ਅਸ਼ੋਕ ਵਰਮਾ
- ਡੀਜਲ- ਪੈਟਰੋਲ ਦੀਆਂ ਕੀਮਤਾਂ ‘ਚ ਵਾਧੇ ਤੇ ਭੜਕੇ ਆਗੂ
ਬਠਿੰਡਾ, 7 ਮਈ 2020 - ਭਾਰਤੀ ਕਿਸਾਨ ਯੂਨੀਅਨ(ਡਕੌਂਦਾ) ਨੇ ਤੇਲ ਦੀਆਂ ਵਧੀਆਂਂ ਕੀਮਤਾਂ ਦਾ ਸਖ਼ਤ ਵਿਰੋਧ ਕੀਤਾ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਜਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ, ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ ਨੇ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਜਦੋਂ ਇੱਕ ਪਾਸੇ ਕਰੋਨਾ ਵਾਇਰਸ ਸੰਕਟ ਦੌਰਾਨ ਸੰਸਾਰ ਪੱਧਰ ‘ਤੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਆਈ ਹੈ, ਜੋ ਘਟਕੇ ਮਹਿਜ 18.10 ਡਾਲਰ ਫੀ ਬੈਰਲ ਰਹਿ ਗਈ ਹੈ, ਤਾਂ ਉਸ ਸਮੇਂ ਕੇਂਦਰ ਅਤੇ ਪੰਜਾਬ ਸਰਕਾਰ ਰਲਕੇ ਆਮ ਲੋਕਾਂ ਦੀਆਂ ਜੇਬਾਂ ‘ਤੇ ਡਾਕਾ ਮਾਰਨ ਤੇ ਤੁਲੇ ਹੋਏ ਹਨ।
ਉਨਾਂ ਕਿਹਾ ਕਿ ਬਣਦਾ ਤਾਂ ਇਹ ਸੀ ਕਿ ਕਰੋਨਾ ਦੀ ਮਾਰ ਝੱਲ ਰਹੇ ਮੁਲਕ ਦੇ 137 ਕਰੋੜ ਲੋਕਾਂ ਦੀਆਂ ਮੁਸ਼ਕਲਾਂ ਨੂੰ ਘੱਟ ਕਰਨ ਲਈ ਕੌਮਾਂਤਰੀ ਮੰਡੀ ਵਿੱਚ ਘਟੀਆਂ ਤੇਲ ਦੀਆਂ ਕੀਮਤਾਂ ਦਾ ਫਾਇਦਾ ਡੀਜਲ, ਪੈਟਰੋਲ ਅਤੇ ਗੈਸ ਦੀਆਂ ਕੀਮਤਾਂ ਘੱਟ ਕਰਕੇ ਆਮ ਲੋਕਾਂ ਨੂੰ ਦਿੱਤਾ ਜਾਂਦਾ ਜਦੋਂਕਿ ਕੇਂਦਰ ਸਰਕਾਰ ਨੇ ਮੰਗਲਵਾਰ ਦੀ ਰਾਤ ਤੋਂ ਕੌਮਾਂਤਰੀ ਮੰਡੀ ਵਿੱਚ ਤੇਲ ਦੀਆਂ ਘਟੀਆਂ ਕੀਮਤਾਂ ਨੂੰ ਆਪਣਾ ਖਜ਼ਾਨਾ ਭਰਨ ਦੇ ਮਕਸਦ ਨਾਲ ਪੈਟਰੋਲ ’ਤੇ 10 ਰੁਪਏ ਫੀ ਲੀਟਰ ਅਤੇ ਡੀਜਲ ਉੱਪਰ 13 ਰੁਪਏ ਫੀ ਲੀਟਰ ਐਕਸਾਈਜ਼ ਡਿਊਟੀ ਵਧਾ ਦਿੱਤੀ ਹੈ।
ਉਨਾਂ ਕਿਹਾ ਕਿ ‘ਤਾਏ ਦੀ ਚੱਲੀ- ਮੈਂ ਕਿਉਂ ਰਹਾਂ ਕੱਲੀ’ ਦੀ ਤਰਜ ਦੇ ਚਲਦਿਆਂ ਪੰਜਾਬ ਸਰਕਾਰ ਨੇ ਡੀਜਲ ਅਤੇ ਪੈਟਰੋਲ ਦੀਆਂ ਕੀਮਤਾਂ ‘ਤੇ ਵੈਟ ਡੀਜਲ 15.15 ਫੀਸਦੀ ਅਤੇ ਪੈਟਰੋਲ 23.3 ਫੀਸਦੀ ਕਰ ਦਿੱਤਾ ਹੈ ਜਿਸ ਦਾ ਸਿੱਟਾ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਪ੍ਰਤੀ ਲੀਟਰ 2-2 ਰੁਪਏ ਮਹਿੰਗੀਆਂ ਦੇ ਰੂਪ ’ਚ ਨਿਕਲਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਬੇਮੌਸਮੀ ਬਾਰਸ਼ਾਂ ਤੇ ਗੜੇਮਾਰੀ ਕਰਕੇ ਕੁੱਝ ਜਿਲਿਆਂ ’ਚ ਕਣਕ ਕੀਮਤ ’ਚ ਕਟੌਤੀ ਕਰਕੇ ਘਟੇ ਹੋਏ ਝਾੜ ਦਾ ਨੁਕਸਾਨ ਵੀ ਪੰਜਾਬ ਦੀ ਕਿਸਾਨੀ ਨੂੰ ਸਹਿਣ ਕਰਨਾ ਪੈ ਰਿਹਾ ਹੋਵੇ ਤਾਂ ਡੀਜਲ ਅਤੇ ਪਟਰੋਲ ਦੀਆਂ ਕੀਮਤਾਂ ’ਚ ਵਾਧਾ ਕਿਸਾਨਾਂ ਸਮੇਤ ਆਮ ਲੋਕਾਂ ਦੇ ਜਖਮਾਂ ਤੇ ਲੂਣ ਛਿੜਕਣ ਬਰਾਬਰ ਹੈ ਜਿਸ ਨੂੰ ਕਿਸਾਨ ਬਰਦਾਸ਼ਤ ਨਹੀਂ ਕਰਨਗੇ ਅਤੇ ਇਸ ਦੇ ਵਿਰੁੱਧ ਸੰਘਰਸ਼ ਕੀਤਾ ਜਾਵੇਗਾ।