ਅਸ਼ੋਕ ਵਰਮਾ
ਬਠਿੰਡਾ, 18 ਜੂਨ 2020: ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਅੱਜ ਇੱਥੇ ਆਖਿਆ ਕਿ ਮਿਸ਼ਨ ਫ਼ਤਿਹ ਤਹਿਤ ਜ਼ਿਲੇ ਨੂੰ ਕੋਵਿਡ ਮੁਕਤ ਕਰਨ ਲਈ ਇਸ ਮੁਹਿੰਮ ’ਚ ਆਮ ਲੋਕਾਂ ਦੀ ਸ਼ਮੂਲੀਅਤ ਜ਼ਰੂਰੀ ਹੈ, ਜਿਸ ਲਈ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਇਹ ਹਫ਼ਤਾ ਵੱਖ-ਵੱਖ ਜਨਤਕ ਜਾਗਰੂਕਤਾ ਗਤੀਵਿਧੀਆਂ ਨੂੰ ਸਮਰਪਿਤ ਕੀਤਾ ਗਿਆ ਹੈ। ਸ੍ਰੀ ਬੀ ਸ੍ਰੀ ਨਿਵਾਸਨ ਨੇ ਦੱਸਿਆ ਕਿ ਇਸ ਤਹਿਤ ਅੱਜ ਜ਼ਿਲੇ ਵਿਚ 18 ਪ੍ਰਚਾਰ ਵਾਹਨਾਂ ਨੇ ਜ਼ਿਲੇ ਦੇ 9 ਬਲਾਕਾਂ ਵਿਚ ਲੋਕਾਂ ਨੂੰ ਜਾਗਰੂਕ ਕੀਤਾ ਕਿ ਲੋਕ ਕੋਵਿਡ ਤੋਂ ਬਚਾਅ ਲਈ ਮਾਸਕ ਪਾਉਣ, ਸਮਾਜਿਕ ਦੂਰੀ ਰੱਖਣ ਅਤੇ ਹੱਥ ਧੋਣ ਨੂੰ ਰੋਜ਼ਾਨਾ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਬਣਾਉਣ। ਉਨਾਂ ਕਿਹਾ ਕਿ ਜੇਕਰ ਅਸੀਂ ਰਾਜ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਆਪਣੇ ਆਪ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਦਿੱਤੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਾਂਗੇ ਤਾਂ ਯਕੀਨਨ ਆਪ ਤਾਂ ਇਸ ਤੋਂ ਬਚਾਂਗੇ ਹੀ, ਨਾਲ ਹੀ ਆਪਣੇ ਪਰਿਵਾਰ, ਆਂਢ-ਗੁਆਂਢ ਅਤੇ ਅੱਗੋਂ ਜ਼ਿਲੇ ਅਤੇ ਰਾਜ ਨੂੰ ਇਸ ਦੇ ਹੋਰ ਫੈਲਣ ਤੋਂ ਰੋਕ ਲਵਾਂਗੇ।
