ਨਿਜ਼ਾਮੂਦੀਨ ਤਬਲੀਗੀ ਜਮਾਤ ਨਾਲ ਸਬੰਧਤ 14 ਵਿਅਕਤੀਆਂ ਟੈਸਟਿੰਗ ਲਈ ਵੀ ਭੇਜੇ ਗਏ ਸੈਂਪਲ
ਸਿਹਤ ਵਿਭਾਗ ਨੇ ਨਾਮਜੱਦ ਕੀਤੇ ਵਿਅਕਤੀਆਂ ਨੂੰ ਇਕਾਂਤਵਾਸ ਵਿੱਚ ਰਹਿਣ ਦੀ ਕੀਤੀ ਅਪੀਲ
ਕੰਟਰੋਲ ਰੂਮ ਨੰਬਰ 01639-250947 ਅਤੇ ਐਮਰਜੈਂਸੀ ਵਿੱਚ 108 ਤੇ ਕਰੋ ਕਾਲ
ਫਰੀਦਕੋਟ , 06 ਅਪ੍ਰੈਲ 2020: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਆਈ.ਏ.ਐਸ ਅਤੇ ਡਾ.ਰਾਜਿੰਦਰ ਕੁਮਾਰ ਸਿਵਲ ਸਰਜਨ ਫਰੀਦਕੋਟ ਦੀ ਯੋਗ ਅਗਵਾਈ ਹੇਠ ਨੋਵਲ ਕੋਰੋਨਾ ਵਾਇਰਸ ਨਾਲ ਨੱਜਿਠਣ ਲਈ ਸਿਹਤ ਵਿਭਾਗ ਫਰੀਦਕੋਟ ਵੱਖ-ਵੱਖ ਅਧਿਕਾਰੀਆਂ ਅਤੇ ਕਰਮਚਾਰੀ ਤਨਦੇਹੀ ਨਾਲ ਆਪਣੀਆਂ ਡਿਊਟੀਆਂ ਨਿਭਾ ਰਹੇ ਹਨ ਅਤੇ ਸਿਹਤ ਵਿਭਾਗ ਵੱਲੋਂ ਸਟਾਫ ਨੂੰ ਵਿਸ਼ੇਸ਼ ਟਰੇਨਿੰਗ ਵੀ ਦਿੱਤੀ ਗਈ ਹੈ।
ਵਿਭਾਗ ਦੀਆਂ ਗਠਿਤ ਮਲਟੀਪਰਪਜ਼ ਹੈਲਥ ਵਰਕਰਜ਼ ਅਤੇ ਏ.ਐਨ.ਐਮ ਦੀਆਂ 8 ਆਰ.ਆਰ.ਟੀ ਟੀਮਾਂ ਵੱਖ-ਵੱਖ ਇਲਾਕਿਆਂ ਖਾਸ ਕਰਕੇ ਫਰੀਦਕੋਟ ਦੇ ਕੋਰੋਨਾ ਵਾਇਰਸ ਦੇ ਪੋਜੇਟਿਵ ਆਏ ਕੇਸ ਅਨੰਦ ਗੋਇਲ ਦੇ ਰਿਹਾਇਸ਼ੀ ਇਲਾਕੇ ਹਰਿੰਦਰਾ ਨਗਰ ਦਾ ਸਰਵੇ ਕਰ ਰਹੇ ਹਨ ਅਤੇ ਇਸ ਇਲਾਕੇ ਨੂੰ ਜਿਲ੍ਹਾ ਪ੍ਰਸਾਸ਼ਨ ਵੱਲੋਂ ਸੀਲ ਕਰ ਦਿੱਤਾ ਗਿਆ ਹੈ ਅਤੇ ਕਿਸੇ ਵੀ ਵਿਅਕਤੀ ਨੂੰ ਇਸ ਇਲਾਕੇ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ ।ਸਿਹਤ ਵਿਭਾਗ ਦੀਆਂ ਟੀਮਾਂ ਬੜ੍ਹੀ ਹੀ ਮੁਸ਼ੱਕਤ ਨਾਲ ਇਸ ਪੋਜੇਟਿਵ ਕੇਸ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਦੀ ਸਕਰੀਨਿੰਗ ਕਰ ਉਹਨਾਂ ਦੇ ਲੱਛਣ ਦੇਖ ਇਕਾਂਤਵਾਸ ਵਿੱਚ ਰਹਿਣ ਦੀ ਸਲਾਹ ਦੇ ਰਹੇ ਹਨ ।
ਇਸ ਮੌਕੇ ਜਿਲ੍ਹਾ ਨੋਡਲ ਅਫਸਰ ਕੋਵਿਡ-19 ਡਾ. ਅਨੀਤਾ ਚੋਹਾਨ ਅਤੇ ਡਾ. ਵਿਕਰਮਜੀਤ ਸਿੰਘ ਨੇ ਕਿਹਾ ਕਿ ਫਰੀਦਕੋਟ ਵਿੱਚ ਅਜੇ ਤੱਕ ਇੱਕ ਕੇਸ ਹੀ ਪੋਜੇਟਿਵ ਆਇਆ ਹੈ , ਜਿਸ ਦੀ ਸਿਹਤ ਵਿੱਚ ਕਾਫੀ ਸੁਧਾਰ ਹੋ ਰਿਹਾ ਹੈ । ਉਹਨਾਂ ਅਪੀਲ ਕੀਤੀ ਕਿ ਲੋਕ ਆਪਣੇ-ਆਪਣੇ ਘਰਾਂ ਵਿੱਚ ਹੀ ਰਹਿਣ ਅਤੇ ਸਰਕਾਰ ਦਾ ਸਹਿਯੋਗ ਦੇਣ । ਉਹਨਾਂ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ਼ ਦੇ ਐਸ.