ਮਨਿੰਦਰਜੀਤ ਸਿੱਧੂ
- ਜੈਤੋ ਦੇ ਕੁੱਝ ਡਿੱਪੂਆਂ ਉੱਪਰ ਪਹੁੰਚ ਚੁੱਕੀ ਹੈ ਮਨੁੱਖਾਂ ਦੇ ਨਾ ਖਾਣ ਯੋਗ ਕਣਕ
ਜੈਤੋ, 1 ਮਈ 2020 - ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਲਗਾਏ ਗਏ ਕਰਫ਼ਿਊ ਦੇ ਚਲਦਿਆਂ ਵੱਡੇ-ਵੱਡੇ ਦਾਅਵੇ ਤੇ ਵਾਅਦੇ ਕੀਤੇ ਜਾ ਰਹੇ ਹਨ ਕਿ ਇਸ ਦੌਰਾਨ ਕਿਸੇ ਵੀ ਗਰੀਬ ਲੋੜਵੰਦ ਨੂੰ ਭੁੱਖਾ ਨਹੀਂ ਸੌਣ ਦਿੱਤਾ ਜਾਵੇਗਾ, ਪਰ ਸਰਕਾਰ ਦੇ ਉਕਤ ਦਾਅਵਿਆਂ ਦੀ ਪੋਲ ਜੈਤੋ ਦੇ ਸਰਕਾਰੀ ਡਿੱਪੂਆਂ ਉੱਪਰ ਪੁੱਜੀ ਕਣਕ ਨੇ ਖੋਲ ਦਿੱਤੀ ਹੈ। ਇਹ ਕਣਕ ਮਨੁੱਖਾਂ ਦੇ ਖਾਣ ਦੇ ਲਾਇਕ ਤਾਂ ਕੀ ਇਸਨੂੰ ਜੇਕਰ ਪਸ਼ੂ ਵੀ ਖਾਣ ਤਾਂ ਉਹ ਵੀ ਲਾਜ਼ਮੀ ਤੌਰ ਤੇ ਬਿਮਾਰ ਹੋ ਜਾਣਗੇ।
ਸਰਕਾਰ ਦੁਆਰਾ ਨੀਲੇ ਕਾਰਡ ਧਾਰਕਾਂ ਨੂੰ ਪ੍ਰਤੀ ਜੀਅ ਤਿੰਨ ਮਹੀਨੇ ਲਈ 15 ਕਿੱਲੋ ਕਣਕ ਮੁਹੱਈਆ ਕਰਵਾਉਣ ਲਈ ਭੇੇਜੇ ਅਨਾਜ ਪੂਰੀ ਤਰ੍ਹਾਂ ਉੱਲੀ ਨਾਲ ਗੜੁੱਚ ਹਨ। ਇਸ ਗੱਲ ਤੋਂ ਸਹਿਜ਼ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਲੋਕਾਂ ਦੀ ਸਿਹਤ ਅਤੇ ਸਹੂਲਤ ਲਈ ਕਿੰਨਾ ਕੁ ਸੰਵੇਦਨਸ਼ੀਲ ਹੈ।ਗਰੀਬ ਲੋਕਾਂ ਲਈ ਸਰਕਾਰ ਵੱਲੋਂ ਰਾਸ਼ਨ ਦੀ ਜੋ ਕਿੱਟਾਂ ਪਹਿਲਾਂ ਵੀ ਆਈਆਂ ਸਨ ਉਹ ਵੀ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਛਪਣ ਕਾਰਨ ਕਾਫੀ ਦੇਰੀ ਨਾਲ ਲੋਕਾਂ ਤੱਕ ਪਹੁੰਚੀਆਂ ਸਨ।
