* ਜ਼ਿਲਾ ਜੇਲ ਚੋਂ ਹੋਈ 39 ਕੈਦੀਆਂ/ਬੰਦੀਆਂ ਦੀ ਰਿਹਾਈ, ਜ਼ਿਲੇ ਤੋਂ ਬਾਹਰਲੇ ਹਨ 26 ਕੈਦੀ
ਹਰਿੰਦਰ ਨਿੱਕਾ
ਬਰਨਾਲਾ, 30 ਮਾਰਚ 2020 - ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ ਦੇ ਮਾਨਯੋਗ ਜੱਜ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ. ਨਗਰ ਦੇ ਕਾਰਜਕਾਰੀ ਚੇਅਰਪਰਸਨ ਸ੍ਰੀ ਆਰ.ਕੇ.ਜੈਨ ਦੀ ਪ੍ਰਧਾਨਗੀ ਹੇਠ ਹੋਈ 25 ਮਾਰਚ ਨੂੰ ਹੋਈ ਮੀਟਿੰਗ ਵਿੱਚ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਤਹਿਤ ਜ਼ਿਲਾ ਬਰਨਾਲਾ ਵਿਖੇ ਅੰਡਰ ਟਰਾਇਲ ਰਿਵਿਊ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਵਿਚ ਫੈਸਲੇ ਮਗਰੋਂ ਮਾਨਯੋਗ ਸੀ.ਜੇ.ਐੱਮ. ਬਰਨਾਲਾ ਵੱਲੋਂ ਜ਼ਿਲਾ ਜੇਲ ਬਰਨਾਲਾ ਵਿੱਚੋਂ 39 ਕੈਦੀਆਂ ਨੂੰ ਰਿਹਾਅ ਕਰ ਦਿੱਤਾ ਗਿਆ। ਇਨਾਂ 39 ਕੈਦੀਆਂ ਵਿੱਚੋਂ 26 ਕੈਦੀ ਬਰਨਾਲਾ ਜ਼ਿਲੇ ਤੋਂ ਬਾਹਰ ਦੇ ਰਹਿਣ ਵਾਲੇ ਹਨ ਅਤੇ ਲਾਕ-ਡਾਊਨ ਦੇ ਚੱਲਦਿਆਂ ਉਨਾਂ ਦਾ ਆਪਣੇ ਘਰ ਜਾਣਾ ਮੁਸ਼ਕਿਲ ਸੀ।
ਇਸ ਸਮੱਸਿਆ ਦੇ ਹੱਲ ਲਈ ਸੁਪਰਡੈਂਟ, ਜ਼ਿਲਾ ਜੇਲ ਬਰਨਾਲਾ ਵੱਲੋਂ ਮਾਨਯੋਗ ਜ਼ਿਲਾ ਅਤੇ ਸੈਸ਼ਨਜ ਜੱਜ, ਬਰਨਾਲਾ ਸ੍ਰੀ ਵਰਿੰਦਰ ਅੱਗਰਵਾਲ ਨਾਲ ਰਾਬਤੇ ਮਗਰੋਂ ਐੱਸ.ਐੱਸ.ਪੀ. ਬਰਨਾਲਾ ਨਾਲ ਗੱਲਬਾਤ ਕਰਕੇ ਕੈਦੀਆਂ ਨੂੰ ਉਨਾਂ ਦੇ ਘਰ ਤੱਕ ਸਹੀ-ਸਲਾਮਤ ਭੇਜਿਆ ਗਿਆ। ਇਸ ਕਾਰਵਾਈ ਸਬੰਧੀ ਅੰਡਰਟਰਾਇਲ ਰਿਵਿੳ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਮਾਨਯੋਗ ਜ਼ਿਲਾ ਅਤੇ ਸੈਸ਼ਨਜ ਜੱਜ-ਸਹਿਤ-ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਸ੍ਰੀ ਵਰਿੰਦਰ ਅਗਰਵਾਲ ਨੇ ਕੀਤੀ। ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ, ਐੱਸ.ਪੀ. (ਡੀ) ਸ੍ਰੀ ਸੁਖਦੇਵ ਸਿੰਘ ਵਿਰਕ, ਮਾਨਯੋਗ ਸੀ.ਜੇ.ਐੱਮ/ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਸ੍ਰੀ ਰੁਪਿੰਦਰ ਸਿੰਘ ਤੇ ਸੁਪਰਡੰਟ, ਜ਼ਿਲਾ ਜੇਲ ਬਰਨਾਲਾ ਬਲਬੀਰ ਸਿੰਘ ਸ਼ਾਮਲ ਹੋਏ। ਮਿਤੀ 25.03.2020 ਨੂੰ ਹੋਈ ਮੀਟਿੰਗ ਵਿੱਚ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੀਆਂ ਜੇਲਾਂ ਵਿੱਚ ਬੰਦੀਆਂ ਦੀ ਗਿਣਤੀ ਘੱਟ ਕਰਨ ਦਾ ਫੈਸਲਾ ਕੀਤਾ ਗਿਆ ਸੀ,
