← ਪਿਛੇ ਪਰਤੋ
ਹਰੇਕ ਲਾਭਪਾਤਰੀ ਨੂੰ ਤਿੰਨ ਮਹੀਨੇ ਲਈ ਦਿੱਤਾ ਜਾ ਰਿਹਾ ਹੈ ਮੁਫ਼ਤ ਕਣਕ ਤੇ ਦਾਲ ਦਾ ਰਾਸ਼ਨ ਹਰੀਸ਼ ਕਾਲੜਾ ਰੂਪਨਗਰ, 25 ਮਈ 2020 : ਰੂਪਨਗਰ ਜ਼ਿਲੇ 'ਚ ਕੋਵਿਡ ਲਾਕਡਾਊਨ ਦੌਰਾਨ ਗਰੀਬ ਪਰਿਵਾਰਾਂ ਨੂੰ ਰਾਹਤ ਦੇਣ ਲਈ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ 82.20 ਫ਼ੀਸਦੀ ਕਣਕ ਅਤੇ ਦਾਲ ਦੀ ਵੰਡ ਮੁਕੰਮਲ ਕਰ ਲਈ ਗਈ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲਾ ਖੁਰਾਕ ਤੇ ਸਪਲਾਈ ਕੰਟਰੋਲਰ ਸ: ਸਤਵੀਰ ਸਿੰਘ ਮਾਵੀ ਨੇ ਦੱਸਿਆ ਕਿ ਖੁਰਾਕ ਤੇ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਦੀਆਂ ਹਦਾਇਤਾਂ ਅਨੁਸਾਰ ਅਨਾਜ ਵੰਡ 'ਚ ਮੁਕੰਮਲ ਤੌਰ 'ਤੇ ਪਾਰਦਰਸ਼ਤਾ ਬਣਾਈ ਰੱਖਣ ਲਈ 'ਐਂਡ ਤੋਂ ਐਂਡ ਕੰਪਿਊਟ੍ਰਾਈਜ਼ੇਸ਼ਨ' ਦੀ ਪਾਲਣਾ ਕੀਤੀ ਗਈ ਹੈ। ਉਨਾਂ ਨੇ ਕਿਹਾ ਕਿ ਖੁਰਾਕ ਤੇ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨਿੱਜੀ ਤੌਰ ਤੇ ਅਨਾਜ ਵੰਡ ਪ੍ਰਕ੍ਰਿਆ ਦੀ ਨਿਗਰਾਨੀ ਕਰ ਰਹੇ ਹਨ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਯੋਗ ਲਾਭਪਾਤਰੀ ਅਨਾਜ ਤੋਂ ਵਾਂਝਾ ਨਾ ਰਹੇ। ਉਨਾਂ ਦੱਸਿਆ ਕਿ ਕੌਮੀ ਅੰਨ ਸੁਰੱਖਿਆ ਮਿਸ਼ਨ ਤਹਿਤ ਇਸ ਅਨਾਜ ਦਾ ਲਾਭ ਜ਼ਿਲੇ ਦੇ ਆਟਾ-ਦਾਲ ਤੇ ਅੰਨਤੋਦਿਆ ਕਾਰਡ ਲਾਭਪਾਤਰੀ ਪਰਿਵਾਰਾਂ ਨੂੰ ਦਿੱਤਾ ਜਾਣਾ ਹੈ ਅਤੇ ਅਗਲੇ ਹਫਤੇ 'ਚ ਅਨਾਜ ਦੀ ਵੰਡ 100 ਫ਼ੀਸਦੀ 'ਤੇ ਪੁੱਜ ਜਾਵੇਗੀ। ਇਸ ਅਨਾਜ ਵੰਡ ਤਹਿਤ ਗਰੀਬ ਪਰਿਵਾਰਾਂ ਨੂੰ 5 ਕਿੱਲੋਗ੍ਰਾਮ ਪ੍ਰਤੀ ਜੀਅ ਪ੍ਰਤੀ ਮਹੀਨਾ ਕਣਕ ਭਾਵ ਤਿੰਨ ਮਹੀਨੇ ਲਈ 15 ਕਿਲੋ ਕਣਕ ਪ੍ਰਤੀ ਜੀਅ ਅਤੇ ਇੱਕ ਕਿਲੋਗ੍ਰਾਮ ਪ੍ਰਤੀ ਪਰਿਵਾਰ ਪ੍ਰਤੀ ਮਹੀਨਾ ਦਾਲ ਭਾਵ ਪ੍ਰਤੀ ਪਰਿਵਾਰ 3 ਕਿਲੋਗ੍ਰਾਮ ਦਾਲ ਇੱਕਠੀ ਤਿੰਨ ਮਹੀਨੇ ਲਈ ਦਿੱਤੀ ਜਾ ਰਹੀ ਹੈ। ਇਹ ਅਨਾਜ ਅਪਰੈਲ ਤੋਂ ਜੂਨ ਤੱਕ ਤਿੰਨ ਮਹੀਨਿਆਂ ਦਾ ਦਿੱਤਾ ਜਾ ਰਿਹਾ ਹੈ, ਜਿਸ ਤਹਿਤ ਉਨਾਂ ਪਾਸੋਂ ਕੋਈ ਪੈਸਾ ਨਹੀਂ ਲਿਆ ਜਾ ਰਿਹਾ। ਉਨਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਅਨਾਜ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਕਰਨ ਦੀਆਂ ਹਦਾਇਤਾਂ ਤਹਿਤ ਲਾਭਪਾਤਰੀਆਂ ਤੱਕ ਗੁਣਵੱਤਾ ਭਰਪੂਰ ਅਨਾਜ ਹੀ ਜਾ ਰਿਹਾ ਹੈ। ਉਨਾਂ ਦੱਸਿਆ ਕਿ ਜ਼ਿਲੇ ਨੂੰ ਕਣਕ ਦਾ 5541 ਮੀਟ੍ਰਿਕ ਟਨ ਕਣਕ ਅਤੇ 290.6 ਮੀਟ੍ਰਿਕ ਟਨ ਦਾਲ ਦਾ ਕੋਟਾ ਪ੍ਰਾਪਤ ਹੋਇਆ ਹੈ।ਇਸ ਵਿਚੋਂ 4555 ਮੀਟ੍ਰਿਕ ਟਨ ਕਣਕ ਅਤੇ 243 ਮੀਟ੍ਰਿਕ ਟਨ ਦਾਲ ਦੀ ਵੰਡ ਲਾਭਪਾਤਰੀਆਂ ਨੂੰ ਮੁਫ਼ਤ ਕੀਤੀ ਜਾ ਚੁੱਕੀ ਹੈ। ਜ਼ਿਲਾ ਖੁਰਾਕ ਤੇ ਸਪਲਾਈ ਕੰਟਰੋਲਰ ਅਨੁਸਾਰ ਜ਼ਿਲੇ 'ਚ ਰਾਸ਼ਨ ਡਿੱਪੂਆਂ ਰਾਹੀਂ ਕੀਤੀ ਜਾ ਰਹੀ ਉਕਤ ਅਨਾਜ ਵੰਡ ਦੌਰਾਨ ਲੋਕਾਂ ਨੂੰ ਸਹੀ ਤੋਲ ਤੇ ਪੂਰੀ ਮਾਤਰਾ 'ਚ ਕਣਕ ਤੇ ਦਾਲ ਮੁਹੱਈਆ ਕਰਵਾਉਣ 'ਤੇ ਪੂਰਾ ਜ਼ੋਰ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਜ਼ਿਲੇ 'ਚ ਅਗਲੇ ਇਕ ਹਫ਼ਤੇ 'ਚ ਇਨਾਂ ਪਰਿਵਾਰਾਂ ਦਰਮਿਆਨ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਅਨਾਜ ਦੀ ਵੰਡ ਨੂੰ ਮੁਕੰਮਲ ਕਰ ਲਿਆ ਜਾਵੇਗਾ।
Total Responses : 267