਾਂ ਤੋਂ ਕੋਈ ਕੇਸ ਸਾਹਮਣੇ ਨਹੀਂ ਆਇਆ।
ਡਿਪਟੀ ਕਮਿਸ਼ਨਰ ਨੇ ਐਸ.ਐਮ.ਓ. ਡਾ.ਹਰਵਿੰਦਰ ਸਿੰਘ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਇਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਮਿਸ਼ਨਰੀ ਭਾਵਨਾ ਨਾਲ ਨਿਭਾਈ ਡਿੳੂਟੀ ਮਿਸਾਲੀ ਅਤੇ ਵਿਲੱਖਣ ਹੈ। ਡਾ.ਹਰਵਿੰਦਰ ਸਿੰਘ ਅਤੇ ਉਨ੍ਹਾਂ ਦੇ ਟੀਮ ਮੈਂਬਰਾਂ ਵੱਲੋਂ ਪੀੜਤ ਵਿਅਕਤੀਆਂ ਦੀ ਹਰੇਕ ਮੰਗ ਉਸੇ ਵੇਲੇ ਪੂਰੀ ਕਰਨ ਅਤੇ ਏਕਾਂਤਵਾਸ ਦੌਰਾਨ ਮਨੋਬਲ ਉੱਚਾ ਰੱਖਣ ਲਈ ਹੱਲਾਸ਼ੇਰੀ ਦੇਣ ਸਦਕਾ, ਸਿਹਤਯਾਬ ਹੋਣ ਵਾਲੇ ਹਰੇਕ ਵਿਅਕਤੀ ਨੇ ਉਨ੍ਹਾਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹੀ ਵੱਡਾ ਕਾਰਨ ਸੀ ਕਿ ਸਾਰੇ ਦੇ ਸਾਰੇ 18 ਮਰੀਜ਼ ਪੂਰੀ ਤਰ੍ਹਾਂ ਸਿਹਤਯਾਬ ਹੋਣ ਵਿੱਚ ਕਾਮਯਾਬ ਹੋਏ।
ਜ਼ਿਲ੍ਹਾ ਪੁਲੀਸ ਮੁਖੀ ਅਲਕਾ ਮੀਨਾ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਪ੍ਰਗਟਾਉਂਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਦੀ ਸਮਰਪਿਤ ਭਾਵਨਾ ਅਤੇ ਸਹਿਯੋਗ ਤੋਂ ਬਿਨਾਂ ਜ਼ਿਲ੍ਹਾ ਵਾਸੀਆਂ ਨੂੰ ਘਰਾਂ ਵਿੱਚ ਰੱਖਣ ਦੇ ਨਾਲ-ਨਾਲ ਲੌਕਡਾੳੂਨ ਦੌਰਾਨ ਕਰਫਿੳੂ ਤੇ ਹੋਰ ਬੰਦਸ਼ਾਂ ਨੂੰ ਅਮਲ ਵਿੱਚ ਲਿਆਉਣਾ ਸੰਭਵ ਨਹੀਂ ਸੀ ਹੋਣਾ। 1500 ਪੁਲੀਸ ਮੁਲਾਜ਼ਮਾਂ ਅਤੇ 240 ਵਾਲੰਟੀਅਰਾਂ ਨੇ ਕਾਰਗਰ ਢੰਗ ਨਾਲ ਜ਼ਿਲ੍ਹੇ ਵਿੱਚ ਨਾਕਾਬੰਦੀ ਕੀਤੀ। ਡੀ.ਐਸ.ਪੀ. ਨਵਨੀਤ ਸਿੰਘ ਮਾਹਲ ਬੰਗਾ, ਜਤਿੰਦਰਜੀਤ ਸਿੰਘ ਬਲਾਚੌਰ ਅਤੇ ਹਰਨੀਲ ਸਿੰਘ ਮੁੱਖ ਰਣਨੀਤੀਕਾਰ ਸਨ ਜਿਨ੍ਹਾਂ ਨੇ ਪਿੰਡਾਂ ਦੇ ਸਰਪੰਚਾਂ ਦਾ ਸਹਿਯੋਗ ਲੈਣ ਲਈ ਉਨ੍ਹਾਂ ਤੱਕ ਸੋਸ਼ਲ ਮੀਡੀਆ ਰਾਹੀਂ ਪਹੁੰਚ ਬਣਾਈ ਅਤੇ ਉਨ੍ਹਾਂ ਨੂੰ ਆਪਣੇ ਵੱਟਸਐਪ ਗਰੁੱਪਾਂ ਵਿੱਚ ਸ਼ਾਮਲ ਕੀਤਾ।
ਟੈਸਟਿੰਗ ਅਤੇ ਪੀ.ਪੀ.ਈ. ਕਿੱਟਾਂ ਦੀ ਢੁਕਵੀਂ ਸਪਲਾਈ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਿਹਤ ਮੰਤਰੀ ਦਰਮਿਆਨ ਪੁਲ ਦਾ ਕੰਮ ਕਰਕੇ ਸਥਾਨਕ ਵਿਧਾਇਕ ਅੰਗਦ ਸਿੰਘ ਵੱਲੋਂ ਨਿਭਾਏ ਮੋਹਰੀ ਅਤੇ ਸਾਕਾਰਤਮਕ ਰੋਲ ਦੀ ਸ਼ਲਾਘਾ ਕਰਦਿਆਂ ਬਬਲਾਨੀ ਨੇ ਕਿਹਾ ਕਿ ਨੌਜਵਾਨ ਵਿਧਾਇਕ ਨੇ ਸੰਕਟ ਦੀ ਘੜੀ ਵਿੱਚ ਬਹੁਤ ਜ਼ਿੰਮੇਵਾਰੀ ਨਾਲ ਜ਼ਿਲ੍ਹੇ ਦੀ ਸੇਵਾ ਕੀਤੀ।
ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਗੈਰ-ਸਰਕਾਰੀ ਸੰਸਥਾਵਾਂ ਅਤੇ ਹੋਰ ਨੇਕ ਸ਼ਖਸੀਅਤਾਂ ਦੇ ਰੋਲ ਦੀ ਪ੍ਰਸੰਸਾ ਕੀਤਾ ਜਿਨ੍ਹਾਂ ਨੇ ‘ਹੈਲਪਿੰਗ ਹੈਂਡ ਐਸ.ਬੀ.ਐਸ. ਨਗਰ ਪੁਲੀਸ’ ਦੇ ਬੈਨਰ ਹੇਠ ਲੋੜਵੰਦ ਲੋਕਾਂ ਤੱਕ ਰਾਸ਼ਨ, ਦਵਾਈਆਂ ਅਤੇ ਹੋਰ ਜ਼ਰੂਰਤਾਂ ਪਹੁੰਚਾਈਆਂ ਤਾਂ ਕਿ ਲੌਕਡਾੳੂਨ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ‘ਕੋਈ ਵੀ ਭੁੱਖਾ ਨਾ ਸੌਂਵੇ’ ਮੁਹਿੰਮ ਤਹਿਤ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਪੇਸ਼ ਨਾ ਆਵੇ। ਡਿਪਟੀ ਕਮਿਸ਼ਨਰ ਨੇ ਗੁਰਦਆਰਾ ਸਿੰਘ ਸਭਾ, ਨਵਾਂਸ਼ਹਿਰ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਜਿਨ੍ਹਾਂ ਨੇ ਜ਼ਿਲ੍ਹਾ ਸਿਵਲ ਹਸਪਤਾਲ ਵਿਖੇ ਆਈਸੋਲੇਸ਼ਨ ਵਾਰਡ ਵਿੱਚ ਏਕਾਂਤਵਾਸ ਹੋਏ ਮਰੀਜ਼ਾਂ ਲਈ ਪੌਸ਼ਟਿਕ ਭੋਜਨ ਮੁਹੱਈਆ ਕਰਵਾਉਣ ਦੀ ਸੇਵਾ ਨਿਭਾਈ।