ਹਰਿੰਦਰ ਨਿੱਕਾ
- 193 ਸ਼ੱਕੀ ਮਰੀਜਾਂ ਦੀ ਰਿਪੋਰਟ ਦਾ ਹਾਲੇ ਇੰਤਜ਼ਾਰ
- ਜ਼ਿਲ੍ਹੇ 'ਚ ਕੁੱਲ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਸੰਖਿਆ 19 ਤੱਕ ਪਹੁੰਚੀ
ਬਰਨਾਲਾ, 8 ਮਈ 2020 - ਕੋਰੋਨਾ ਦਾ ਕਹਿਰ ਹਾਲੇ ਠੱਲ੍ਹਣ ਦਾ ਨਾਮ ਹੀ ਨਹੀਂ ਲੈ ਰਿਹਾ। ਨਾਈਵਾਲਾ ਪਿੰਡ ਹਾਲੇ ਤੱਕ ਸੀਲ ਹੈ। ਜਦੋਂ ਕਿ ਬੀਹਲਾ ਪਿੰਡ ਦਾ ਰਾਜਸਥਾਨ ਤੋਂ ਕੰਬਾਇਨ ਦਾ ਸੀਜਨ ਲਾ ਕੇ ਪਰਤਿਆ ਇੱਕ ਹੋਰ ਨੌਜਵਾਨ ਵੀ ਪਾਜ਼ੀਟਿਵ ਮਰੀਜ਼ਾਂ ਚ, ਸ਼ੁਮਾਰ ਹੋ ਗਿਆ ਹੈ। ਜਿਸ ਨੂੰ ਬੀਹਲਾ ਕਲਾਂ 'ਚ ਕੁਆਰੰਟੀਨ ਕਰਕੇ ਰੱਖਿਆ ਹੋਇਆ ਸੀ। ਹੁਣ ਜ਼ਿਲ੍ਹੇ 'ਚ ਕੁੱਲ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਸੰਖਿਆ 19 ਤੱਕ ਪਹੁੰਚ ਗਈ ਹੈ। ਜਦੋਂ ਕਿ 193 ਸ਼ੱਕੀ ਮਰੀਜਾਂ ਦੀ ਰਿਪੋਰਟ ਆਉਣਾ ਬਾਕੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜ਼ਨ ਡਾਕਟਰ ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਵੀਰਵਾਰ ਦੇਰ ਰਾਤ ਆਈ ਇੱਕ ਰਿਪੋਰਟ ਅਨੁਸਾਰ ਬੀਹਲਾ ਪਿੰਡ ਦੇ ਨੌਜਵਾਨ ਰੇਸ਼ਮ ਸਿੰਘ ਪੁੱਤਰ ਮਲਕੀਤ ਸਿੰਘ ਦੀ ਰਿਪੋਰਟ ਵੀ ਪਾਜ਼ੀਟਿਵ ਆਈ ਹੈ। ਇਸ ਤਰ੍ਹਾਂ ਹੁਣ ਜਿਲ੍ਹੇ ਅੰਦਰ ਪਾਜ਼ੀਟਿਵ ਮਰੀਜਾਂ ਦਾ ਅੰਕੜਾ 19 ਤੱਕ ਪਹੁੰਚ ਗਿਆ ਹੈ। ਉਨ੍ਹਾਂ ਦੱਸਿਆ ਕਿ 127 ਸ਼ੱਕੀ ਮਰੀਜ਼ਾਂ ਦੀ ਰਿਪੋਰਟ ਦਾ ਹਾਲੇ ਇੰਤਜਾਰ ਹੈ, ਜਦੋਂ ਕਿ ਵੀਰਵਾਰ ਨੂੰ ਹੋਰ ਵੀ 66 ਸ਼ੱਕੀ ਮਰੀਜ਼ਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ।
ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਨਾਈਵਾਲਾ ਪਿੰਡ ਦਾ ਨੌਜਵਾਨ ਜਗਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਵੀ ਪਾਜ਼ੀਟਿਵ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬਰਨਾਲਾ, ਤਪਾ, ਮਹਿਲ ਕਲਾਂ ਤੇ ਧਨੌਲਾ ਖੇਤਰਾ ਦੇ ਹਸਪਤਾਲਾਂ ਦੀਆਂ ਟੀਮਾ ਇਲਾਕੇ ਦੇ ਲੋਕਾਂ ਦੇ ਸੈਂਪਲ ਲੈ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਇਹਤਿਆਤ ਵਰਤਣ, ਕਰਫਿਊ ਚ, ਢਿੱਲ ਦੇ ਬਾਵਜੂਦ ਲੋਕਾਂ ਨੂੰ ਮਾਸਕ ਪਾ ਕੇ ਬਾਹਰ ਨਿੱਕਲਣਾ ਚਾਹੀਦਾ ਹੈ, ਸੋਸ਼ਲ ਦੂਰੀ ਬਣਾ ਕੇ ਰੱਖਣ ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਕਰਫਿਊ ਚ, ਢਿੱਲ ਦਾ ਮਤਲਬ ਇਹ ਕਤਈ ਨਹੀਂ ਸਮਝਣਾ ਚਾਹੀਦਾ ਕਿ ਕੋਰੋਨਾ ਦਾ ਖਤਰਾ ਹੁਣ ਨਹੀਂ ਰਿਹਾ।