ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 23 ਅਪ੍ਰੈਲ 2020 - ਨਗਰ ਸੁਧਾਰ ਟਰੱਸਟ ਨੇ ਗੁਰੂ ਨਗਰੀ ਦੇ ਵਿਕਾਸ ਕਾਰਜਾਂ ਲਈ ਨਗਰ ਨਿਗਮ ਨੂੰ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਸਾਢੇ 12 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕੀਤੀ ਗਈ ਹੈ। ਅੱਜ ਲੋਕ ਸਭਾ ਮੈਂਬਰ ਸ: ਗੁਰਜੀਤ ਸਿੰਘ ਔਜਲਾ, ਨਗਰ ਸੁਧਾਰ ਟਰੱਸਟ ਦੇ ਚੇਅਮਰੈਨ ਸ੍ਰੀ ਦਿਨੇਸ਼ ਬੱਸੀ ਅਤੇ ਵਿਧਾਇਕਾਂ ਦੀ ਮੌਜੂਦਗੀ 'ਚ ਇਹ ਚੈਕ ਨਿਗਮ ਦੇ ਮੇਅਰ ਸ: ਕਰਮਜੀਤ ਸਿੰਘ ਰਿੰਟੂ ਨੂੰ ਦਿੱਤਾ ਗਿਆ।
ਇਸ ਮੌਕੇ ਸ: ਔਜਲਾ ਨੇ ਟਰੱਸਟ ਦੇ ਚੇਅਰਮੈਨ ਸ੍ਰੀ ਬੱਸੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਦੇ ਆਦੇਸ਼ਾਂ ਅਨੁਸਾਰ ਟਰੱਸਟ ਵਲੋਂ ਇਹ ਰਕਮ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਨਗਰ ਨਿਗਮ ਜਿੱਥੇ ਕੋਵਿਡ-19 ਦੇ ਖਾਤਮੇ ਲਈ ਵੱਡੀ ਮੁਹਿੰਮ ਚਲਾਏਗਾ, ਉਥੇ ਹੀ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਵੀ ਗਤੀ ਪ੍ਰਦਾਨ ਕੀਤੀ ਜਾਵੇਗੀ।
ਔਜਲਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਆਦੇਸ਼ ਦਿੱਤਾ ਸੀ ਕਿ ਟਰੱਸਟ ਵਲੋਂ ਨਗਰ ਨਿਗਮ ਨੂੰ ਫੰਡ ਜਾਰੀ ਕੀਤਾ ਜਾਵੇ। ਇਸ ਫੰਡ ਨਾਲ ਨਿਗਮ ਵਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਸ਼ਹਿਰ 'ਚ ਸਕ੍ਰੀਨਿੰਗ ਦਾ ਕੰਮ ਸ਼ੁਰੂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਖ਼ਾਤਮੇ ਤੋਂ ਇਲਾਵਾ ਨਿਗਮ ਨੇ ਸਫ਼ਾਈ, ਸੈਨੀਟੇਸ਼ਨ ਅਤੇ ਵਿਕਾਸ ਨੂੰ ਵੀ ਜਾਰੀ ਰੱਖਣਾ ਹੈ ਅਤੇ ਟਰੱਸਟ ਚੇਅਰਮੈਨ ਨੇ ਇਸ ਮੌਕੇ ਬਹੁਤ ਵੱਡੀ ਮਦਦ ਕੀਤੀ ਹੈ ਤੇ ਨਿਗਮ ਇਸ ਰਕਮ ਨੂੰ ਸਹੀ ਢੰਗ ਨਾਲ ਖਰਚ ਕਰੇਗਾ।
ਔਜਲਾ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਨਗਰ ਨਿਗਮ ਅਤੇ ਸਿਹਤ ਵਿਭਾਗ ਕੋਵਿਡ-19 ਦੇ ਖਾਤਮੇ ਮਿਲ ਕੇ ਕੰਮ ਕਰਨਗੇ। ਚੇਅਰਮੈਨ ਬੱਸੀ ਨੇ ਕਿਹਾ ਕਿ ਮੁੱਖ ਮੰਤਰੀ ਦੇ ਆਦੇਸ਼ ਅਨੁਸਾਰ ਮਤਾ ਪਾਸ ਕਰਕੇ ਫੰਡ ਦੀ ਪਹਿਲੀ ਕਿਸ਼ਤ ਨਗਰ ਨਿਗਮ ਨੂੰ ਦਿੱਤੀ ਗਈ ਹੈ ਤੇ ਦੂਸਰੀ ਕਿਸ਼ਤ ਵੀ ਜਲਦ ਹੀ ਜ਼ਾਰੀ ਕਰ ਦਿੱਤੀ ਜਾਵੇਗੀ। ਇਸ ਮੌਕੇ ਸ: ਔਜਲਾ ਤੋਂ ਇਲਾਵਾ ਮੁੱਖ ਮੰਤਰੀ ਦੇ ਓ. ਐਸ. ਡੀ. ਬਾਵਾ ਸੰਧੂ, ਵਿਧਾਇਕ ਸੁਨੀਲ ਦੱਤੀ, ਸਮੇਤ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ।