ਮਨਿੰਦਰਜੀਤ ਸਿੱਧੂ
- ਐਸ.ਐਸ.ਪੀ. ਡਾ. ਨਾਨਕ ਸਿੰਘ ਅਤੇ ਡੀ. ਐਸ. ਪੀ. ਗੁਰਜੀਤ ਸਿੰਘ ਰੋਮਾਣਾ ਦਾ ਵਿਸ਼ੇਸ਼ ਸਨਮਾਨ
ਜੈਤੋ, 30 ਅਪ੍ਰੈਲ 2020 - ਕੋਰੋਨਾ ਵਾਇਰਸ (ਕੋਵਿਡ-19) ਦੇ ਸੰਕਟ ਸਮੇਂ ਆਪਣੀ ਸਿਹਤ ਜ਼ੋਖ਼ਮ ਵਿਚ ਪਾ ਕੇ ਡਾਕਟਰਾਂ, ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਇਲਾਵਾ ਸਫ਼ਾਈ ਕਰਮਚਾਰੀਆਂ ਵੱਲੋਂ ਜੋ ਸ਼ਲਾਘਾਯੋਗ ਕਾਰਜ ਕੀਤਾ ਜਾ ਰਿਹਾ ਹੈ ਉਸਦੀ ਮਿਸਾਲ ਸਮੇਂ ਦੇ ਇਤਿਹਾਸ ਦਾ ਹਿੱਸਾ ਬਣੇਗੀ। ਇਤਿਹਾਸਕ ਪੰਨਿਆਂ ’ਤੇ ਅੰਕਤ ਹੋਣ ਵਾਲੇ ਯੋਧਿਆਂ ਵਿਚ ਬਠਿੰਡਾ ਦੇ ਸੀਨੀਅਰ ਪੁਲਿਸ ਕਪਤਾਨ ਡਾ. ਨਾਨਕ ਸਿੰਘ (ਆਈ.ਪੀ.ਐਸ.) ਤੋਂ ਇਲਾਵਾ ਡੀ. ਐਸ. ਪੀ. ਬਠਿੰਡਾ ਗੁਰਜੀਤ ਸਿੰਘ ਰੋਮਾਣਾ (ਰਾਸ਼ਟਰਪਤੀ ਮੈਡਲਿਸਟ) ਦਾ ਨਾਂਅ ਸੁਨਹਿਰੇ ਅੱਖਰਾਂ ਵਿਚ ਲਿਖਿਆ ਜਾਵੇਗਾ।
ਜਿਸ ਮੁਸ਼ਤਾਇਦੀ ਤੇ ਸੁਹਿਰਦਤਾ ਨਾਲ ਇਹ ਅਫ਼ਸਰਾਨ ਆਪਣੇ ਅਧੀਨ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਟੀਮ ਨਾਲ ਲੋਕਾਂ ਨੂੰ ਕਰੋਨਾ ਸੰਕਟ ਤੋਂ ਬਚਾਉਣ ਵਿਚ ਜੁਟੇ ਹੋਏ ਹਨ ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਹੈ। ਇਥੋਂ ਤੱਕ ਕਿ ਇਨਾਂ ਵੱਲੋਂ ਕਿਸੇ ਸਿਆਸੀ ਜਾ ਰਈਸੀ ਰਸੂਖ਼ ਵਾਲੇ ਵਿਅਕਤੀ ਨੂੰ ਵੀ ਨਿਯਮਾਂ ਦੀ ਉਲੰਘਣਾ ਕਰਨ ਦੀ ਆਗਿਆ ਨਹੀਂ ਦਿੱਤੀ। ਇਸੇ ਕਰਕੇ ਹੀ ਬਠਿੰਡਾ ਅਜੇ ਤੱਕ ਕਰੋਨਾ ਤੋਂ ਬਚਿਆ ਹੋਇਆ ਹੈ। ਇਨਾਂ ਅਧਿਕਾਰੀਆਂ ਦੇ ਕੰਮ ਨੂੰ ਸਿਜਦਾ ਕਰਦਿਆਂ ਪੰਜਾਬ ਯੂਥ ਕਾਂਗਰਸ ਵਿਧਾਨ ਸਭਾ ਹਲਕਾ ਜੈਤੋ ਦੇ ਪ੍ਰਧਾਨ ਮਨਜਿੰਦਰ ਸਿੰਘ ‘ਹੈਪੀ’ ਰੋਮਾਣਾ ਅਜੀਤ ਸਿੰਘ ਅਤੇ ਸ਼ੇਖ਼ ਫ਼ਰੀਦ ਪ੍ਰੈੱਸ ਕਲੱਬ (ਰਜਿ:) ਜੈਤੋ ਦੇ ਪ੍ਰਧਾਨ ਭੋਲਾ ਸ਼ਰਮਾ ਵੱਲੋਂ ਇਨ੍ਹਾਂ ਅਧਿਕਾਰੀਆਂ ਦਾ ਉਚੇਚਾ ਸਨਮਾਨ ਕਰਦਿਆਂ ਹੋਰ ਪੁਲਿਸ ਕਰਮੀਆਂ ਨੂੰ ਵੀ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ ਗਿਆ।
ਐਸ. ਐਸ. ਪੀ. ਡਾ. ਨਾਨਕ ਸਿੰਘ ਅਤੇ ਡੀ. ਐਸ. ਪੀ. ਗੁਰਜੀਤ ਸਿੰਘ ਰੋਮਾਣਾ ਲਈ ਸਨਮਾਨ ਵਿਚ ਯੋਧਿਆਂ ਦਾ ਪ੍ਰਤੀਕ ਕਿਰਪਾਨ, ਦੁਸ਼ਾਲਾ ਅਤੇ ਮੋਮੈਂਟੋ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਐਸ. ਐਸ. ਪੀ. ਡਾ. ਨਾਨਕ ਸਿੰਘ ਨੇ ਕਿਹਾ ਕਿ ਬਠਿੰਡਾ ਇਲਾਕੇ ਦੇ ਲੋਕਾਂ ਦਾ ਵਿਸ਼ਵਾਸ ਜਿੱਤਣ ਵਿਚ ਅਸੀਂ ਪੂਰੀ ਤਰਾਂ ਸਫ਼ਲ ਰਹੇ ਹਾਂ ਅਤੇ ਕਰੋਨਾ ਸੰਕਟ ਜਿਹੇ ਨਾਜ਼ੁਕ ਮੌਕੇ ’ਤੇ ਇਹ ਸਭ ਲੋਕਾਂ ਦੇ ਸਹਿਯੋਗ ਨਾਲ ਹੀ ਸੰਭਵ ਰਿਹਾ ਹੈ।
ਡੀ. ਐਸ. ਪੀ. ਗੁਰਜੀਤ ਸਿੰਘ ਰੋਮਾਣਾ ਨੇ ਕਿਹਾ ਕਿ ਉਨਾਂ ਦੀ ਟੀਮ ਐਸ. ਐਸ. ਪੀ. ਡਾ. ਨਾਨਕ ਸਿੰਘ ਦੀ ਅਗਵਾਈ ਵਿਚ ਆਪਣੀ ਜਾਨ ਦਾਅ ’ਤੇ ਲਾ ਕੇ ਆਮ ਲੋਕਾਂ ਦੀ ਹਿਫ਼ਾਜ਼ਤ ਲਈ ਤਤਪਰ ਹੈ ਅਤੇ ਅੱਗੋਂ ਵੀ ਰਹੇਗੀ। ਯੂਥ ਆਗੂ ਮਨਜਿੰਦਰ ਸਿੰਘ ‘ਹੈਪੀ’ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਅਜੋਕੇ ਸੰਕਟ ਸਮੇਂ ਆਪਣੀ ਜਾਨ ’ਤੇ ਖੇਡ ਕੇ ਲੋਕਾਂ ਲਈ ਸੰਘਰਸ਼ ਕਰ ਰਹੀ ਪੁਲਿਸ, ਡਾਕਟਰਾਂ ਅਤੇ ਖ਼ਾਸ ਕਰ ਸਫ਼ਾਈ ਕਰਮਚਾਰੀਆਂ ਨੂੰ ਯੋਧਿਆਂ ਦੇ ਲਕਬ ਨਾਲ ਨਿਵਾਜ਼ਦੀ ਹੈ। ਇਸ ਮੌਕੇ ਪ੍ਰਦੀਪ ਸੋਨੀ ਬਠਿੰਡਾ ਅਤੇ ਅੰਕੁਸ਼ ਬਾਂਸਲ ਜੈਤੋ ਹਾਜ਼ਰ ਸਨ।