ਰਜਨੀਸ਼ ਸਰੀਨ
- ਰੋਜ਼ਾਨਾ ਬਣਦੀ ਸੂਚੀ ’ਚੋਂ ਕਿਸੇ ਕਿਸੇ ਨੂੰ ਫ਼ੋਨ ਕਰਕੇ ਖੁਦ ਪੁਸ਼ਟੀ ਕਰਦੇ ਹਨ
ਨਵਾਂਸ਼ਹਿਰ, 2 ਅਪਰੈਲ 2020 - ਜ਼ਿਲ੍ਹੇ ’ਚ ਕੋਵਿਡ-19 ਰੋਕਥਾਮ ਲਈ ਬੀਤੀ 23 ਮਾਰਚ ਤੋਂ ਲਾਏ ਗਏ ਕਰਫ਼ਿਊ ਬਾਅਦ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਬਣਾਏ ਗਏ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ’ਤੇ ਆਉਣ ਵਾਲੀਆਂ ਸ਼ਿਕਾਇਤਾਂ ਦੀ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਵੱਲੋਂ ਖੁਦ ਨਿਗਰਾਨੀ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਵੱਲੋਂ ਭਾਵੇਂ ਇਹ ਸ਼ਿਕਾਇਤਾਂ ਤੇ ਮੰਗਾਂ ਰੋਜ਼ਾਨਾ ਸ਼ਾਮ ਨੂੰ ਸਬੰਧਤ ਸਬ ਡਵੀਜ਼ਨਾਂ ਦੇ ਐਸ ਡੀ ਐਮਜ਼ ਨੂੰ ਕਾਰਵਾਈ ਲਈ ਭੇਜੀਆਂ ਜਾ ਰਹੀਆਂ ਹਨ ਪਰੰਤੂ ਵਿੱਚੋਂ ਕਿਸੇ ਕਿਸੇ ਸ਼ਿਕਾਇਤ ਨੂੰ ਰੋਜ਼ਾਨਾ ਆਧਾਰ ’ਤੇ ਖੁਦ ਫ਼ੋਨ ਕਰਕੇ ਉਸ ਦੀ ਸਥਿਤੀ ਜਾਂਚੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ 23 ਮਾਰਚ ਤੋਂ ਹੁਣ ਤੱਕ ਜ਼ਿਲ੍ਹਾ ਕੰਟਰੋਲ ਰੂਮ ’ਤੇ ਵੱਖ-ਵੱਖ ਮੰਗਾਂ ਲਈ 2000 ਤੋਂ ਵਧੇਰੇ ਫ਼ੋਨ ਆ ਚੁੱਕੇ ਹਨ, ਜਿਨ੍ਹਾਂ ਨੂੰ ਉਸੇ ਸ਼ਾਮ ਇਲੈਕਟ੍ਰਾਨਿਕ ਫਾਰਮੈਟ ’ਚ ਸਬੰਧਤ ਸਬ ਡਵੀਜ਼ਨਾਂ ਦੇ ਉੱਪ ਮੰਡਲ ਅਫ਼ਸਰਾਂ ਨੂੰ ਮਾਮਲੇ ਦੇ ਨਿਪਟਾਰੇ ਲਈ ਭੇਜਿਆ ਜਾਂਦਾ ਹੈ।
ਡਿਪਟੀ ਕਮਿਸ਼ਨਰ ਵੱਲੋਂ ਇਸ ਸੂਚੀ ’ਚ ਆਏ ਦੋ ਨੰਬਰਾਂ ’ਤੇ ਅੱਜ ਕੀਤੀ ਗਈ ਕਾਲ ਦੌਰਾਨ ਇੱਕ ਮਹਿਲਾ ਵੱਲੋਂ ਖਾਣਾ ਮਿਲਣ ਦੀ ਪੁਸ਼ਟੀ ਕੀਤੀ ਗਈ ਜਦਕਿ ਦੂਸਰੇ ਵਿਅਕਤੀ ਜੋ ਕਿ ਆਪਣੇ 8 ਹੋਰ ਪ੍ਰਵਾਸੀ ਮਜ਼ਦੂਰ ਸਾਥੀਆਂ ਸਮੇਤ ਜ਼ਿਲ੍ਹੇ ਦੇ ਪਿੰਡ ਬਾਜ਼ੀਦਪੁਰ ’ਚ ਫ਼ਸਿਆ ਹੋਇਆ ਸੀ, ਨਾਲ ਸੰਪਰਕ ਕਰਨ ਤੋਂ ਬਾਅਦ ਤੁਰੰਤ ਤਹਿਸੀਲਦਾਰ ਨਵਾਂਸ਼ਹਿਰ ਕੁਲਵੰਤ ਸਿੰਘ ਨੂੰ ਉਨ੍ਹਾਂ ਦੀ ਰਸਦ ਦਾ ਪ੍ਰਬੰਧ ਕਰਨ ਦੀ ਹਦਾਇਤ ਕੀਤੀ ਗਈ।
ਉਨ੍ਹਾਂ ਦੱਸਿਆ ਇਹ ਕੰਟਰੋਲ ਰੂਮ ਕੇਵਲ ਰਾਸ਼ਨ ਆਦਿ ਨਾਲ ਸਬੰਧਤ ਮੁਸ਼ਕਿਲਾਂ ਲਈ ਹੀ ਨਹੀਂ ਬਲਕਿ ਜੇਕਰ ਕਿਸੇ ਨੂੰ ਕੋਵਿਡ-19 ਬਿਮਾਰੀ ਦੇ ਲੱਛਣ ਹਨ, ਉਨ੍ਹਾਂ ਦੀ ਮੱਦਦ ਲਈ ਵੀ ਹੈ। ਉਨ੍ਹਾਂ ਦੱਸਿਆ ਕਿ ਜੇਕਰ 30 ਜਨਵਰੀ ਤੋਂ ਬਾਅਦ ਕਿਸੇ ਵਿਦੇਸ਼ ਤੋਂ ਆਏ ਵਿਅਕਤੀ ਨੂੰ ਜਾਂ ਉਸ ਦੇ ਸੰਪਰਕ ’ਚ ਆਏ ਵਿਅਕਤੀ ਨੂੰ ਤੇਜ਼ ਬੁਖਾਰ, ਸੁੱਕੀ ਖੰਘ ਜਾਂ ਸਾਹ ਲੈਣ ’ਚ ਤਕਲੀਫ਼ ਜਿਹੇ ਲੱਛਣ ਹਨ ਤਾਂ ਉਹ ਤੁਰੰਤ ਜ਼ਿਲ੍ਹਾ ਕੰਟਰੋਲ ਰੂਮ ਦੇ ਨੰਬਰਾਂ (01823-227470, 227471, 227473, 227474, 227476, 227478, 227479, 227480) ’ਤੇ ਸੰਪਰਕ ਕਰਨ।