ਜਿਸ ਤਹਿਤ ਦੋਸ਼ੀ ਕੈਦੀਆਂ ਨੂੰ 6 ਹਫਤੇ ਦੀ ਪੈਰੋਲ ਅਤੇ ਹਵਾਲਾਤੀ ਕੈਦੀਆਂ ਨੂੰ 6 ਹਫਤੇ ਦੀ ਅੰਤਿ੍ਰਮ ਜ਼ਮਾਨਤ ’ਤੇ ਛੱਡਿਆ ਜਾਵੇਗਾ। ਇਸ ਦਾ ਮੁਢਲਾ ਉਦੇਸ਼ ਕੋਵਿਡ-19 ਦੇ ਪ੍ਰਕੋਪ ਦੇ ਚੱਲਦਿਆ ਕੈਦੀਆਂ ਦੀ ਸਿਹਤ ਦਾ ਖਿਆਲ ਰੱਖਣਾ ਸੀ। ਮੀਟਿੰਗ ਵਿੱਚ ਸੁਪਰਡੰਟ ਜ਼ਿਲਾ ਜੇਲ ਬਰਨਾਲਾ ਵੱਲੋਂ ਮੁਕੱਦਮੇ ਅਧੀਨ ਕੈਦੀਆਂ ਦੀ ਸੂਚੀ ਪੇਸ਼ ਕੀਤੀ ਗਈ, ਜਿਨਾਂ ਨੂੰ ਅੰਤਿ੍ਰਮ ਜਮਾਨਤ ’ਤੇ ਛੱਡਿਆ ਜਾ ਸਕਦਾ ਸੀ। ਅੰਡਰਟਰਾਇਲ ਰੀਵਿਊ ਕਮੇਟੀ ਬਰਨਾਲਾ ਵੱਲੋਂ ਮੀਟਿੰਗ ਵਿੱਚ ਮਾਨਯੋਗ ਸੀ.ਜੇ.ਐੱਮ. ਬਰਨਾਲਾ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਕਿ ਉਹ ਉੱਕਤ ਸੂਚੀ ਅਧੀਨ ਸਾਰੇ ਕੇਸਾਂ ਦੀ ਜਾਂਚ-ਪੜਤਾਲ ਕਰਕੇ ਕੇਸਾਂ ਦਾ ਨਿਪਟਾਰਾ ਕਰਨ ਅਤੇ ਇਹ ਵੀ ਕਿਹਾ ਗਿਆ ਕਿ ਇਸ ਕੰਮ ਲਈ ਉਹ ਵੀਡੀਓ ਕਾਨਫਰੰਸਿੰਗ ਰਾਹੀਂ ਜ਼ਿਲਾ ਜੇਲ ਬਰਨਾਲਾ ਨਾਲ ਲੋੜ ਅਨੁਸਾਰ ਸੰਪਰਕ ਕਰ ਸਕਦੇ ਹਨ।
ਇਸ ਤੋਂ ਇਲਾਵਾ ਇਹ ਵੀ ਫੈਸਲਾ ਕੀਤਾ ਗਿਆ ਕਿ ਜ਼ਿਲਾ ਬਰਨਾਲਾ ਵਿਖੇ ਅੰਡਰ ਟਰਾਇਲ ਰੀਵਿਊ ਕਮੇਟੀ ਦੀ ਮੀਟਿੰਗ ਦਾ ਆਯੋਜਨ ਤਿਮਾਹੀ ਦੀ ਜਗਾ ਹੁਣ ਹਰੇਕ ਸ਼ੁੱਕਰਵਾਰ ਵਾਲੇ ਦਿਨ ਕੀਤਾ ਜਾਇਆ ਕਰੇਗਾ। ਕਮੇਟੀ ਵੱਲੋਂ ਲਏ ਗਏ ਫੈਸਲੇ ਅਨੁਸਾਰ ਮਾਨਯੋਗ ਵਧੀਕ ਜ਼ਿਲਾ ਅਤੇ ਸੈਸ਼ਨਜ ਜੱਜ-1, ਬਰਨਾਲਾ ਸ੍ਰੀ ਅਰੁਣ ਗੁਪਤਾ ਅਤੇ ਮਾਨਯੋਗ ਵਧੀਕ ਜਿਲਾ ਅਤੇ ਸੈਸ਼ਨਜ ਜੱਜ-2, ਬਰਨਾਲਾ ਸ੍ਰੀ ਬਰਜਿੰਦਰ ਪਾਲ ਸਿੰਘ ਜੀ ਵੀਡੀਓ ਕਾਨਫਰੰਸਿੰਗ ਰਾਹੀਂ ਅੰਡਰ-ਟਰਾਇਲ ਕੈਦੀਆਂ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਨ ਅਤੇ ਮਾਨਯੋਗ ਸਕੱਤਰ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼੍ਰੀ ਰੁਪਿੰਦਰ ਸਿੰਘ ਵੀ ਵੀਡੀਓ ਕਾਨਫਰੰਸਿੰਗ ਰਾਹੀਂ ਕੈਦੀਆਂ ਦੇ ਲਗਾਤਾਰ ਸੰਪਰਕ ਵਿੱਚ ਹਨ ਤਾਂ ਜੋ ਕੈਦੀਆਂ ਨੂੰ ਆ ਰਹੀਆਂ ਮੁਸ਼ਕਿਲਾ ਦਾ ਹੱਲ ਕੀਤਾ ਜਾ ਸਕੇ।