ਦਿਨੇਸ਼
ਗੁਰਦਾਸਪੁਰ, 14 ਅਪ੍ਰੈਲ 2020 - ਦੇਸ਼ ਭਰ ਵਿਖੇ ਲਾਗੂ ਕੀਤੇ ਗਏ ਲੋਕ-ਡਾਊਨ ਦੇ 21ਵੇਂ ਦੀਨ ਕੋਰੋਨਾ ਵਾਇਰਸ ਨੇ ਗੁਰਦਾਸਪੁਰ ਵਿਖੇ ਵੀ ਆਪਣੀ ਹੋਂਦ ਦਰਜ ਕਰਵਾ ਦਿੱਤੀ ਹੈ ਅਤੇ ਇੱਥੇ ਵੀ ਕੋਰੋਨਾ ਵਾਇਰਸ ਦਾ ਇੱਕ ਮਰੀਜ਼ ਸਾਹਮਣੇ ਆ ਚੁੱਕਾ ਹੈ। ਇਹ ਮਰੀਜ਼ ਆਪਣੇ ਕਿਸੇ ਕੋਰੋਨਾ ਪੀੜਿਤ ਰਿਸ਼ਤੇਦਾਰ ਦੇ ਸੰਪਰਕ ਵਿੱਚ ਆਇਆ ਸੀ। ਜਿਸ ਤੋਂ ਬਾਦ ਇਹ 60 ਸਾਲਾ ਬਜ਼ੁਰਗ ਵੀ ਕੋਰੋਨਾ ਪੋਜ਼ਿਟਿਵ ਪਾਇਆ ਗਿਆ।
ਮਾਮਲੇ ਦੀ ਤਸਦੀਕ ਸਥਾਨਕ ਸਿਹਤ ਵਿਭਾਗ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਕੀਤੀ ਗਈ ਹੈ। ਜਿਸ ਦੇ ਮੁਤਾਬਿਕ ਗੁਰਦਾਸਪੁਰ ਦੇ ਬਲਾਕ ਕਾਹਨੂੰਵਾਨ ਦੇ ਪਿੰਡ ਭੈਣੀ ਪਸਵਾਲ ਵਿਖੇ ਰਹਿਣ ਵਾਲਾ 60 ਸਾਲ ਬਜ਼ੁਰਗ ਦੀ ਕੋਰੋਨਾ ਰਿਪੋਰਟ ਪੋਜ਼ਿਟਿਵ ਪਾਈ ਗਈ ਹੈ। ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਤਾਬਿਕ ਇਹ 60 ਸਾਲਾ ਮਰੀਜ਼ ਜਲੰਧਰ ਵਿਖੇ ਆਪਣੇ ਇੱਕ ਰਿਸ਼ਤੇਦਾਰ ਦੇ ਸੰਪਰਕ ਵਿੱਚ ਸੀ। ਜੋ ਪਹਿਲਾਂ ਤੋਂ ਹੀ ਕੋਰੋਨਾ ਬਿਮਾਰੀ ਦਾ ਸ਼ਿਕਾਰ ਚੱਲ ਰਿਹਾ ਸੀ।
ਘਟਨਾ ਦੇ ਖ਼ੁਲਾਸੇ ਮਗਰੋਂ ਪੀੜਿਤ ਨੂੰ ਸਰਕਾਰੀ ਹਸਪਤਾਲ ਗੁਰਦਾਸਪੁਰ ਵਿਖੇ ਇਲਾਜ ਅਧੀਨ ਰੱਖਿਆ ਗਿਆ ਸੀ। ਪਰ ਉਸ ਦੀ ਨਾਜ਼ੁਕ ਹਾਲਾਤ ਨੂੰ ਵੇਖਦਿਆਂ ਹੋਈਆਂ ਅੰਮ੍ਰਿਤਸਰ ਵਿਖੇ ਰੈਫ਼ਰ ਕੀਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਓਥੇ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਪੀੜਿਤ ਦੇ ਪਿੰਡ ਭੈਣੀ ਪਸਵਾਲ ਅਤੇ ਉਸ ਦੇ ਆਸ ਪਾਸ ਕੁੱਲ 5 ਪਿੰਡਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਡਰੋਂ ਰਾਹੀਂ ਪੂਰੇ ਇਲਾਕੇ ਉੱਪਰ ਨਜ਼ਰ ਰੱਖੀ ਜਾ ਰਹੀ ਹੈ।