ਮਨਪ੍ਰੀਤ ਸਿੰਘ ਜੱਸੀ
- ਸਾਬਕਾ ਫੌਜੀ ਯੁੱਧ ਵਾਂਗ ਕੋਰੋਨਾ ਵਿਰੁੱਧ ਡੱਟਣ: ਜਨਰਲ ਸ਼ੇਰਗਿਲ
- ਲੈਫੀ. ਜਨਰਲ ਟੀ.ਐਸ ਸ਼ੇਰਗਿੱਲ ਵਲੋਂ ਅਧਿਕਾਰੀਆਂ ਨਾਲ ਮੀਟਿੰਗ
ਅੰਮ੍ਰਿਤਸਰ, 3 ਅਪ੍ਰੈਲ 2020 - ਪਰਮ ਵਿਸ਼ਿਸਟ ਸੇਵਾ ਮੈਡਲ ਲੈਫੀ. ਜਨਰਲ (ਸੇਵਾ ਮੁਕਤ) ਸ੍ਰੀ ਟੀ.ਐਸ ਸ਼ੇਰਗਿਲ ਸੀਨੀਅਰ ਵਾਈਸ ਚੇਅਰਮੈਨ 'ਗਾਰਡੀਅਨ ਆਫ ਗਵਰਨੈੱਸ' ਅਤੇ ਸੀਨੀਅਰ ਐਡਵਾਈਜ਼ਰ ਮੁੱਖ ਮੰਤਰੀ ਪੰਜਾਬ ਨਾਲ ਸਰਕਟ ਹਾਊਸ ਵਿਖੇ ਕੀਤੀ ਮੀਟਿੰਗ ਦੌਰਾਨ ਅੰਮ੍ਰਿਤਸਰ ਜ਼ਿਲ੍ਹੇ ਦੇ ਖੁਸ਼ਹਾਲੀ ਦੇ ਰਾਖੇ, ਜੋ ਕਿ ਸਾਬਕਾ ਫੌਜੀ ਹਨ, ਵੱਲੋਂ ਆਪਣੀ ਮਹੀਨੇ ਦੀ ਅੱਧੀ ਤਨਖਾਹ ਜਿਲ੍ਹੇ ਵਿਚ ਚੱਲ ਰਹੇ ਰਾਹਤ ਕੰਮਾਂ ਵਿਚ ਲਗਾਉਣ ਦਾ ਐਲਾਨ ਕੀਤਾ। ਅੱਜ ਜ਼ਿਲ੍ਹਾ ਪ੍ਰਸ਼ਾਸਨ ਨਾਲ ਕਰਫਿਊ ਦੌਰਾਨ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪੁੱਜੇ ਸ੍ਰੀ ਟੀ.ਐਸ. ਸੇਰਗਿੱਲ ਨੇ ਸਾਬਕਾ ਫੌਜੀਆਂ ਵੱਲੋਂ ਕੀਤੇ। ਇਸ ਐਲਾਨ ਲਈ ਧੰਨਵਾਦ ਕਰਦੇ ਕਿਹਾ ਕਿ ਤੁਸੀਂ ਯੋਧੇ ਹੋ ਅਤੇ ਤੁਸੀਂ ਦੁਸ਼ਮਣ ਨਾਲ ਕਈ ਜੰਗਾਂ ਲੜੀਆਂ ਹਨ। ਕੋਰੋਨਾ ਵਿਰੁੱਧ ਵੀ ਇਕ ਜੰਗ ਹੈ, ਜੋ ਅਸੀਂ ਸਾਰੇ ਲੜ ਰਹੇ ਹਾਂ ਅਤੇ ਤੁਸੀਂ ਇਸ ਜੰਗ ਵਿਚ ਲੋਕਾਂ ਨੂੰ ਘਰਾਂ ਵਿਚ ਰਹਿਣ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਕਰਫਿਊ ਦੌਰਾਨ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਕਰੋ।
ਉਨ੍ਹਾਂ ਕਿਹਾ ਕਿ ਸਾਰੇ ਪੰਜਾਬ ਵਿਚ ਜੀ.ਓ.ਜੀ. ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸੰਕਟ ਦੇ ਸਮੇਂ ਜਿਲ੍ਹਾ ਪ੍ਰਸ਼ਾਸਨ ਅਤੇ 'ਗਾਰਡੀਅਨ ਆਫ ਗਵਰਨੈੱਸ' ਦੇ ਵਲੰਟੀਅਰ ਆਪਸੀ ਤਾਲਮੇਲ ਨਾਲ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਿਲ ਨਾ ਆਉਣ ਦੇਣ। ਉਨ੍ਹਾਂ ਕਿਹਾ ਕਿ ਕਰਫਿਊ ਦੌਰਾਨ ਕਿਰਤੀ ਲੋਕ ਜੋ ਕਿ ਰੋਜ਼ ਕਮਾਈ ਕਰਕੇ ਆਪਣਾ ਘਰ ਚਲਾਉਂਦੇ ਸਨ, ਨੂੰ ਰਾਸ਼ਨ, ਦਵਾਈਆਂ ਅਤੇ ਹੋਰ ਲੋੜੀਦੀਆਂ ਵਸਤਾਂ ਦੀ ਸਪਲਾਈ ਨੂੰ ਯਕੀਨੀ ਬਨਾਉਣ ਵਿਚ ਜੀ. ਓ. ਜੀ. ਵੱਧ ਚੜ੍ਹ ਕੇ ਯੋਗਦਾਨ ਪਾਉਣ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਜਿਲ੍ਹੇ ਵਿਚ ਚੱਲ ਰਹੇ ਰਾਹਤ ਕੰਮਾਂ ਅਤੇ ਹਾੜੀ ਦੀ ਖਰੀਦ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਵੇਰਵਾ ਜਨਰਲ ਸ਼ੇਰਗਿਲ ਨਾਲ ਸਾਂਝਾ ਕੀਤਾ। ਅੰਮ੍ਰਿਤਸਰ ਜਿਲ੍ਹੇ ਦੇ ਜੀ ਓ ਜੀ ਮੁਖੀ ਸਾਬਕਾ ਕਰਨਲ ਐਸ. ਐਸ. ਸੰਧੂ ਨੇ ਦੱਸਿਆ ਕਿ ਜਿਲ੍ਹੇ ਵਿਚ 319 ਜੀ.ਓ.ਜੀ. ਹਨ ਅਤੇ ਇਹ ਰਕਮ ਕੋਈ ਕਰੀਬ 17 ਕੁ ਲੱਖ ਰੁਪਏ ਬਣੇਗੀ। ਉਨ੍ਹਾਂ ਦੱਸਿਆ ਕਿ ਅਸੀਂ ਇਸ ਰਕਮ ਨਾਲ ਪ੍ਰਸ਼ਾਸ਼ਨ ਦੀ ਸਲਾਹ ਉਤੇ ਲੋੜਵੰਦ ਲੋਕਾਂ ਤੱਕ ਸੁੱਕਾ ਰਾਸ਼ਨ ਪੁੱਜਦਾ ਕਰਾਂਗੇ। ਉਨ੍ਹਾਂ ਦੱਸਿਆ ਕਿ ਅਸੀਂ ਜਿਲ੍ਹੇ ਵਿਚੋਂ ਅਜਿਹੇ 40 ਹਜ਼ਾਰ ਪਰਿਵਾਰਾਂ ਦੀ ਸ਼ਨਾਖਤ ਕੀਤੀ ਹੈ ਅਤੇ ਇਸ ਵੇਲੇ ਵੀ ਸਰਕਾਰ ਵੱਲੋਂ ਇਨਾਂ ਨੂੰ ਰਾਹਤ ਸਮਗਰੀ ਭੇਜੀ ਜਾ ਰਹੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਓ ਐਸ ਡੀ ਸ. ਕਰਨਵੀਰ ਸਿੰਘ, ਡਿਪਟੀ ਡਾਇਰੈਕਟਰ ਸੈਨਿਕ ਵੈਲਫੇਅਰ ਲੈਫ. ਕਰਨਲ ਸਤਬੀਰ ਸਿੰਘ ਵੜੈਚ, ਉਪ ਜਿਲਾ ਮੁਖੀ ਕਰਨਲ ਆਈ. ਐਸ. ਸੰਧੂ, ਕਰਨਲ ਜੀ ਐਸ ਬਾਜਵਾ, ਕਰਨਲ ਕੇ. ਐਸ. ਢਿਲੋਂ, ਕਰਨਲ ਗੁਰਮੁੱਖ ਸਿੰਘ, ਕਰਨਲ ਐਸ ਐਸ ਢਿਲੋਂ, ਮੇਜਰ ਪੀ ਐਸ ਹੁੰਦਲ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।