ਹਰਿੰਦਰ ਨਿੱਕਾ
ਬਰਨਾਲਾ, 9 ਮਈ 2020 - ਹਰਿਆਣਾ ਪ੍ਰਦੇਸ਼ 'ਚ ਕੰਬਾਈਨ ਦਾ ਸੀਜ਼ਨ ਲਾ ਕੇ ਆਪਣੇ ਪਿੰਡ ਪਰਤਣ ਤੋਂ ਬਾਅਦ ਘਰ ਅੰਦਰ ਹੀ ਏਕਾਂਤਵਾਸ ਕੀਤੇ ਕਰੀਬ 38 ਕੁ ਵਰ੍ਹਿਆਂ ਦੇ ਨੌਜਵਾਨ ਨੇ ਗਲ ਫਾਹਾ ਲੈ ਕੇ ਖੁਦਕਸ਼ੀ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਬੇਜਮੀਨਾਂ ਕਿਸਾਨ ਪੱਪੂ ਸਿੰਘ 38 ਸਾਲ ਪੁੱਤਰ ਤੇਜਾ ਸਿੰਘ ਵਾਸੀ ਮਾਂਗੇਵਾਲ ,ਹਰਿਆਣਾ ਸੂਬੇ 'ਚ ਕੰਬਾਈਨ ਦੇ ਨਾਲ ਲੇਬਰ ਦਾ ਕੰਮ ਕਰਕੇ ਪਿਛਲੇ ਦਿਨੀਂ ਆਪਣੇ ਪਿੰਡ ਪੁੱਜਿਆ ਤਾਂ ਸਿਹਤ ਵਿਭਾਗ ਧਨੌਲਾ ਦੀ ਟੀਮ ਵੱਲੋਂ ਉਸ ਨੂੰ 30 ਅਪਰੈਲ ਤੋਂ 20 ਮਈ ਤੱਕ ਉਸ ਦੇ ਘਰ ਅੰਦਰ ਹੀ ਇਕਾਂਤਵਾਸ ਕਰ ਦਿੱਤਾ ਗਿਆ। ਪੱਪੂ ਸਿੰਘ ਦੀ ਪਤਨੀ ਆਪਣੀ ਬੇਟੀ ਸਮੇਤ ਪਹਿਲਾਂ ਹੀ ਆਪਣੇ ਪੇਕੇ ਘਰ ਗਈ ਹੋਈ ਸੀ। ਏਕਾਂਤਵਾਸ ਤੋਂ ਬਾਅਦ ਉਹ ਕਾਫੀ ਮਾਨਸਿਕ ਪਰੇਸ਼ਾਨ ਰਹਿਣ ਲੱਗ ਪਿਆ ਸੀ। ਸ਼ਨੀਵਾਰ ਬਾਅਦ ਦੁਪਿਹਰ ਉਸ ਨੇ ਆਪਣੇ ਘਰ ਦੇ ਇੱਕ ਕਮਰੇ ਵਿੱਚ ਛੱਤ ਪੱਖੇ ਨਾਲ ਪਰਨਾ ਪਾ ਕੇ ਫਾਹਾ ਲੈ ਲਿਆ।
ਜਦੋਂ ਕਾਫੀ ਦੇਰ ਤੱਕ ਉਹ ਕਮਰੇ ਚੋਂ ਬਾਹਰ ਨਾ ਆਇਆ ਅਤੇ ਉਸ ਦੀ ਮਾਤਾ ਨੇ ਆਵਾਜ਼ਾਂ ਮਾਰੀਆਂ। ਅਵਾਜ਼ਾਂ ਮਾਰਣ ਤੋਂ ਵੀ ਉਸ ਨੇ ਕੁੰਡਾ ਨਾ ਖੋਲ੍ਹਿਆ। ਮੌਕੇ ਤੇ ਪਹੁੰਚੇ ਗੁਆਂਢੀਆਂ ਨੇ ਜਦੋਂ ਗੇਟ ਤੋੜ ਕੇ ਦੇਖਿਆ ਤਾਂ ਪੱਪੂ ਸਿੰਘ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਈ। ਮਾਮਲੇ ਦੇ ਤਫਤੀਸ਼ ਅਧਿਕਾਰੀ ਐੱਸਆਈ ਸਤਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਮਾਤਾ ਗੁਰਦੇਵ ਕੌਰ ਦੇ ਬਿਆਨਾਂ ਦੇ ਆਧਾਰ ਤੇ 174 ਸੀਆਰਪੀਸੀ ਤਹਿਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
ਇਸ ਮੌਕੇ ਸਮਾਜ ਸੇਵੀ ਮੁਹੰਮਦ ਅਲਸਦ , ਪੰਚ ਮਨਜੀਤ ਸਿੰਘ , ਹਰਬੰਸ ਸਿੰਘ , ਦਲਜੀਤ ਸਿੰਘ ਸਾਬਕਾ ਪੰਚ ਚਿਰੰਜੀ ਲਾਲ , ਸਾਬਕਾ ਪੰਚ ਹਰਜਿੰਦਰ ਸਿੰਘ ਨੇ ਮੌਤ ਤੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕਰਦੇ ਹੋਏ ਸਰਕਾਰ ਤੋਂ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜਾ ਦੇਣ ਦੀ ਮੰਗ ਵੀ ਕੀਤੀ।