ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 23 ਅਪ੍ਰੈਲ 2020 - ਪੰਜਾਬ ਦੇ ਕਿਸਾਨਾਂ ਖੇਤ ਮਜਦੂਰਾਂ, ਸਨਅਤੀ ਤੇ ਬਿਜਲੀ ਕਾਮਿਆਂ, ਠੇਕਾ ਮੁਲਾਜਮਾਂ ਅਤੇ ਨੌਜਵਾਨ ਤੇ ਵਿਦਿਆਰਥੀਆਂ ਦੀਆਂ 16 ਜਨਤਕ ਜਥੇਬੰਦੀਆਂ ਵੱਲੋਂ ਕਣਕ ਦੀ ਖਰੀਦ, ਰਾਸ਼ਨ ਦੀ ਵੰਡ, ਇਲਾਜ ਦੇ ਪ੍ਰਬੰਧ , ਸਿਹਤ ਸੇਵਾਵਾਂ ਦਾ ਸਰਕਾਰੀਕਰਨ ਕਰਨ , ਕਿਰਤੀਆਂ ਦੇ ਨੁਕਸਾਨ ਦੀ ਭਰਪਾਈ ਕਰਨ, ਮੁਲਾਜਮਾਂ ਦੀ ਤਨਖਾਹ ਕਟੌਤੀ ਰੱਦ ਕਰਨ, ਕਰੋਨਾ ਦੀ ਆੜ ਹੇਠ ਮੁਸਲਮਾਨਾਂ ਅਤੇ ਸੀਏਏ ਤੇ ਐਨ ਆਰ ਸੀ ਖਿਲਾਫ ਸੰਘਰਸ ਚ ਹਿੱਸਾ ਲੈਣ ਵਾਲੇ ਲੋਕਾਂ ਨੂੰ ਨਿਸਾਨਾ ਬਣਾਉਣ ਦੀ ਕਵਾਇਦ ਰੋਕਣ ਆਦਿ ਮੰਗਾਂ ਨੂੰ ਲੈਕੇ 25 ਅਪ੍ਰੈਲ ਨੂੰ ਪੰਜਾਬ ਭਰ ਚ ਰੋਸ ਪ੍ਰਦਰਸ਼ਨ ਕਰਨ ਦੇ ਸੱਦੇ ਨੂੰ ਸਫਲ ਬਣਾਉਣ ਲਈ ਇਲਾਕੇ ਦੇ ਕਿਸਾਨਾਂ, ਖੇਤ ਮਜਦੂਰਾਂ ਤੇ ਨੌਜਵਾਨਾਂ ਨੇ ਜੋਰਦਾਰ ਮੁਹਿੰਮ ਤੇਜ ਕਰ ਦਿੱਤੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਗੁਰਪਾਸ਼ ਸਿੰਘ ਤੇ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਆਗੂ ਕਾਲਾ ਸਿੰਘ ਨੇ ਜਾਰੀ ਬਿਆਨ ਵਿੱਚ ਦੱਸਿਆ ਕਿ ਪਿੰਡ ਕਿੱਲਿਆਂਵਾਲੀ, ਗੱਗੜ, ਸਿੰਘੇਵਾਲਾ ਤੇ ਫਤੂਹੀਵਾਲਾ ਆਦਿ ਪਿੰਡਾਂ ਵਿੱਚ ਬਿਮਾਰੀ ਤੋਂ ਬਚਾਅ ਲਈ ਸਾਵਧਾਨੀਆਂ ਵਰਤਦੇ ਹੋਏ ਮੀਟਿੰਗਾਂ ਕੀਤੀਆਂ ਗਈਆਂ।
ਇਨ੍ਹਾਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆ ਨੇ ਦੋਸ਼ ਲਾਇਆ ਕਿ ਕਰੋਨਾ ਤੋਂ ਬਚਾਅ ਦੀ ਆੜ ਚ ਮੜੇ ਕਰਫਿਊ ਕਾਰਨ ਲੋਕਾਂ ਨੂੰ ਰੋਟੀ , ਇਲਾਜ ਤੇ ਕਣਕ ਵੇਚਣ ਦੇ ਮਾਮਲੇ ਚ ਗੰਭੀਰ ਮੁਸਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਇੱਕ ਮਹੀਨੇ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਵੀ ਸਰਕਾਰ ਵਲੋਂ ਲੋੜਵੰਦ ਲੋਕਾਂ ਲਈ ਰਾਸਨ ਨਹੀਂ ਦਿੱਤਾ ਗਿਆ ਅਤੇ ਨਾ ਹੀ ਸਿਹਤ ਕਰਮਚਾਰੀਆਂ ਲਈ ਲੋੜੀਂਦੀ ਮਾਤਰਾ ਚ ਬਚਾਓ ਕਿੱਟਾਂ ਦਿੱਤੀਆਂ ਗਈਆਂ ਬੱਸ ਲੋਕਾਂ ਤੇ ਡਾਂਗ ਫੇਰਨ ਲਈ ਪੁਲੀਸ ਨੂੰ ਖੁਲੀਆਂ ਛੋਟਾਂ ਦੇ ਦਿੱਤੀਆਂ ਹਨ।
ਉਹਨਾਂ ਕਿਹਾ ਕਿ ਇਸ ਰਵੱਈਏ ਨੇ ਸੂਬਾ ਤੇ ਕੇਂਦਰ ਸਰਕਾਰ ਦੇ ਲੋਕਾਂ ਨਾਲ ਦੁਸਮਣੀ ਵਾਲੇ ਰਿਸਤੇ ਨੂੰ ਹੋਰ ਵੀ ਜੋਰਦਾਰ ਢੰਗ ਨਾਲ ਉਭਾਰ ਦਿੱਤਾ ਹੈ। ਉਹਨਾਂ ਕਿਹਾ ਕਿ ਸੰਕਟ ਮੂੰਹ ਆਏ ਲੋਕਾਂ ਦੀਆਂ ਸਮੱਸਿਆਂਵਾਂ ਹੱਲ ਕਰਨ ਦੀ ਥਾਂ ਸਰਕਾਰਾਂ ਇਸ ਮੌਕੇ ਨੂੰ ਵਰਤਕੇ ਲੋਕਾਂ ਤੇ ਆਰਥਿਕ ਅਤੇ ਜਾਬਰ ਹੱਲਾ ਅੱਗੇ ਵਧਾ ਰਹੀਆਂ ਹਨ।
ਉਹਨਾਂ ਕਿਹਾ ਕਿ ਪਿੰਡ ਫਤੂਹੀਵਾਲਾ ਵਿਖੇ ਪਿਛਲੇ 45 ਸਾਲਾਂ ਤੋਂ ਪੰਚਾਇਤੀ ਜਮੀਨ ਤੇ ਕਾਬਜ ਮਜਦੂਰਾਂ ਵਲੋਂ ਬੀਜੀ ਕਣਕ ਪ੍ਰਸਾਸਨ ਵਲੋਂ ਪੁਲਿਸ ਦੇ ਜੋਰ ਵੱਢਣ ਅਤੇ ਮੋਦੀ ਹਕੂਮਤ ਵਲੋਂ ਜਮਹੂਰੀ ਹੱਕਾਂ ਦੇ ਕਾਰਕੁੰਨਾ ਤੇ ਸੀਏਏ ਵਿਰੋਧੀ ਸੰਘਰਸ ਚ ਸਾਮਲ ਲੋਕਾਂ ਨੂੰ ਗਿਰਫਤਾਰ ਕਰਕੇ ਜੇਲਾਂ ਚ ਡੱਕਣ ਦੀ ਕਾਰਵਾਈ ਸਾਬਤ ਕਰਦੀ ਹੈ ਕਿ ਹਕੂਮਤਾਂ ਇਸ ਸੰਕਟ ਨੂੰ ਸੁਨਿਹਰੀ ਮੌਕਾ ਸਮਝ ਰਹੀਆਂ ਹਨ। ਉਹਨਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ 25 ਅਪ੍ਰੈਲ ਨੂੰ ਸਵੇਰੇ 7 ਵਜੇ ਤੋਂ 8 ਵਜੇ ਤੱਕ ਆਪੋ-ਆਪਣੇ ਕੋਠਿਆਂ ਤੇ ਚੜਕੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਤੇ ਸਰਕਾਰੀ ਬੇਰੁਖੀ ਤੇ ਬੇਕਿਰਕੀ ਖਿਲਾਫ ਅਵਾਜ ਬੁਲੰਦ ਕਰਨ।