- ਇਨਵੈਸਟ ਪੰਜਾਬ ਨੇ ਸੂਬਾ ਸਰਕਾਰ ਦੇ ਕੋਵਿਡ -19 ਮਹਾਂਮਾਰੀ ਸਬੰਧੀ ਯਤਨਾਂ ਵਿਚ ਸਹਾਇਤਾ ਲੈਣ ਲਈ ਇਜ਼ਰਾਈਲੀ ਸਫ਼ਾਰਤਖ਼ਾਨੇ ਨਾਲ ਕੀਤਾ ਵਿਸ਼ੇਸ਼ ਵੈਬਿਨਾਰ
ਚੰਡੀਗੜ੍ਹ, 1 ਮਈ 2020 - ਕੋਵਿਡ -19 ਮਹਾਂਮਾਰੀ ਨੂੰ ਹੋਰ ਫੈਲਣ ਤੋਂ ਰੋਕਣ ਸਬੰਧੀ ਯਤਨਾਂ ਨੂੰ ਹੋਰ ਤੇਜ਼ ਕਰਦਿਆਂ ਪੰਜਾਬ ਸਰਕਾਰ ਨੇ ਇਜ਼ਰਾਈਲ ਤੋਂ ਤਕਨੀਕੀ ਸਹਾਇਤਾ ਅਤੇ ਮੁਹਾਰਤ ਦੀ ਮੰਗ ਕੀਤੀ ਹੈ ਤਾਂ ਜੋ ਕੋਰੋਨਾਵਾਇਰਸ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਿਆ ਜਾ ਸਕੇ।
ਕੋਵਿਡ -19 ਮਹਾਂਮਾਰੀ ਨੇ ਪੂਰੀ ਦੁਨੀਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ, ਇਜ਼ਰਾਈਲ ਨੇ ਇਸ ਨੂੰ ਘਟਾਉਣ ਅਤੇ ਪ੍ਰਭਾਵੀ ਢੰਗ ਨਾਲ ਠੱਲ੍ਹ ਪਾਉਣ ਲਈ ਕਈ ਤਕਨੀਕੀ ਉਪਕਰਨ ਤਿਆਰ ਕੀਤੇ ਹਨ।
ਇਹ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਨਵੈਸਟ ਪੰਜਾਬ ਨੇ ਇਸ ਸਬੰਧ ਵਿਚ ਭਾਰਤ ਵਿੱਚ ਇਜ਼ਰਾਈਲ ਦੇ ਦੂਤਾਵਾਸ ਨਾਲ ਇਕ ਵਿਸ਼ੇਸ਼ ਵੈਬਿਨਾਰ ਰਾਹੀਂ ਤਾਲਮੇਲ ਕੀਤਾ ਜੋ ਕਿ ਇਜ਼ਰਾਈਲ ਦੇ ਕੋਵਿਡ -19 ਸਬੰਧੀ ਪ੍ਰਬੰਧਨ ਲਈ ਕੀਤੀ ਤਕਨੀਕੀ ਤਰੱਕੀ 'ਤੇ ਅਧਾਰਿਤ ਸੀ।
ਵੈਬਿਨਾਰ ਦੇ ਦੌਰਾਨ ਕਈ ਤਕਨੀਕੀ ਔਜ਼ਾਰਾਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਹ ਇਕ ਇਕ ਮਹੱਤਵਪੂਰਨ ਤਕਨੀਕੀ ਉਪਕਰਨ ਹੈ ਜੋ ਨਾ ਕੇਵਲ ਨਾਗਰਿਕਾਂ ਨੂੰ ਸਹੀ ਤੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਦਾ ਹੈ ਸਗੋਂ ਰਾਜ ਸਰਕਾਰ ਨੂੰ ਡੈਟਾ ਅਤੇ ਮੌਜੂਦਾ ਰੁਝਾਨਾਂ ਦੀ ਸਹਾਇਤਾ ਨਾਲ ਪ੍ਰਭਾਵਸ਼ਾਲੀ ਨੀਤੀ ਤਿਆਰ ਕਰਨ ਵਿਚ ਸਹਾਇਤਾ ਕਰਦਾ ਹੈ। ਪੰਜਾਬ ਸਰਕਾਰ ਕੋਵਿਡ-19 ਮਹਾਂਮਾਰੀ ਦੇ ਵਿਰੁੱਧ ਰਾਜ ਸਰਕਾਰ ਦੇ ਯਤਨਾਂ ਨੂੰ ਹੋਰ ਅੱਗੇ ਵਧਾਉਣ ਲਈ ਇਜ਼ਰਾਈਲ ਵਲੋਂ ਵਰਤੀਆਂ ਤਕਨੀਕੀ ਵਿਧੀਆਂ ਅਤੇ ਇਸ ਦੇ ਸੰਭਾਵਿਤ ਲਾਭਾਂ ਦਾ ਮੁਲਾਂਕਣ ਕਰੇਗੀ।
ਬੁਲਾਰੇ ਨੇ ਅੱਗੇ ਦੱਸਿਆ ਕਿ ਇਹ ਵੈਬਿਨਾਰ ਰਾਜ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਵੱਖ ਵੱਖ ਪ੍ਰਮੁੱਖ ਖੇਤਰਾਂ ਵਿਚ ਪੰਜਾਬ ਅਤੇ ਇਜ਼ਰਾਈਲ ਸਰਕਾਰ ਦੇ ਉਪਰਾਲਿਆਂ ਦੀ ਲੜੀ ਦਾ ਸਭ ਤੋਂ ਤਾਜ਼ਾ ਉਦਾਹਰਣ ਸੀ।
ਜ਼ਿਕਰਯੋਗ ਹੈ ਕਿ ਇਜ਼ਰਾਈਲੀ ਮਾਹਿਰ ਪੰਜਾਬ ਸਰਕਾਰ ਨਾਲ ਮਿਲ ਕੇ ਵਾਟਰ ਮੈਨੇਜਮੈਂਟ ਯੋਜਨਾ ਵਿਕਸਤ ਕਰਨ ਲਈ ਰਾਜ ਦੇ ਜਲ ਸਰੋਤਾਂ ਦੀ ਸੰਭਾਲ ਅਤੇ ਬਿਹਤਰ ਪ੍ਰਬੰਧਨ' ਤੇ ਧਿਆਨ ਕੇਂਦਰਿਤ ਕਰ ਰਹੇ ਹਨ। ਪੰਜਾਬ ਰਾਜ ਕਿਸਾਨ ਕਮਿਸ਼ਨ ਨੇ ਡੇਅਰੀ ਸੈਕਟਰ ਨੂੰ ਹੁਲਾਰਾ ਦੇਣ ਲਈ ਇਜ਼ਰਾਈਲੀ ਡੇਅਰੀ ਮਾਹਿਰ ਸ੍ਰੀ ਯੇਹੂਦਾ ਸਪਰੇਚਰ ਦੀਆਂ ਸੇਵਾਵਾਂ ਲਈਆਂ ਹਨ ਜਿਸ ਤਹਿਤ ਸਿੱਟਾਪੂਰਨ ਢੰਗ ਨਾਲ ਕਿਸਾਨਾਂ ਦੀ ਆਮਦਨੀ ਦੀ ਪੂਰਤੀ ਕੀਤੀ ਜਾ ਸਕਦੀ ਹੈ।
ਗੌਰਤਲਬ ਹੈ ਕਿ ਸਾਲ 2018 ਵਿਚ ਇਜ਼ਰਾਈਲ ਦੇ ਦੌਰੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦੇ ਇਕ ਵਫ਼ਦ ਨੇ ਇਜ਼ਰਾਈਲ ਦੇ ਏ.ਆਰ.ਏ.ਵੀ.ਏ. ਇੰਸਟੀਚਿਊਟ, ਤਲ ਅਵੀਵ ਯੂਨੀਵਰਸਿਟੀ (ਟੀ.ਏ.ਯੂ.) ਅਤੇ ਗੈਲਿਲੀ ਇੰਟਰਨੈਸ਼ਨਲ ਮੈਨੇਜਮੈਂਟ ਇੰਸਟੀਚਿਊਟ ਨਾਲ ਪੰਜਾਬ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਤਿੰਨ ਸਮਝੌਤਿਆਂ 'ਤੇ ਹਸਤਾਖਰ ਕੀਤੇ ਸਨ।
ਵੈਬਿਨਾਰ ਕੇਵਲ ਸਰਕਾਰੀ ਏਜੰਸੀਆਂ ਦੇ ਕਰਮਚਾਰੀਆਂ ਲਈ ਖੁੱਲ੍ਹਾ ਸੀ ਅਤੇ ਇਸ ਵਿੱਚ ਸੰਯੁਕਤ ਵਿਕਾਸ ਕਮਿਸ਼ਨਰ ਪੇਂਡੂ ਵਿਕਾਸ ਅਤੇ ਪੰਚਾਇਤਾਂ ਅਤੇ ਵਿਸ਼ੇਸ਼ ਸਕੱਤਰ ਮੈਡੀਕਲ ਸਿੱਖਿਆ ਅਤੇ ਖੋਜ ਤਨੂੰ ਕਸ਼ਯਪ, ਏਸੀਈਓ (ਇਨਵੈਸਟ ਪੰਜਾਬ) ਅਤੇ ਵਿਸ਼ੇਸ਼ ਸਕੱਤਰ ਸਿਹਤ ਈਸ਼ਾ ਕਾਲੀਆ ਅਤੇ ਮੈਨੇਜਿੰਗ ਡਾਇਰੈਕਟਰ ਪੀਐਸਆਈਈਸੀ, ਮੈਂਬਰ ਸਟੇਟ ਕੰਟਰੋਲ ਰੂਮ ਡਾ. ਸੁਮੀਤ ਜਾਰੰਗਲ ਅਤੇ ਰਾਜ ਸਰਕਾਰ ਦੇ ਹੋਰ ਅਧਿਕਾਰੀ ਹਾਜ਼ਰ ਸਨ।
ਵੈਬਿਨਾਰ ਦੌਰਾਨ ਵਿਚਾਰ ਵਟਾਂਦਰੇ ਵਿੱਚ ਪ੍ਰਮੁੱਖ ਬੁਲਾਰਿਆਂ ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਇਜ਼ਰਾਈਲ ਦੇ ਸਿਹਤ ਮੰਤਰਾਲੇ ਦੇ ਪਬਲਿਕ ਹੈਲਥ ਸਰਵਿਸਿਜ਼ ਦੇ ਡਾਇਰੈਕਟਰ ਪ੍ਰੋ. ਸਿਏਗਲ ਸਦੇਤਜ਼ਕੀ, ਐਮਡੀ, ਐਮਪੀਐਚ, ਸ੍ਰੀਮਤੀ ਰੋਨਾ ਕੈਸਰ, ਮੁੱਖ ਸੂਚਨਾ ਅਧਿਕਾਰੀ, ਇਜ਼ਰਾਈਲ ਦੇ ਸਿਹਤ ਮੰਤਰਾਲੇ ਵਲੋਂ ਸ਼ਿਰਕਤ ਕੀਤੀ ਗਈ ਅਤੇ ਇਸ ਵੈਬਿਨਾਰ ਨੂੰ ਸ੍ਰੀ ਓਫ਼ਰ ਫੋਹਰ , ਡਾਇਰੈਕਟਰ, ਸੇਵਾ ਅਤੇ ਡਾਟਾ ਪ੍ਰਬੰਧਨ, ਵਿਦੇਸ਼ੀ ਵਪਾਰ ਪ੍ਰਬੰਧਨ, ਇਜ਼ਰਾਈਲੀ ਆਰਥਿਕਤਾ ਅਤੇ ਉਦਯੋਗ ਮੰਤਰਾਲਾ ਵਲੋਂ ਸੰਚਾਲਿਤ ਕੀਤਾ ਗਿਆ।