ਮਨਿੰਦਰਜੀਤ ਸਿੱਧੂ
- ਸੰਤ ਰਿਸ਼ੀ ਰਾਮ ਦੀ ਅਗਵਾਈ ਵਿੱਚ ਭੇਜਿਆ ਜਾ ਰਿਹਾ ਏਕਾਂਤਵਾਸ ਕੇਂਦਰਾਂ ਵਿੱਚ ਭੋਜਨ
ਜੈਤੋ, 9 ਮਈ 2020 - ਕੋਰੋਨਾ ਕੌਮੀ ਸੰਕਟ ਦੇ ਦੌਰ ਵਿੱਚ ਸੰਤ ਰਿਸ਼ੀ ਰਾਮ ਦੀ ਅਗਵਾਈ ਵਿੱਚ ਵਿਵੇਕ ਆਸ਼ਰਮ ਚੈਰੀਟੇਬਲ ਟਰੱਸਟ ਜੈਤੋ ਇਲਾਕੇ ਦੇ ਲੋਕਾਂ ਲਈ ਰਾਤਤ ਕੇਂਦਰ ਸਾਬਿਤ ਹੋਇਆ ਹੈ। ਸਰਕਾਰ ਦੁਆਰਾ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਲਾਏ ਗਏ ਕਰਫਿਊ ਦੌਰਾਨ ਵਿਵੇਕ ਆਸ਼ਰਮ ਵਿਖੇ ਹਰ ਹਜਾਰਾਂ ਗਰੀਬ ਅਤੇ ਲੋੜਵੰਦਾ ਲੋਕਾਂ ਲਈ ਲੰਗਰ ਤਿਆਰ ਹੁੰਦਾ ਰਿਹਾ। ਇੱਥੋਂ ਤਿਆਰ ਹੋਏ ਇਸ ਲੰਗਰ ਨੂੰ ਹੀ ਪ੍ਰਸ਼ਾਸਨ ਦੁਆਰਾ ਗਰੀਬ ਬਸਤੀਆਂ ਵਿੱਚ ਪਹੁੰਚਾਇਆ ਜਾਂਦਾ ਰਿਹਾ।
ਪ੍ਰਸ਼ਾਸਨ ਦੀਆਂ ਹਦਾਇਤਾਂ ਮੁਤਾਬਿਕ ਲੰਗਰ ਵਰਤਾਉਣ ਵਾਲੇ ਲੋਕਾਂ ਨੂੰ ਘਰ ਜਾਣ ਦੀ ਇਜਾਜਤ ਨਹੀਂ ਦਿੱਤੀ ਗਈ ਸੀ, ਉਹਨਾਂ ਲਈ ਰਹਿਣ ਸਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਵੀ ਵਿਵੇਕ ਆਸ਼ਰਮ ਵਿਖੇ ਹੀ ਕੀਤਾ ਗਿਆ ਸੀ। ਇੱਥੇ ਹੀ ਬੱਸ ਨਹੀਂ ਬਾਹਰਲੇ ਸੂਬਿਆਂ ਵਿੱਚੋਂ ਪਰਤੇ ਇਲਾਕੇ ਦੇ ਜਿੰਨਾਂ ਲੋਕਾਂ ਨੂੰ ਵੱਖ-ਵੱਖ ਇਕਾਂਤਵਾਸ ਸਥਾਨਾਂ ਵਿੱਚ ਰੱਖਿਆ ਗਿਆ ਹੈ, ਲਈ ਭੋਜਨ ਦਾ ਪ੍ਰਬੰਧ ਵੀ ਸੰਤ ਰਿਸ਼ੀ ਰਾਮ ਦੀ ਅਗਵਾਈ ਵਿੱਚ ਵਿਵੇਕ ਮਿਸ਼ਨ ਜੈਤੋ ਵੱਲੋਂ ਹੀ ਕੀਤਾ ਜਾ ਰਿਹਾ ਹੈ।
ਜਾਣਕਾਰੀ ਮੁਤਾਬਿਕ ਪਿਛਲੇ 5 ਦਿਨਾਂ ਤੋਂ ਜੈਤੋ ਦੇ ਡੀ.ਏ.ਵੀ ਸਕੂਲ਼, ਸ਼ਿਵਾਲਿਕ ਸਕੂਲ, ਸਰਸਵਤੀ ਜੀਨੀਅਸ ਸਕੂਲ ਅਤੇ ਗੁਰੂ ਗੋਬਿੰਦ ਸਿੰਘ ਪਬਲਿਕ ਵਿੱਚ ਏਕਾਂਤਵਾਸ ਵਿੱਚ ਰੱਖੇ ਗਏ ਤਕਰੀਬਨ 250 ਲੋਕਾਂ ਲਈ ਹਰ ਰੋਜ ਲੰਗਰ ਅਤੇ ਚਾਹ ਦੋ ਟਾਈਮ ਭੇਜੀ ਜਾ ਰਹੀ ਹੈ। ਜੇਕਰ ਇਹ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ ਕਿ ਕਰਫਿਊ ਦੌਰਾਨ ਪ੍ਰਸ਼ਾਸਨ ਦੀ ਕਾਮਯਾਬੀ ਵਿੱਚ ਵਿਵੇਕ ਮਿਸ਼ਨ ਚੈਰੀਟੇਬਲ ਟਰੱਸਟ ਨੇ ਅਹਿਮ ਰੋਲ ਨਿਭਾਇਆ ਹੈ।
ਇੱਥੇ ਇਹ ਵੀ ਜਿਕਰਯੋਗ ਹੈ ਕਿ ਵਿਵੇਕ ਮਿਸ਼ਨ ਚੈਰੀਟੇਬਲ ਟਰੱਸਟ ਜੋ ਕਿ ਪਿਛਲੇ ਕਈ ਦਹਾਕਿਆਂ ਤੋਂ ਸਮਾਜ ਸੇਵਾ ਦੇ ਕੰਮਾਂ ਅਤੇ ਅੱਖਾਂ ਦੇ ਮੁਫਤ ਅਪ੍ਰੇਸ਼ਨ ਕਰਨ ਕਰਕੇ ਲਗਭਗ ਪੂਰੇ ੳੱਤਰੀ ਭਾਰਤ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਈ ਹੋਈ ਹੈ। ਇਸ ਸੰਸਥਾ ਦੁਆਰਾ ਲੱਖਾਂ ਗਰੀਬ ਲੋਕਾਂ ਦੇ ਮੁਫਤ ਲੈਂਜ ਪਾ ਕੇ ਮੁੜ ਸੰਸਾਰ ਦੇ ਰੰਗ ਦੇਖਣ ਦੇ ਯੋਗ ਬਣਾਇਆ ਹੈ। ਵਿਵੇਕ ਮਿਸ਼ਨ ਚੈਰੀਟੇਬਲ ਟਰੱਸਟ ਦੁਆਰਾ ਕਰਫਿਊ ਦੌਰਾਨ ਕੀਤੀ ਮਨੁੱਖਤਾ ਦੀ ਸੇਵਾ ਤੋਂ ਪ੍ਰਭਾਵਿਤ ਹੋ ਕੇ ਸਥਾਨਿਕ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਸੰਤ ਰਿਸ਼ੀ ਰਾਮ ਜੀ ਨੂੰ ਸਨਮਾਨਿਤ ਵੀ ਕੀਤਾ ਹੈ।