ਚੌਧਰੀ ਮਨਸੂਰ ਘਨੋਕੇ
ਕਾਦੀਆਂ, 7 ਅਪ੍ਰੈਲ 2020 - ਕਾਦੀਆਂ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਗੁਜਰਾਂ ਨੇ ਅੱਜ ਇੱਥੇ ਜਾਰੀ ਬਿਆਨ 'ਚ ਕਿਹਾ ਹੈ ਕਿ ਉਨ੍ਹਾਂ ਨੂੰ ਦੁੱਧ ਦੀ ਸਪਲਾਈ ਦੇਣ 'ਚ ਮੁਸ਼ਕਿਲ ਆ ਰਹੀ ਹੈ। ਇਹ ਗੱਲ ਅੱਜ ਗੁੱਜਰ ਭਾਈਚਾਰੇ ਦੇ ਮੁਹੰਮਦ ਬਸ਼ੀਰ ਨੇ ਆਪਣੇ ਸਾਥੀਆਂ ਨਾਲ ਮੀਡੀਆ ਨਾਲ ਸਾਂਝੀ ਕਰਦੇ ਹੋਏ ਕਿਹਾ ਹੈ ਉਨ੍ਹਾਂ ਨੂੰ ਪੁਲਿਸ ਵਲੋਂ ਕਾਦੀਆਂ 'ਚ ਦਾਖ਼ਿਲ ਹੋ ਕੇ ਕਾਦੀਆਂ 'ਚ ਸਥਿਤ ਡੇਅਰੀਆਂ 'ਚ ਦੁੱਧ ਦੀ ਸਪਲਾਈ ਕੀਤੇ ਜਾਣ ਤੋਂ ਰੋਕਿਆ ਜਾ ਰਿਹਾ ਹੈ।
ਇਨ੍ਹਾਂ ਗੁਜਰਾਂ ਨੇ ਕਿਹਾ ਹੈ ਕਿ ਸਾਨੂੰ ਦੁੱਧ ਦੀ ਸਪਲਾਈ ਦੇਣ 'ਚ ਕਾਫ਼ੀ ਮੁਸ਼ਕਿਲ ਆ ਰਹੀ ਹੈ। ਦੁੱਧ ਦੇ ਕਾਰੋਬਾਰ ਤੋਂ ਇਲਾਵਾ ਸਾਡਾ ਕੋਈ ਕਾਰੋਬਾਰ ਨਹੀਂ ਹੈ। ਜੇ ਸਾਡਾ ਦੁੱਧ ਇਸੇ ਤਰ੍ਹਾਂ ਰੋਕਿਆ ਜਾਂਦਾ ਰਿਹਾ ਤਾਂ ਅਸੀਂ, ਸਾਡੇ ਬੱਚੇ ਅਤੇ ਡੰਗਰ ਮਰ ਜਾਣਗੇ। ਇਨ੍ਹਾਂ ਗੁਜਰਾਂ ਨੇ ਇਹ ਵੀ ਕਿਹਾ ਹੈ ਕਿ ਸਾਡਾ ਵਿਸ਼ੇਸ਼ ਤੌਰ 'ਤੇ ਕਾਦੀਆਂ ਹਲਕੇ ਦੇ ਜਲਾਲਪੁਰ ਦੇ ਗੁਜਰਾਂ ਦਾ ਤਬਲੀਗ਼ੀ ਜਮਾਤ ਨਾਲ ਕੋਈ ਸਬੰਧ ਜਾਂ ਲੈਣਾ ਦੇਣਾ ਨਹੀਂ ਹੈ ਅਤੇ ਨਾ ਹੀ ਕਾਦੀਆਂ ਹਲਕੇ ਦੇ ਕਿਸੇ ਗੁੱਜਰ ਦੀ ਤਬਲੀਗ਼ੀ ਜਮਾਤ ਵਾਲੇ ਨਾਲ ਕੋਈ ਰਿਸ਼ਤੇਦਾਰੀ ਹੈ। ਇਨ੍ਹਾਂ ਗੁਜਰਾਂ ਨੇ ਕਿਹਾ ਹੈ ਕਿ ਡੀ ਸੀ ਗੁਰਦਾਸਪੁਰ ਸ਼੍ਰੀ ਮੁਹੰਮਦ ਇਸ਼ਫ਼ਾਕ ਨੇ ਵੀ ਸਪਸ਼ਟ ਕੀਤਾ ਹੈ ਕਿ ਗੁਜੱਰਾਂ ਦੇ ਦੁੱਧ ਦੀ ਸਪਲਾਈ ਰੋਕੇ ਜਾਣ ਦੇ ਕੋਈ ਨਿਰਦੇਸ਼ ਨਹੀਂ ਦਿੱਤੇ ਗਏ ਹਨ।
ਬਸ਼ੀਰ ਮੰਗਾ ਚੱਚੀ, ਕਾਲੂ ਚੌਹਾਨ, ਰਾਮੂ ਖਤਾਨਾ, ਬਾਰੂ ਖਤਾਨਾ, ਲਿਆਕਤੋ ਖਤਾਨਾ, ਸ਼ਮਸ਼ੂ, ਲਿਆਕਤ ਅਲੀ, ਯਾਕੂਬ, ਸ਼ੀਰੋ, ਸੁਰਮੋ, ਜਮਾਅਤ ਅਲੀ ਅਤੇ ਸ਼ਾਹ ਦੀਨ ਨੇ ਅੱਜ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੁਲੀਸ ਨੂੰ ਹਿਦਾਇਤਾਂ ਦਿਤੀਆਂ ਜਾਣ ਕਿ ਗੁਜਰਾ ਨੂੰ ਡੇਅਰੀਆਂ ਚ ਦੁੱਧ ਦੀ ਸਪਲਾਈ ਦਿਤੇ ਜਾਣ ਤੋਂ ਨਾ ਰੋਕਿਆ ਜਾਵੇ। ਇਨ੍ਹਾਂ ਗੁਜਰਾਂ ਦਾ ਕਹਿਣਾ ਹੈ ਕਿ ਅਸੀਂ ਦੁੱਧ ਦੀ ਸਪਲਾਈ ਘਰਾਂ ਚ ਨਹੀਂ ਸਗੋਂ ਡੇਅਰੀਆਂ ਨੂੰ ਕਰਦੇ ਹਾਂ। ਉਨ੍ਹਾਂ ਇੱਹ ਵੀ ਕਿਹਾ ਕਿ ਕੋਰੋਨਾ ਨੂੰ ਰੋਕਣ ਲਈ ਗੁਜੱਰ ਭਾਈਚਾਰੇ ਤੋਂ ਜ਼ਿਲਾ ਪ੍ਰਸ਼ਾਸਨ ਨੂੰ ਜਿਸ ਤਰ੍ਹਾਂ ਦੇ ਵੀ ਸਹਿਯੋਗ ਦੀ ਜ਼ਰੂਰਤ ਹੋਵੇਗੀ ਅਸੀਂ ਦੇਣ ਨੂੰ ਤਿਆਰ ਹਾਂ। ਦੂਜੇ ਪਾਸੇ ਥਾਣਾ ਕਾਦੀਆਂ ਦੇ ਐਸ ਐਚ ਉ ਪਰਮਿੰਦਰ ਸਿੰਘ ਨਾਲ ਗੁਜੱਰਾਂ ਨੂੰ ਦੁੱਧ ਦੀ ਸਪਲਾਈ ਰੋਕੇ ਜਾਣ ਦੇ ਸਬੰਧ 'ਚ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਡੀ ਸੀ ਸਾਹਿਬ ਵਲੋਂ ਵੀ ਸਪਸ਼ਟ ਕੀਤਾ ਗਿਆ ਹੈ ਕਿ ਗੁਜਰਾ ਵਲੋਂ ਦੁੱਧ ਦੀ ਸਪਲਾਈ ਤੇ ਕੋਈ ਰੋਕ ਨਹੀਂ ਲਗਾਈ ਗਈ ਹੈ।
ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੇ ਸਪਸ਼ਟ ਨਿਰਦੇਸ਼ ਹਨ ਕਿ ਕਿਸੇ ਵੀ ਥਾਂ ਤੇ ਭੀੜ ਨਾ ਲਗਾਈ ਜਾਵੇ। ਉਨ੍ਹਾਂ ਕਿਹਾ ਕਿ ਜੇ ਕੋਈ ਗੁੱਜਰ ਡੇਅਰੀ ਤੇ ਦੁੱਧ ਦੇਣ ਆਉਂਦਾ ਹੈ ਤਾਂ ਉਸਨੂੰ ਚਾਹੀਦਾ ਹੈ ਕਿ ਦੁੱਧ ਸਪਲਾਈ ਕਰਦੇ ਹੀ ਡੇਅਰੀ ਤੋਂ ਉਹ ਚਲੇ ਜਾਣ। ਬਿਨਾਂ ਕਾਰਨ ਉਥੇ ਬੈਠਣ ਜਾਂ ਭੀੜ ਲਗਾਉਣ ਤੋਂ ਬਾਜ਼ ਰਹਿਣ। ਇਹ ਗੱਲ ਵਰਨਣਯੋਗ ਹੈ ਕਿ ਗੁਜੱਰ ਭਾਈਚਾਰੇ ਦੇ ਲੋਕ ਵੀ ਤਬਲੀਗ਼ੀ ਜਮਾਤ ਦੇ ਸੰਮੇਲਨ 'ਚ ਦਿੱਲੀ ਗਏ ਸਨ। ਜਿਸਤੋਂ ਬਾਅਦ ਦੇਸ਼ ਭਰ ਚ ਚਲਾਈ ਮੁਹਿਮ ਚ ਗੁਜਰਾਂ ਦੇ ਵੀ ਇਸ ਵਿੱਚ ਸ਼ਾਮਿਲ ਹੋਣ ਦੀ ਗੱਲ ਸਾਹਮਣੇ ਆਈ ਸੀ। ਤਬਲੀਗ਼ੀ ਜਮਾਤ ਦੇ ਸੰਮੇਲਨ ਚ ਸ਼ਾਮਿਲ ਅਨੇਕ ਲੋਕਾਂ ਦੇ ਕੋਰੋਨਾ ਪਾਜ਼ੀਟਵ ਆਉਣ ਤੇ ਸਰਕਾਰ ਵਲੋਂ ਇਹਤਿਆਤ ਵਰਤੀ ਜਾ ਰਹੀ ਹੈ। ਗੁੱਜਰ ਭਾਈਚਾਰੇ ਦੇ ਲੋਕਾਂ ਚ ਅਨਪੜਤਾ ਦੇ ਕਾਰਨ ਉਹ ਸਹੀ ਜਾਣਕਾਰੀ ਨਹੀਂ ਦੇ ਰਹੇ ਹਨ। ਜਿਸਦੇ ਕਾਰਨ ਲੋਕਾਂ ਵਲੋਂ ਆਪ ਹੀ ਗੁੱਜਰਾਂ ਤੋਂ ਸੋਸ਼ਲ ਡਿਸਟੈਂਸ ਬਣਾਇਆ ਜਾ ਰਿਹਾ ਹੈ।