ਉਨਾਂ ਕਿਹਾ ਕਿ ਬਠਿੰਡਾ ਜ਼ਿਲੇ ਨੇ ਦੇ ਲੋਕਾਂ ਨੇ ਸੂਝਬੂਝ ਨਾਲ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਸੂਬੇ ਵਿਚ ਮੋਹਰੀ ਭੁਮਿਕਾ ਨਿਭਾਈ ਹੈ। ਉਨਾਂ ਹਰ ਇੱਕ ਨੂੰ ਆਪਣੇ ਮੋਬਾਇਲ ’ਤੇ ਕੋਵਾ ਐਪ ਡਾਊਨਲੋਡ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਤਰਾਂ ਕਰਨ ਨਾਲ ਜੇਕਰ ਅਸੀਂ ਖੁਦ ਵੀ ਕਿਸੇ ਮੌਕੇ ਬਿਮਾਰੀ ਤੋਂ ਪੀੜਤ ਹੁੰਦੇ ਹਾਂ ਤਾਂ ਸਰਕਾਰ ਅਤੇ ਸਿਹਤ ਵਿਭਾਗ ਨੂੰ ‘ਸੰਪਰਕ ਲੱਭਣ’ (ਕਾਨਟੈਕਟ ਟਰੇਸਿੰਗ) ’ਚ ਵੱਡੀ ਮੱਦਦ ਮਿਲਦੀ ਹੈ। ਉਨਾਂ ਦੱਸਿਆ ਕਿ ਕੋਵਾ ਐਪ ਡਾਊਨਲੋਡ ਕਰਨ ਬਾਅਦ ਜੇਕਰ ਮੋਬਾਇਲ ’ਤੇ ਇੰਟਰਨੈਟ ਦੇ ਨਾਲ ਬਲੂਟੁੱਥ ਵੀ ਚਲਦਾ ਰਹੇ ਤਾਂ ਇਹ ਐਪ ਸਾਨੂੰ ਆਸ ਪਾਸ ਕੋਵਿਡ ਪੀੜਤ ਦੇ ਹੋਣ ਬਾਰੇ ਖਬਰਦਾਰ ਵੀ ਕਰਦੀ ਰਹਿੰਦੀ ਹੈ।
ਉਨਾਂ ਦੱਸਿਆ ਕਿ ਮਿਸ਼ਨ ਫ਼ਤਿਹ ਨਾਲ ਆਪਣੀ ਪ੍ਰਤੀਬੱਧਤਾ ਜ਼ਾਹਿਰ ਕਰਨ ਲਈ ਅਸੀਂ ਕੋਵਾ ਐਪ ਦੇ ਲੈਂਡਿੰਗ ਪੇਜ (ਵੀਡਿਓ ਵਾਲਾ ਪੇਜ) ’ਤੇ ‘ਜੁਆਇਨ ਮਿਸ਼ਨ ਫ਼ਤਿਹ’ ਨੂੰ ਕਲਿਕ ਕਰਕੇ ਅਸੀਂ ਆਪਣੇ ਸ਼ਹਿਰ ਅਤੇ ਜ਼ਿਲੇ ਦਾ ਨਾਮ ਭਰ ਕੇ ਸਰਕਾਰ ਵੱਲੋਂ ਚਲਾਈ ‘ਮਿਸ਼ਨ ਯੋਧਾ’ ਮੁਕਾਬਲੇ ’ਚ ਵੀ ਭਾਗ ਲੈ ਸਕਦੇ ਹਾਂ। ਅਸੀਂ ਆਪਣਾ ਰੈਫ਼ਰਲ ਕੋਡ ਅੱਗੇ ਆਪਣੇ ਜਾਣਕਾਰਾਂ ’ਚ ਸਾਂਝਾ ਕਰਕੇ ਉਨਾਂ ਨੂੰ ਵੀ ਐਪ ’ਤੇ ਮਿਸ਼ਨ ਫ਼ਤਿਹ ’ਚ ਸ਼ਾਮਿਲ ਹੋਣ ਅਤੇ ਪ੍ਰਤੀਯੋਗਿਤਾ ’ਚ ਭਾਗ ਲੈ ਕੇ ਆਪਣੇ ਅੰਕ ਵਧਾਉਣ ਲਈ ਪ੍ਰੇਰਿਤ ਕਰ ਸਕਦੇ ਹਾਂ। ਇਸ ਪ੍ਰਤੀਯੋਗਿਤਾ ਦੇ ਜੇਤੂਆਂ ਨੂੰ ਬਾਅਦ ’ਚ ਟੀ-ਸ਼ਰਟਾਂ ਅਤੇ ਬੈਜ ਇਨਾਮ ਵਜੋਂ ਦਿੱਤੇ ਜਾਣਗੇ। ਇਸ ਮੌਕੇ ਜ਼ਿਲਾ ਲੋਕ ਸੰਪਰਕ ਅਫ਼ਸਰ ਭੁਪਿੰਦਰ ਸਿੰਘ ਬਰਾੜ, ਸਹਾਇਕ ਲੋਕ ਸੰਪਰਕ ਅਫ਼ਸਰ ਗੁਰਦਾਸ ਸਿੰਘ ਵੀ ਹਾਜਰ ਸਨ।