ਅਸ਼ੋਕ ਵਰਮਾ
ਬਠਿੰਡਾ, 12 ਮਈ 2020 - ਕੰਪਿਊਟਰ ਅਧਿਆਪਕ ਕਮੇਟੀ ਪੰਜਾਬ ਦੇ ਸੱਦੇ 'ਤੇ ਕੋਰੋਨਾ ਵਾਇਰਸ ਡਿਊਟੀ ਦੌਰਾਨ ਸਿਹਤ ਸਹੂਲਤਾਂ ਨਾ ਮਿਲਣ 'ਤੇ ਰੋਸ ਪ੍ਰਦਰਸ਼ਨ ਕੀਤਾ ਹੈ। ਸੂਬਾ ਪ੍ਰਧਾਨ ਪਰਮਵੀਰ ਸਿੰਘ ਪਟਿਆਲਾ ਨੇ ਦੱਸਿਆ ਕਿ ਸਰਕਾਰ ਨੇ ਭਾਵੇ 50 ਲੱਖ ਦੇ ਬੀਮੇ ਦੀ ਗੱਲ ਕੀਤੀ ਪਰ ਉਹ ਐਕਸ ਗਰੇਸ਼ੀਆ ਗ੍ਰਾਂਟ ਅਧੀਨ ਮਿਲੇਗਾ।
ਸਰਕਾਰ ਦੀ ਬੇਰੁੱਖੀ ਦੀ ਗੱਲ ਕਰਦਿਆਂ ਉਨਾਂ ਦੱਸਿਆ ਕਿ ਵੱਖ ਵੱਖ ਜ਼ਿਲਿਆਂ ਵਿੱਚ ਕੰਪਿਊਟਰ ਅਧਿਆਪਕ ਕੋਰੋਨਾ ਸਬੰਧੀ ਡਿਊਟੀਆਂ ਦੇ ਰਹੇ ਹਨ ਪਰ ਉਨਾਂ ਨੂੰ ਐਕਸ ਗਰੇਸ਼ੀਆ ਗ੍ਰਾਂਟ ਅਧੀਨ 50 ਲੱਖ ਦੇ ਬੀਮੇ, ਮੈਡੀਕਲ ਰੀਇੰਬਰਸਮੈਟ, ਤਰਸ ਦੇ ਅਧਾਰ ਤੇ ਨੌਕਰੀ ਵਰਗੀਆਂ ਸਹੂਲਤਾਂ ਤੋ ਵਾਂਝਾ ਰੱਖਿਆ ਗਿਆ ਹੈ। ਕੰਪਿਊਟਰ ਅਧਿਆਪਕਾਂ ਨੇ ਲਾਕਡਾਉਨ ਦੇ ਮੱਦੇਨਜ਼ਰ ਆਪਣੇ ਘਰ ਅੰਦਰ ਰਹਿ ਕੇ ਸੋਸ਼ਲ ਮੀਡੀਆ ਰਾਹੀ ਰੋਸ਼ ਪਰਦਰਸ਼ਨ ਕੀਤਾ ਤੇ ਆਪਣੀ ਹੱਕੀ ਮੰਗ ਰੱਖੀ।
ਉਨਾਂ ਸਰਕਾਰ ਨੂੰ ਕਿਹਾ ਕਿ ਉਹ ਡਿਊਟੀ ਕਰਨ ਤੋ ਨਹੀ ਭੱਜਦੇ ਪਰ ਉਨਾਂ ਦਾ ਅਤੇ ਪਰਿਵਾਰ ਦਾ ਭਵਿੱਖ ਸੁਰੱਖਿਅਤ ਕਰਨ ਲਈ ਸਰਕਾਰ ਵਚਨਬੱਧ ਹੋਵੇ। ਇਸ ਮੌਕੇ ਜਸਵਿੰਦਰ ਸਿੰਘ ਭੁੱਲਰ, ਜੋਨੀ ਸਿੰਗਲਾ ਬਠਿੰਡਾ, ਗੁਰਪ੍ਰੀਤ ਸਿੰਘ ਅੰਮਿ੍ਰਤਸਰ, ਖੁਸਪ੍ਰੀਤ ਸਿੰਘ ਬਰਨਾਲਾ, ਗੁਰਪ੍ਰੀਤ ਸਿੰਘ ਲੁਧਿਆਣਾ, ਗੁਰਮੇਲ ਸਿੰਘ ਫਰੀਦਕੋਟ, ਰਜਿੰਦਰ ਸਿੰਘ ਬਾਵਾ ਬਠਿੰਡਾ ਅਤੇ ਗੁਰਬਖਸ਼ ਲਾਲ ਬਠਿੰਡਾ ਹਾਜ਼ਰ ਸਨ।