ਅਸ਼ੋਕ ਵਰਮਾ
- ਕੋਵਿਡ ਯੋਧਿਆਂ ਦੇ ਬੱਚਿਆਂ ਲਈ 15 ਫੀਸਦੀ ਸੀਟਾਂ ਰਾਖਵੀਂਆਂ
ਬਠਿੰਡਾ, 23 ਅਪਰੈਲ 2020 - ਕੋਵਿਡ-19 ਮਹਾਂਮਾਰੀ ਦੇ ਇਸ ਵਿਸ਼ਵ ਵਿਆਪੀ ਸੰਕਟ ਦੀ ਘੜੀ ਵਿੱਚ ਬਾਬਾ ਫ਼ਰੀਦ ਗਰੁੱਪ ਨੇ ਆਪਣੀ ਸਮਾਜਿਕ ਅਤੇ ਨੈਤਿਕ ਜ਼ਿੰਮੇਵਾਰੀ ਨੂੰ ਸਮਝਦਿਆਂ ਕੋਰੋਨਾ ਸੰਕਟ ਲਈ 3 ਕਰੋੜ ਰੁਪਏ ਦੀ ਬੀ.ਐਫ.ਜੀ.ਆਈ. ਸਕਾਲਰਸ਼ਿਪ ਪਾਲਿਸੀ ਦਾ ਐਲਾਨ ਕੀਤਾ ਹੈ ਜਿਸ ਦਾ ਲਾਭ ਬੈਚ 2020 ਦੇ ਉਨਾਂ ਸਾਰੇ ਵਿਦਿਆਰਥੀਆਂ ਨੂੰ ਵੀ ਮਿਲੇਗਾ ਜੋ ਸਿੱਧੇ ਜਾਂ ਅਸਿੱਧੇ ਤੌਰ ਤੇ ਤਾਲਾਬੰਦੀ ਤੋਂ ਪ੍ਰਭਾਵਿਤ ਹੋਏ ਹਨ।
ਇਸ ਸੰਕਟਮਈ ਮਾਹੌਲ ਵਿੱਚ ਜਦੋਂ ਪੂਰਾ ਦੇਸ਼ ਇਸ ਮਹਾਂਮਾਰੀ ਨਾਲ ਲੜਾਈ ਲੜ ਰਿਹਾ ਹੈ ਤਦ ਅੱਗੇ ਹੋ ਕੇ ਲੜਨ ਵਾਲੇ ਕੋਵਿਡ-19 ਦੇ ਯੋਧੇ ਆਪਣੀਆਂ ਕੀਮਤੀ ਜਾਨਾਂ ਨੂੰ ਖ਼ਤਰੇ ’ਚ ਪਾ ਕੇ ਸਾਨੂੰ ਬਚਾ ਰਹੇ ਹਨ । ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ (ਬੀ.ਐਫ.ਜੀ.ਆਈ.) ਨੇ ਕੋਵਿਡ-19 ਦੇ ਇਨਾਂ ਯੋਧਿਆਂ ਦੇ ਸਨਮਾਨ ਵਿੱਚ ਇੱਕ ਨਿਮਾਣਾ ਜਿਹਾ ਉਪਰਾਲਾ ਕਰਦਿਆਂ ਡਾਕਟਰਾਂ, ਨਰਸਾਂ, ਪੈਰਾ ਮੈਡੀਕਲ ਸਟਾਫ਼, ਸੈਨੀਟੇਸ਼ਨ ਕਾਮਿਆਂ, ਪੁਲਿਸ ਮੁਲਾਜ਼ਮਾਂ ਅਤੇ ਮੀਡੀਆ ਕਰਮਚਾਰੀਆਂ ਦੇ ਬੱਚਿਆਂ ਲਈ ਵਿਸ਼ੇਸ਼ ਬੀ.ਐਫ.ਜੀ.ਆਈ. ਸਕਾਲਰਸ਼ਿਪ ਪਾਲਿਸੀ ਦੀ ਸ਼ੁਰੂਆਤ ਕੀਤੀ ਹੈ।
ਇਸ ਪਾਲਿਸੀ ਦੇ ਤਹਿਤ ਕੋਵਿਡ-19 ਦੇ ਇਨਾਂ ਯੋਧਿਆਂ ਦੇ ਬੱਚਿਆਂ ਲਈ ਸੰਸਥਾ ਵਿਖੇ ਚੱਲ ਰਹੇ ਸਾਰੇ ਕੋਰਸਾਂ ਦੀਆਂ 15 ਫੀਸਦੀ ਸੀਟਾਂ ਰਿਜ਼ਰਵ (ਰਾਖਵੀਂਆਂ) ਕੀਤੀਆਂ ਗਈਆਂ ਹਨ । ਇਸ ਸਕਾਲਰਸ਼ਿਪ ਤਹਿਤ ਦਾਖ਼ਲਾ ਲੈਣ ਵਾਲੇ ਇਨਾਂ ਯੋਧਿਆਂ ਦੇ ਬੱਚਿਆਂ ਨੂੰ ਪੂਰੇ ਕੋਰਸ ਦੀ ਟਿਊਸ਼ਨ ਫ਼ੀਸ ’ਤੇ 20% ਸਕਾਲਰਸ਼ਿਪ ਦੀ ਪੇਸ਼ਕਸ਼ ਕੀਤੀ ਗਈ ਹੈ । ਇਸ ਤੋਂ ਇਲਾਵਾ ਕੋਵਿਡ-19 (ਕੋਰੋਨਾ ਵਾਇਰਸ) ਕਰ ਕੇ ਆਪਣੀ ਜਾਨ ਗਵਾਉਣ ਵਾਲਿਆਂ ਦੇ ਬੱਚਿਆਂ ਨੂੰ ਪੂਰੇ ਕੋਰਸ ਦੀ ਟਿਊਸ਼ਨ ਫ਼ੀਸ ’ਤੇ 100 ਫੀਸਦੀ ਸਕਾਲਰਸ਼ਿਪ ਦਿੱਤੀ ਜਾਵੇਗੀ।
ਇਸ ਦੇ ਨਾਲ ਹੀ ਕੋਵਿਡ-19 ਮਹਾਂਮਾਰੀ ਦੇ ਇਸ ਸੰਕਟਮਈ ਸਮੇਂ ਵਿੱਚ ਲਾਕਡਾਊਨ ਦੌਰਾਨ ਸਾਰੇ ਵਿਦਿਆਰਥੀ ਅਤੇ ਹਰ ਵਰਗ ਦੇ ਲੋਕ ਵੀ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਭਾਵਿਤ ਹੋਏ ਹਨ। ਇਸ ਲਈ ਲਾਕਡਾਊਨ ਤੋਂ ਪ੍ਰਭਾਵਿਤ ਵਿਦਿਆਰਥੀਆ ਨੂੰ ਵੀ ਇਸ ਸਕਾਲਰਸ਼ਿਪ ਪਾਲਿਸੀ ਵਿੱਚ ਵਿਸ਼ੇਸ਼ ਰਾਹਤ ਦਿੱਤੀ ਗਈ ਹੈ । ਜਿਸ ਤਹਿਤ ਲਾਕਡਾਊਨ ਤੱਕ ਬੀ.ਟੈੱਕ ਕੋਰਸ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀ ਨੂੰ 1 ਲੱਖ ਰੁਪਏ ਦੀ ਸਕਾਲਰਸ਼ਿਪ ਜਦੋਂ ਕਿ ਕਿਸੇ ਵੀ ਹੋਰ ਅੰਡਰ ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਟ ਕੋਰਸ ਦੀ ਪਹਿਲੇ ਸਮੈਸਟਰ ਦੀ ਟਿਊਸ਼ਨ ਫ਼ੀਸ ’ਤੇ 100 ਫੀਸਦੀ ਸਕਾਲਰਸ਼ਿਪ ਦਿੱਤੀ ਜਾਵੇਗੀ । ਇਸ ਤੋਂ ਇਲਾਵਾ 10+1 ਜਾਂ 10+2 ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਪਹਿਲੇ ਸਮੈਸਟਰ ਦੀ ਟਿਊਸ਼ਨ ਫ਼ੀਸ ’ਤੇ 50 ਫੀਸਦੀ ਸਕਾਲਰਸ਼ਿਪ ਦਿੱਤੀ ਜਾਵੇਗੀ ।
ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੇ ਇਸ ਔਖੇ ਸਮੇਂ ਵਿੱਚ ਵੀ ਬਾਬਾ ਫ਼ਰੀਦ ਗਰੁੱਪ ਨੇ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਸਕਾਲਰਸ਼ਿਪ ਪਾਲਿਸੀ ਸ਼ੁਰੂ ਕੀਤੀ ਹੈ । ਉਨਾਂ ਨੇ ਅੱਗੇ ਦੱਸਿਆ ਕਿ ਸੰਸਥਾ ਦੇ ਸਕਿਉਰਿਟੀ ਗਾਰਡ, ਇਲੈਕਟ੍ਰੀਸ਼ਨ, ਸਫ਼ਾਈ ਸੇਵਕ ਅਤੇ ਮਾਲੀ ਵੀ ਕੋਵਿਡ-19 ਦੇ ਯੋਧਿਆਂ ਵਾਂਗ ਹਨ ਜੋ ਇਸ ਨਾਜ਼ੁਕ ਅਤੇ ਔਖੇ ਸਮੇਂ ਵਿੱਚ ਵੀ ਸੰਸਥਾ ਵਿਖੇ ਆਪਣੀਆਂ ਸੇਵਾਵਾਂ ਅਤੇ ਜ਼ਿੰਮੇਵਾਰੀ ਪੂਰੀ ਤਨ ਦੇਹੀ ਨਾਲ ਨਿਭਾ ਰਹੇ ਹਨ। ਇਸ ਲਈ ਬਾਬਾ ਫ਼ਰੀਦ ਗਰੁੱਪ ਵੱਲੋਂ ਉਨਾਂ ਨੂੰ ਲਾਕਡਾਊਨ ਦੌਰਾਨ ਦੱੁਗਣੀ ਤਨਖ਼ਾਹ ਦੇਣ ਦਾ ਨਿਰਨਾ ਕੀਤਾ ਗਿਆ ਹੈ। ਉਨਾਂ ਕਿਹਾ ਕਿ ਉਹ ਵਿਸ਼ਵਾਸ ਦਿਵਾਉਂਦੇ ਹਨ ਕਿ ਬੀ.ਐਫ.ਜੀ.ਆਈ. ਪਰਿਵਾਰ ਦਾ ਹਰ ਇੱਕ ਮੈਂਬਰ ਇਨਾਂ ਯੋਧਿਆਂ ਦੇ ਨਾਲ ਹੈ ਅਤੇ ਸਾਨੂੰ ਆਸ ਹੈ ਕਿ ਅਸੀਂ ਸਾਰੇ ਰਲ ਮਿਲ ਕੇ ਕੋਰੋਨਾ ਵਾਇਰਸ ਖ਼ਿਲਾਫ਼ ਇਸ ਲੜਾਈ ਵਿੱਚ ਜਿੱਤ ਹਾਸਲ ਕਰਾਂਗੇ ।