4 ਦੇ ਵਿਰੁੱਧ ਕੇਸ ਦਰਜ਼,ਦੋਸ਼ੀਆਂ ਨੂੰ ਭਾਲਦੀ ਪੁਲਿਸ ਫਿਰਦੀ...
ਹਰਿੰਦਰ ਨਿੱਕਾ
ਬਰਨਾਲਾ 16 ਅਪ੍ਰੈਲ 2020 - ਆਪਣੇ ਘਰ ਮੁਟਿਆਰ ਧੀਆਂ ਦੀ ਦੁਹਾਈ ਦੇ ਕੇ ਗੁਆਂਢੀ ਨੂੰ ਬਾਹਰੀ ਮੁੰਡਿਆਂ ਨੂੰ ਰੋਕਦੇ ਪਿਉ ਦੀ ਉਹਦੇ ਘਰ ਅੰਦਰ ਵੜ ਕੇ ਮਾਰਕੁੱਟ ਕਰਨ ਦੀ ਗੰਭੀਰ ਘਟਨਾ ਸਾਹਮਣੇ ਆਈ ਹੈ। ਨਾਮਜ਼ਦ ਦੋਸ਼ੀਆਂ ਦੇ ਖਿਲਾਫ ਪੁਲਿਸ ਨੇ ਕੇਸ ਤਾਂ ਦਰਜ਼ ਕਰ ਦਿੱਤਾ, ਪਰ ਹਾਲੇ ਤੱਕ ਦੋਸ਼ੀ ਪੁਲਿਸ ਦੇ ਹੱਥ ਨਹੀਂ ਲੱਗੇ। ਸਾਧਾਂ ਮੁਹੱਲਾ ਭਦੋੜ ਦੇ ਰਹਿਣ ਵਾਲੇ ਗੁਰਤੇਜ਼ ਸਿੰਘ ਪੁੱਤਰ ਭਾਨ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ ਚ, ਕਿਹਾ ਕਿ ਉਹਦੇ ਘਰ ਮੁਟਿਆਰ ਧੀਆਂ ਹਨ। ਪਰੰਤੂ ਉਸ ਦੇ ਗੁਆਂਢੀ ਜਸਕਰਨ ਸਿੰਘ ਦੇ ਘਰ ਬਾਹਰੀ ਮੁੰਡਿਆਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ। ਉਹ ਅਕਸਰ ਹੀ ਜਸਕਰਨ ਸਿੰਘ ਨੂੰ ਆਪਣੇ ਘਰ ਬਾਹਰੀ ਮੁੰਡਿਆਂ ਨੂੰ ਬਲਾਉਣ ਤੋਂ ਰੋਕਦਾ ਰਹਿੰਦਾ ਸੀ। ਲੌਕਡਾਉਨ ਦੌਰਾਨ ਵੀ ਮੁੰਡਿਆਂ ਦਾ ਆਉਣ ਜਾਣ ਉਸੇ ਤਰਾਂ ਜਾਰੀ ਰਿਹਾ। ਇਸੇ ਰੰਜਸ਼ ਕਾਰਣ ਉਹਦੇ ਗੁਆਂਢੀ ਰਾਤ ਦੇ ਸਮੇਂ ਜਸਕਰਨ ਸਿੰਘ, ਜੱਸੀ ਸਿੰਘ, ਜਗਸੀਰ ਸਿੰਘ ਉਰਫ ਸੀਰਾ ਤੇ ਗੋਲਡੀ ਸਿੰਘ ਵਾਸੀ ਸਾਧਾਂ ਵਾਲਾ ਮੁਹੱਲਾ , ਉਹ ਦੇ ਘਰ ਦਾ ਦਰਵਾਜਾ ਤੋੜ ਕੇ ਧੱਕੇ ਨਾਲ ਗੈਰ ਕਾਨੂੰਨੀ ਢੰਗ ਨਾਲ ਅੰਦਰ ਆ ਵੜੇ,ਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਮਾਰਤਾ ਮਾਰਤਾ ਦਾ ਰੌਲਾ ਪਾਉਣ ਤੇ ਸਾਰੇ ਦੋਸ਼ੀ ਫਿਰ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦਿੰਦੇ ਹੋਏ ਭੱਜ ਗਏ। ਮਾਮਲੇ ਦੇ ਤਫਤੀਸ਼ ਅਫਸਰ ਥਾਣੇਦਾਰ ਗੁਰਤੇਜ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੇ ਖਿਲਾਫ ਅਧੀਨ ਜੁਰਮ 458/324/ 323/188/506/34 ਆਈਪੀਸੀ ਦੇ ਤਹਿਤ ਥਾਣਾ ਭਦੌੜ ਚ, ਕੇਸ ਦਰਜ਼ ਕਰਕੇ ਉਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ। ਜਲਦ ਹੀ ਉਹਨਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਦੋਸ਼ੀਆਂ ਨੂੰ ਕਿੰਨੀ ਹੋ ਸਕਦੀ ਐ ਸਜ਼ਾ
ਭਾਰਤੀ ਦੰਡ ਸੰਘਤਾ ਦੇ ਅਨੁਸਾਰ ਜੇਕਰ ਕੋਈ ਵਿਅਕਤੀ ਰਾਤ ਦੇ ਸਮੇਂ ਕਿਸੇ ਦੇ ਘਰ ਤੋੜ ਕੇ ਗੈਰ ਕਾਨੂੰਨੀ ਢੰਗ ਨਾਲ ਉਸ ਨੂੰ ਨੁਕਸਾਨ ਪਹੁੰਚਾਉਣ ਜਾਂ ਭੈਅ ਪੈਦਾ ਕਰਨ ਦੀ ਨੀਯਤ ਨਾਲ ਗ੍ਰਿਹ ਪ੍ਰਵੇਸ਼ ਕਰਦਾ ਹੈ ਤਾਂ ਉਸ ਨੂੰ 14 ਸਾਲ ਤੱਕ ਦੀ ਸਖਤ ਸਜ਼ਾ ਅਤੇ ਜੁਰਮਾਨਾ ਵੀ ਹੋ ਸਕਦਾ ਹੈ।