22 ਮਈ ਨੂੰ ਅਮਰੀਕਾ ਤੋਂ ਅੰਤਰਰਾਸ਼ਟਰੀ ਉਡਾਣ ਰਾਹੀਂ ਆਏ 5 ਯਾਤਰੀ ਸੰਸਥਾਗਤ / ਹੋਟਲ ਕੁਆਰੰਟੀਨ ਅਧੀਨ
ਐਸ ਏ ਐਸ ਨਗਰ, 28 ਮਈ 2020: ਜ਼ਿਲ੍ਹੇ ਨਾਲ ਸਬੰਧਤ 252 ਯਾਤਰੀ ਜੋ 25 ਮਈ ਤੋਂ ਘਰੇਲੂ ਉਡਾਣਾਂ ਦੀ ਸ਼ੁਰੂਆਤ ਤੋਂ ਬਾਅਦ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਸੀਐਚਆਈਐਲ) ਵਿਖੇ ਪਹੁੰਚੇ, ਨੂੰ ਘਰ ਵਿਚ ਕੁਆਰੰਟੀਨ ਅਧੀਨ ਰੱਖਿਆ ਗਿਆ ਹੈ। ਇਹ ਪ੍ਰਗਟਾਵਾ ਅੱਜ ਇਥੇ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਕੀਤਾ।
ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ 25 ਮਈ ਨੂੰ 7 ਉਡਾਣਾਂ ਤੋਂ 495 ਯਾਤਰੀ ਪਹੁੰਚੇ ਸਨ ਅਤੇ ਇਨ੍ਹਾਂ ਵਿਚੋਂ 223 ਪੰਜਾਬ ਨਾਲ ਸਬੰਧਤ ਸਨ ਜਦੋਂ ਕਿ 57 ਮੋਹਾਲੀ ਤੋਂ ਸਨ। 26 ਮਈ ਨੂੰ, 6 ਉਡਾਣਾਂ 419 ਯਾਤਰੀਆਂ ਨੂੰ ਲੈ ਕੇ ਪਹੁੰਚੀਆਂ, ਜਿਨ੍ਹਾਂ ਵਿੱਚੋਂ 69 ਮੁਹਾਲੀ ਦੇ ਯਾਤਰੀਆਂ ਸਮੇਤ 193 ਪੰਜਾਬ ਨਾਲ ਸਬੰਧਤ ਸਨ। 27 ਮਈ ਨੂੰ, ਕੁੱਲ 530 ਯਾਤਰੀ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੇ ਅਤੇ ਇਨ੍ਹਾਂ ਵਿਚੋਂ 228 ਪੰਜਾਬ ਤੋਂ ਸਨ, ਜਿਹਨਾਂ ਵਿਚੋਂ ਮੁਹਾਲੀ ਦੇ ਯਾਤਰੀਆਂ ਦੀ ਗਿਣਤੀ 62 ਸੀ। 28 ਮਈ ਨੂੰ 5 ਉਡਾਣਾਂ 512 ਯਾਤਰੀਆਂ ਨੂੰ ਲੈ ਕੇ ਆਈਆਂ, ਜਿਹਨਾਂ ਵਿਚ ਮੋਹਾਲੀ ਦੇ 64 ਯਾਤਰੀਆਂ ਸਮੇਤ 208 ਪੰਜਾਬ ਦੇ ਯਾਤਰੀ ਸਨ।
ਸਿਰਫ ਇਕ ਅੰਤਰਰਾਸ਼ਟਰੀ ਉਡਾਣ ਜੋ ਕਿ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੀ, ਇਹ ਉਡਾਣ ਅਮਰੀਕਾ ਤੋਂ ਦਿੱਲੀ ਦੇ ਰਸਤੇ ਮੁਹਾਲੀ ਪਹੁੰਚੀ। ਉਡਾਣ ਵਿੱਚ ਕੁਲ 100 ਯਾਤਰੀ ਸਨ ਜਿਹਨਾਂ ਵਿਚੋਂ ਪੰਜਾਬ ਦੇ 61 ਅਤੇ ਮੁਹਾਲੀ ਤੋਂ 5 ਯਾਤਰੀ ਸਨ।
ਸਿਹਤ ਵਿਭਾਗ ਦੇ ਪ੍ਰੋਟੋਕੋਲ ਦੇ ਅਨੁਸਾਰ, ਮੁਹਾਲੀ ਜ਼ਿਲੇ ਨਾਲ ਸਬੰਧਤ ਅੰਤਰਰਾਸ਼ਟਰੀ ਉਡਾਣਾ ਰਾਹੀਂ ਆਉਣ ਵਾਲੇ ਸਾਰੇ ਯਾਤਰੀਆਂ ਨੂੰ ਸੰਸਥਾਗਤ / ਹੋਟਲ ਕੁਆਰੰਟੀਨ ਵਿੱਚ ਰੱਖਿਆ ਗਿਆ ਹੈ ਜਦੋਂਕਿ ਘਰੇਲੂ ਉਡਾਣਾਂ ਰਾਹੀਂ ਆਉਣ ਵਾਲੇ ਯਾਤਰੀਆਂ ਨੂੰ 14 ਦਿਨਾਂ ਲਈ ਘਰ ਵਿਚ ਕੁਆਰੰਟੀਨ ਕੀਤਾ ਗਿਆ ਹੈ। ਉਹ ਯਾਤਰੀ ਜੋ ਦੂਜੇ ਰਾਜਾਂ ਅਤੇ ਹੋਰ ਜ਼ਿਲ੍ਹਿਆਂ ਨਾਲ ਸਬੰਧਤ ਹਨ, ਉਨ੍ਹਾਂ ਨੂੰ ਉਨ੍ਹਾਂ ਦੇ ਆਪਣੇ ਸਥਾਨਾਂ 'ਤੇ ਭੇਜਿਆ ਗਿਆ ਹੈ ਜਿਥੇ ਉਹਨਾਂ ਨੂੰ ਵੀ ਕੁਆਰੰਟੀਨ ਵਿਚ ਰੱਖਿਆ ਜਾਵੇਗਾ।