ਪੀ.ਐਮ ਵਿਭਾਗ ਦੇ ਮੁਖੀ ਡਾ. ਸੰਜੇ ਗੁਪਤਾ ਦੀ ਟੀਮ ਦੇ ਸਹਿਯੋਗ ਨਾਲ ਪੋਜੇਟਿਵ ਆਏ ਮਰੀਜ਼ ਦੇ ਕਰੀਬੀ ਰਿਸ਼ਤੇਦਾਰ, ਵਪਾਰਕ ਸਾਂਝ ਅਤੇ ਖਾਸ ਕਰਕੇ ਉਸ ਵੱਲੋਂ ਆਪਣੇ ਨਜ਼ਦੀਕੀ ਦੁਆਰਾ ਆਯੋਜਿਤ ਕੀਤੀ ਸਾਲਗਿਰ੍ਹਾ ਪਾਰਟੀ ਵਿੱਚ ਭਾਗ ਲੈਣ ਵਾਲੇ ਸਾਰੇ ਹੀ ਮਿੱਤਰ-ਰਿਸ਼ਤੇਦਾਰਾਂ ਨਾਲ ਸੰਪਰਕ ਸਾਧਿਆ ਗਿਆ ਅਤੇ ਜਿਲ੍ਹਾ ਪੱਧਰੀ ਰੈਪਿਡ ਰਿਸਪੌਂਸ ਟੀਮ ਦੇ ਮੈਂਬਰ ਡਾ. ਪਰਮਜੀਤ ਬਰਾੜ, ਡਾ. ਮਨਪ੍ਰੀਤ ਕੌਰ, ਡਾ. ਰਵਿੰਦਰਜੀਤ ਪਾਲ ਕੌਰ ਸਰਾਂ ਅਤੇ ਹੋਰ ਪੈਰਾ-ਮੈਡੀਕਲ ਸਟਾਫ ਵੱਲੋਂ ਉਹਨਾਂ ਦੀ ਮੈਡੀਕਲ ਸਕਰੀਨਿੰਗ ਦੇ ਅਧਾਰ ਤੇ 45 ਵਿਅਕਤੀਆਂ ਦੇ ਸੈਂਪਲ ਲੈ ਕੇ ਲੈਬ ਵਿੱਚ ਟੈਸਟਿੰਗ ਲਈ ਭੇਜੇ ਗਏ ਹਨ, ਜਿਨ੍ਹਾਂ ਦੀ ਰਿਪੋਰਟ ਜਲਦ ਹੀ ਸਿਹਤ ਵਿਭਾਗ ਨੂੰ ਪ੍ਰਾਪਤ ਹੋ ਜਾਵੇਗੀ । ਕੋਵਿਡ-19 ਤਹਿਤ ਦੇਸ਼ਭਰ ਵਿੱਚ ਇੱਕ ਬਹੁਤ ਹੀ ਵੱਡਾ ਮੁੱਦਾ ਬਣਿਆ ਨਿਜ਼ਾਮੂਦੀਨ ਤਬਲੀਗੀ ਜਮਾਤ ਦੇ ਭਾਗੀਦਾਰ ਫਰੀਦਕੋਟ ਵਿੱਚ ਵੀ ਇਸ ਜਮਾਤ ਨਾਲ ਸਬੰਧਤ ਕੁਝ ਵਿਅਕਤੀ ਸਾਹਮਣੇ ਆਏ ਜਿਨ੍ਹਾਂ ਦੀ ਸਕਰੀਨਿੰਗ ਕਰਕੇ ਉਹਨਾਂ ਨੂੰ ਸਥਾਨਕ ਈਦਗਾਹ ਵਿਖੇ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ ।ਇਸ ਜਮਾਤ ਨਾਲ ਸਬੰਧਤ ਅਤੇ ਉਹਨਾਂ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਦੇ ਸਿਹਤ ਵਿਭਾਗ ਦੀ ਟੀਮ ਵੱਲੋਂ ਸੈਂਪਲ ਇਕੱਤਰ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਰਕਾਰੀ ਮੈਡੀਕਲ ਕਾਲਜ਼ ਵਿਖੇ ਟੈਸਟਿੰਗ ਲਈ ਭੇਜ ਦਿੱਤੇ ਗਏ ਹਨ । ਸਿਹਤ ਵਿਭਾਗ ਵੱਲੋਂ ਸਾਰਿਆਂ ਨੂੰ ਅਪੀਲ ਹੈ ਕਿ ਕੋਵਿਡ-19 ਸਬੰਧੀ ਸਿਹਤ ਸੇਵਾਵਾਂ ਸਹੁਲਤਾਂ ਅਤੇ ਹੋਰ ਜਾਣਕਾਰੀ ਸਾਂਝੀ ਕਰਨ ਲਈ ਸਿਹਤ ਵਿਭਾਗ ਦੇ ਕੰਟਰੋਲ ਰੂਮ ਨੰਬਰ 01639-250947 ਅਤੇ ਕਿਸੇ ਵੀ ਐਮਰਜੈਂਸੀ ਲਈ 108 ਤੇ ਸੰਪਰਕ ਕੀਤਾ ਜਾ ਸਕਦਾ ਹੈ