ਅਸ਼ੋਕ ਵਰਮਾ
ਬਠਿੰਡਾ, 19 ਮਈ 2020 - ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ,ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਛੋਟੇ ਭਰਾ ਗੁਰਦਾਸ ਸਿੰਘ ਬਾਦਲ ਨਮਿੱਤ ਪਾਠ ਦੇ ਭੋਗ ਅੱਜ ਪਿੰਡ ਬਾਦਲ ਵਿਖੇ ਪਾਏ ਗਏ। ਕਰੋਨਾ ਵਾਇਰਸ ਦੇ ਸੰਕਟ ਕਾਰਨ ਕਿਸੇ ਵੀ ਕਿਸਮ ਦੇ ਇਕੱਠ ਤੋਂ ਪੂਰੀ ਤਰਾਂ ਗੁਰੇਜ਼ ਕੀਤਾ ਗਿਆ। ਅੱਜ ਇਸ ਅੰਤਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ’ਚ ਸਿਰਫ ਪ੍ਰੀਵਾਰ ਦੇ ਮੈਂਬਰਾਂ ਤੋਂ ਇਲਾਵਾ ਗਿਣੇ ਚੁਣੇ ਵਿਅਕਤੀ ਹੀ ਹਾਜਰ ਸਨ। ਇਸ ਮੌਕੇ ਰਾਗੀ ਸਿੰਘਾਂ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਇਸ ਮੌਕੇ ਹਾਜਰ ਹੋਏ ਲੋਕਾਂ ਨ ਅਰਦਾਸ ਕੀਤੀ ਕਿ ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ੇ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਮਾਗਮ ’ਚ ਸ਼ਾਮਲ ਹੋਣ ਵਾਲਿਆਂ ਦਾ ਇਸ ਦੁੱਖ ਦੀ ਘੜੀ ’ਚ ਉਨਾਂ ਦਾ ਦੁੱਖ ਵੰੰਡਾਉਣ ਅਤੇ ਹੌਂਸਲਾ ਦੇਣ ਪ੍ਰਤੀ ਧੰਨਵਾਦ ਕੀਤਾ।
ਇਸ ਮੌਕੇ ਕੁੱਝ ਦਿਨ ਪਹਿਲਾਂ ਸਦੀਵੀ ਵਿਛੋੜਾ ਦੇ ਗਈ ਮਾਤਾ ਹਰਮੰਦਰ ਕੌਰ ਬਾਦਲ ਅਤੇ ਪਿਤਾ ਗੁਰਦਾਸ ਸਿੰਘ ਬਾਦਲ ਨੂੰ ਯਾਦ ਕਰਦਿਆਂ ਵਿੱਤ ਮੰਤਰੀ ਭਾਵੁਕ ਹੋ ਗਏ। ਉਨਾਂ ਆਖਿਆ ਕਿ ਇੱਥ ਮਹੀਨੇ ’ਚ ਪ੍ਰੀਵਾਰ ਦੇ ਦੋ ਵੱਡੇ ਮੈਂਬਰਾਂ ਦਾ ਚਲੇ ਜਾਣਾ ਵੱਡਾ ਸਦਮਾ ਹੈ ਪਰ ਪ੍ਰਮਾਤਮਾ ਦਾ ਭਾਣਾ ਮੰਨਣਾ ਪੈਣਾਂ ਹੈ। ਅੱਜ ਪੰਜਾਬ ਦੇ ਵਿਧਾਇਕਾਂ ਪਰਮਿੰਦਰ ਸਿੰਘ ਪਿੰਕੀ,ਗੁਰਕੀਰਤ ਸਿੰਘ ਕੋਟਲੀ, ਰਣਦੀਪ ਸਿੰਘ ਨਾਭਾ,ਲਖਵੀਰ ਸਿੰੰਘ ਲੱਖਾ, ਗੁਰਪ੍ਰੀਤ ਸਿੰਘ ਅਤੇ ਰਕੇਸ਼ ਪਾਂਡੇ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰੰੰਦਰ ਸਿੰਘ ਦੇ ਓਐਸਡੀ ਮੇਜਰ ਅਮਰਦੀਪ ਸਿੰਘ ਅਤੇ ਦਮਨਬੀਰ ਸਿੰਘ ਮੋਹੀ ਨੇ ਪਿੰਡ ਬਾਦਲ ਵਿਖੇ ਵਿੱਤ ਮੰਤਰੀ ਨਾਂਲ ਦੁੱਖ ਦਾ ਪ੍ਰਗਟਾਵਾ ਕੀਤਾ। ਅੱਜ ਦੇ ਸਮਾਗਮਾਂ ’ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ , ਡੀਜੀਪੀ ਦਿਨਕਰ ਗੁਪਤਾ ਅਤੇ ਪਰਿਵਾਰਕ ਮੈਂਬਰ ਹਾਜਰ ਸਨ।