ਪ੍ਰਾਇਮਰੀ ਪੱਧਰ ਦੇ ਮੁਕਾਬਲਿਆਂ ’ਚ 540,ਮਿਡਲ ਪੱਧਰ ’ਤੇ 239 ਅਤੇ ਸੈਕੰਡਰੀ ਪੱਧਰ ’ਤੇ 130 ਵਿਦਿਆਰਥੀਆਂ ਨੇ ਲਿਆ ਭਾਗ
ਹਰਿੰਦਰ ਨਿੱਕਾ
ਬਰਨਾਲਾ, 13 ਜੁਲਾਈ 2020 : ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਵਿਦਿਆਰਥੀਆਂ ਨੂੰ ਗੁਰੂ ਸਾਹਿਬ ਜੀ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੋਂ ਜਾਣੂ ਕਰਾਉਣ ਦੇ ਉਦੇਸ਼ ਨਾਲ ਵਿਦਿਆਰਥੀਆਂ ਦੇ ਕਰਵਾਏ ਜਾ ਰਹੇ ਆਨਲਾਈਨ ਮੁਕਾਬਲਿਆਂ ਦੀ ਪਹਿਲੀ ਵੰਨਗੀ ਸ਼ਬਦ ਗਾਇਨ ਦੇ ਸਕੂਲ ਪੱਧਰ ’ਤੇ ਕਰਵਾਏ ਮੁਕਾਬਲਿਆਂ ਪ੍ਰਤੀ ਵਿਦਿਆਰਥੀਆਂ ’ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ।
ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸ. ਸਰਬਜੀਤ ਸਿੰਘ ਤੂਰ ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਸ੍ਰੀਮਤੀ ਮਨਿੰਦਰ ਕੌਰ ਨੇ ਦੱਸਿਆ ਕਿ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਵੱਲੋਂ ਕਰਵਾਏ ਜਾ ਰਹੇ ਗਿਆਰਾਂ ਵੰਨਗੀਆਂ ਦੇ ਮੁਕਾਬਲਿਆਂ ਵਿੱਚੋਂ ਪਹਿਲੀ ਵੰਨਗੀ ਸ਼ਬਦ ਗਾਇਨ ਦਾ ਸਕੂਲ ਪੱਧਰੀ ਮੁਕਾਬਲਾ ਸਮਾਪਤ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਸਕੂਲ ਪੱਧਰੀ ਮੁਕਾਬਲੇ ਦੌਰਾਨ ਵਿਦਿਆਰਥੀਆਂ ’ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ।
ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਮੈਡਮ ਹਰਕੰਵਲਜੀਤ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਮੈਡਮ ਵਸੁੰਧਰਾ ਨੇ ਦੱਸਿਆ ਕਿ ਸਕੂਲ ਪੱਧਰੀ ਮੁਕਾਬਲਿਆਂ ਦੌਰਾਨ ਪ੍ਰਾਇਮਰੀ ਪੱਧਰ ’ਤੇ 540, ਮਿਡਲ ਪੱਧਰ ’ਤੇ 239 ਅਤੇ ਸੈਕੰਡਰੀ ਪੱਧਰ ’ਤੇ 130 ਵਿਦਿਆਰਥੀਆਂ ਨੇ ਮੁਕਾਬਲੇ ਵਿੱਚ ਸ਼ਿਰਕਤ ਕੀਤੀ। ਸੈਕੰਡਰੀ ਮੁਕਾਬਲਿਆਂ ਦੇ ਜ਼ਿਲ੍ਹਾ ਨੋਡਲ ਅਫਸਰ ਸ. ਕੁਲਦੀਪ ਸਿੰਘ ਅਤੇ ਪ੍ਰਾਇਮਰੀ ਮੁਕਾਬਲਿਆਂ ਦੇ ਨੋਡਲ ਅਫਸਰ ਮੈਡਮ ਰੀਤੂ ਬਾਲਾ ਨੇ ਦੱਸਿਆ ਕਿ ਸਕੂਲ ਪੱਧਰ ਦੇ ਮੁਕਾਬਲਿਆਂ ਲਈ ਸੋਸ਼ਲ ਮੀਡੀਆ ਰਾਹੀਂ ਪ੍ਰਾਪਤ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਦੇ ਆਧਾਰ ’ਤੇ ਨਤੀਜੇ ਦਾ ਐਲਾਨ ਕਰਕੇ ਆਨਲਾਈਨ ਰਜਿਸ਼ਟ੍ਰੇਸ਼ਨ ਰਾਹੀਂ ਸਮੁੱਚਾ ਨਤੀਜਾ ਮੁੱਖ ਦਫਤਰ ਨੂੰ ਭੇਜ ਦਿੱਤਾ ਗਿਆ ਹੈ।
ਵਿਭਾਗ ਦੇ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਨੇ ਦੱਸਿਆ ਕਿ ਹਰ ਸਕੂਲ ਦੇ ਜੇਤੂ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਦੀ ਬਲਾਕ ਪੱਧਰੀ ਮੁਕਾਬਲੇ ਲਈ ਜੱਜਮੈਂਟ ਹੋਵੇਗੀ। ਬਲਾਕ ਦੀਆਂ ਜੇਤੂ ਪੇਸ਼ਕਾਰੀਆਂ ਨੂੰ ਜ਼ਿਲ੍ਹਾ ਪੱਧਰੀ ਮੁਕਾਬਲੇ ਲਈ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁਕਾਬਲਿਆਂ ਵਿਚ ਸ਼ਿਰਕਤ ਕਰਨ ਵਾਲੇ ਸਮੂਹ ਵਿਦਿਆਰਥੀਆਂ ਨੂੰ ਸਰਟੀਫਿਕੇਟ ਜਾਰੀ ਕਰਨ ਤੋਂ ਇਲਾਵਾ ਹਰ ਪੱਧਰ ਦੇ ਜੇਤੂ ਵਿਦਿਆਰਥੀਆਂ ਨੂੰ ਵਿਭਾਗ ਵੱਲੋਂ ਸਨਮਾਨਿਤ ਵੀ ਕੀਤਾ ਜਾਵੇਗਾ।