ਚਲੋ ਦੇਰ ਆਏ ਦਰੁੱਸਤ ਆਏ ਪਰ ਇਸ ਵਾਰ ਤਾਂ ਸਰਕਾਰ ਨੇ ਅਜਿਹੀ ਘਟੀਆ ਕਿਸਮ ਦੀ ਕਣਕ ਜੋ ਕਿ ਗਰੀਬੀ ਰੇਖਾ ਤੋਂ ਹੇਠਾਂ ਲੋਕਾਂ ਲਈ ਭੇਜੀ ਹੈ, ਉਹ ਲੋਕਾਂ ਦੀ ਸਿਹਤ ਨਾਲ ਖਿਲਵਾੜ ਤਾਂ ਹੈ ਹੀ ਸਗੋਂ ਉਹ ਇਸ ਔਕੜ ਵਿੱਚ ਅੰਦਰ ਤਾੜੇ ਲੋਕਾਂ ਦਾ ਮਨੋਬਲ ਵੀ ਡੇਗਦਾ ਹੈ। ਵਿਕਸਿਤ ਮੁਲਕਾਂ ਵਿੱਚ ਸਰਕਾਰਾਂ ਦੁਆਰਾ ਇਸ ਮਹਾਂਮਾਰੀ ਦੌਰਾਨ ਆਪਣੇ ਲੋਕਾਂ ਨੂੰ ਖਾਣ ਪੀਣ ਅਤੇ ਸਿਹਤ ਸੇਵਾਵਾਂ ਲਈ ਪੂਰਾ ਪ੍ਰਬੰਧ ਕੀਤਾ ਹੈ ਪਰ ਅਫ਼ਸੋਸ ਸਾਡੀ ਸਰਕਾਰ ਨੇ ਆਪਣੇ ਬਾਸ਼ਿੰਦਿਆਂ ਨਾਲ ਕੋਝਾ ਮਜ਼ਾਕ ਕੀਤਾ ਹੈ। ਕੋਰੋਨਾ ਮਹਾਂਮਾਰੀ ਤੋਂ ਤਾਂ ਸਾਇਦ ਲੋਕ ਬਚ ਜਾਣ ਪਰ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੁਆਰਾ ਭੇਜ਼ੀ ਗਈ ਇਹ ਕਣਕ ਲੋਕਾਂ ਲਈ ਹੋਰ ਕਈ ਭਿਆਨਕ ਬਿਮਾਰੀਆਂ ਲੈਕੇ ਆ ਸਕਦੀ ਹੈ।
ਕੀ ਕਹਿੰਦੇ ਹਨ ਡੀ.ਐੱਫ.ਐੱਸ.ਸੀ?
ਇਸ ਬਾਬਤ ਜਦ ਅਸੀਂ ਫਰੀਦਕੋਟ ਜਿਲੇ੍ਹ ਦੇ ਡੀ.ਐੱਫ.ਐੱਸ.ਸੀ ਜਸਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਅਸੀ ਇਹ ਕਣਕ ਵਾਪਿਸ ਮੰਗਵਾ ਲਵਾਂਗੇ ਅਤੇ ਲੋਕਾਂ ਨੂੰ ਸਪਲਾਈ ਲਈ ਵਧੀਆ ਦਰਜੇ ਦੀ ਕਣਕ ਭੇਜੀ ਜਾਵੇਗੀ। ਉਹਨਾਂ ਕਿਹਾ ਕਿ ਅਣਗਹਿਲੀ ਲਈ ਜਿੰਮੇਵਾਰ ਸਬੰਧਤ ਨਿਰੀਖਕ ਖਿਲਾਫ਼ ਕਾਰਵਾਈ ਵੀ ਕੀਤੀ ਜਾਵੇਗੀ।
ਕੀ ਕਹਿੰਦੇ ਹਨ ਵਿਧਾਇਕ ਬਲਦੇਵ ਸਿੰਘ?
ਇਸ ਸਬੰਧੀ ਜਦ ਜੈਤੋ ਹਲਕੇ ਤੋਂ ਵਿਧਾਇਕ ਬਲਦੇਵ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਕੈਪਟਨ ਸਰਕਾਰ ਲੋਕਾਂ ਦੀ ਮਦਦ ਕਰਨ ਲਈ ਸੰਜੀਦਾ ਨਹੀਂ ਹੈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀ ਅਣਗਹਿਲੀ ਕਰਨ ਅਧਿਕਾਰੀਆਂ ਨੂੰ ਤੁਰੰਤ ਨੌਕਰੀ ਤੋਂ ਬਰਖਾਸਤ ਕਰਕੇ ਘਰ ਤੋਰ ਦੇਣਾ ਚਾਹੀਦਾ ਹੈ।