ਅਸ਼ੋਕ ਵਰਮਾ
- ਸੂਬਾ-ਕਮੇਟੀ ਵੱਲੋਂ ਸਰਬਸੰਮਤੀ ਨਾਲ ਲਿਆ ਅਹਿਮ ਫੈਸਲਾ
ਬਠਿੰਡਾ, 23 ਅਪਰੈਲ 2020 - ਭਾਰਤੀ ਕਿਸਾਨ ਯੂਨੀਅਨ(ਡਕੌਂਦਾ) ਦੀ ਸੂਬਾ-ਕਮੇਟੀ ਨੇ ਸਰਬਸੰਮਤੀ ਨਾਲ ਫੈਸਲਾ ਕਰਦਿਆਂ ਪੰਜਾਬ ਭਰ ਦੇ ਕਿਸਾਨਾਂ ਨੂੰ ਕਣਕ ਦੇ ਨਾੜ/ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ ਦੀ ਅਪੀਲ ਕੀਤੀ ਹੈ। ਯੂਨੀਅਨ ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਅਤੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਵੀਡੀਓ-ਕਾਨਫਰੰਸ ਉਪਰੰਤ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਇਹ ਫੈਸਲਾ ਡਾਕਟਰੀ ਪੇਸ਼ੇ ਨਾਲ ਜੁੜੇ ਕਾਰਕੁਨਾਂ ਵੱਲੋਂ ਇਸ ਪ੍ਰਗਟਾਵੇ ਤੋਂ ਬਾਅਦ ਲਿਆ ਹੈ ਕਿ ਅੱਗ ਦੇ ਧੂੰਏ ਨਾਲ ਸਾਹ ਦੀਆਂ ਬਿਮਾਰੀਆਂ ਵਿੱਚ ਵਾਧਾ ਹੁੰਦਾ ਹੈ ਜਿਸ ਦੇ ਸਿੱਟੇ ਵਜੋਂ ਮਨੁੱਖਾਂ ‘ਤੇ ਕਰੋਨਾ-ਵਾਇਰਸ ਜਿਆਦਾ ਅਤੇ ਜਲਦੀ ਹਮਲਾ ਕਰਦਾ ਹੈ। ਉਨਾਂ ਹਿਾ ਕਿ ਭਾਵੇਂ ਨਾੜ ਨਾ ਫੂਕਣ ਅਤੇ ਇਸਦੀ ਸਾਂਭ-ਸੰਭਾਲ ਲਈ ਕੁੱਝ ਆਰਥਿਕ ਬੋਝ ਕਿਸਾਨੀ ਨੂੰ ਝੱਲਣਾ ਪਵੇਗਾ, ਪਰ ਮਨੁੱਖਤਾ ਦੇ ਭਲੇ ਲਈ ਅਜਿਹਾ ਜਰੂਰੀ ਹੈ।
ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਝੋਨੇ ਦੀ ਲਵਾਈ ਸਬੰਧੀ 13 ਜੂਨ ਜਾਂ ਕੋਈ ਹੋਰ ਤਰੀਕ ਤੈਅ ਕਰਨ ਦੀ ਪਾਬੰਦੀ ਖਤਮ ਕੀਤੀ ਜਾਵੇ, ਕਿਓਂਕਿ ਇਸ ਵਾਰ ਪ੍ਰਵਾਸੀ ਮਜ਼ਦੂਰਾਂ ਦੀ ਘਾਟ ਕਾਰਨ ਝੋਨੇ ਦੀ ਲਵਾਈ ਲਈ ਮਜ਼ਦੂਰਾਂ ਦੀ ਕਮੀ ਪੈ ਸਕਦੀ ਹੈ। ਇਸ ਕਰਕੇ ਸਰਕਾਰ ਕਿਸਾਨਾਂ ‘ਤੇ ਪਾਬੰਦੀ ਦੀਆਂ ਸ਼ਰਤਾਂ ਨਾ ਮੜੇ। ਨਰਮੇ ਦੀ ਪਛੜ ਰਹੀ ਬਿਜਾਈ ਸਬੰਧੀ ਆਗੂਆਂ ਨੇ ਕਿਹਾ ਕਿ ਪੰਜਾਬ ਪਾਵਰਕੌਮ ਕਾਰਪੋਰੇਸ਼ਨ ਨਰਮੇ ਦੀ ਬਿਜਾਈ ਵਾਲੇ ਇਲਾਕਿਆਂ ਲਈ ਬਿਜਲੀ ਦਾ ਪੂਰਾ ਅਤੇ ਪੁਖ਼ਤਾ ਪ੍ਰਬੰਧ ਜਲਦ ਤੋਂ ਜਲਦ ਕਰੇ।
ਝੋਨੇ ਦੀ ਲਵਾਈ ਲਈ ਵੀ ਬਿਜਲੀ ਦੀ ਸਪਲਾਈ 1 ਜੂਨ ਤੋਂ ਹਰ ਹਾਲਤ ਸ਼ੁਰੂ ਕਰ ਦੇਣੀ ਚਾਹੀਦੀ ਹੈ। ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਤੋਂ ਬਚਾਉਣ ਲਈ ਪੱਕੇ ਅਤੇ ਕਿਸਾਨ- ਪੱਖੀ ਸਾਰਥਕ ਪ੍ਰਬੰਧ ਲਈ ਜਸਟਿਸ ਮਹਿਤਾਬ ਸਿੰਘ ਦੀ ਅਗਵਾਈ ਵਿੱਚ ਬਣੀ ਕਮੇਟੀ ਦੀ ਦੀ ਸਰਗਰਮੀ ਵਧਾ ਕੇ ਜਲਦ ਕਿਸੇ ਸਾਰਥਿਕ ਸਿੱਟੇ ‘ਤੇ ਪਹੁੰਚਿਆ ਜਾਵੇ। ਉਨਾਂ ਕਿਹਾ ਕਿ ਪਹਿਲਾਂ ਕੀਤੇ ਵਾਅਦੇ ਮੁਤਾਬਕ ਪਰਾਲੀ ਨੂੰ ਅੱਗ ਲਾਉਣ ਵੇਲੇ ਬਣੇ ਕੇਸਾਂ ਨੂੰ ਵਾਪਿਸ ਲਿਆ ਜਾਵੇ।