ਤੱਥਾਂ ਨੂੰ ਛੱਡ ਕੇ ਭਾਵੁਕ ਅਪੀਲਾਂ ਕਰ ਵਿਰੋਧੀ ਧਿਰ ਨੂੰ ਉਹਨਾਂ ਦਾ ਪ੍ਰਾਪੇਗੰਡਾ ਮੰਨਣ ਲਈ ਮਜਬੂਰ ਕਰਨਾ ਮੁੱਖ ਮੰਤਰੀ ਨੂੰ ਸੋਭਾ ਨਹੀਂ ਦਿੰਦਾ : ਡਾ. ਚੀਮਾ
ਘੱਟੋ ਘੱਟ ਸਮਰਥਨ ਮੁੱਲ ਭਵਿੱਖ ਵਿਚ ਵੀ ਖਤਮ ਨਾ ਕੀਤੇ ਜਾਣ ਦੇ ਐਲਾਨ ਮਗਰੋਂ ਪ੍ਰਦੇਸ਼ ਕਾਂਗਰਸ ਮੁਖੀ ਸੁਨੀਲ ਜਾਖੜ ਅਸਤੀਫਾ ਦੇਣ
ਚੰਡੀਗੜ, 28 ਜੂਨ 2020: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕੇਂਦਰੀ ਖੇਤੀਬਾੜੀ ਮੰਤਰੀ ਸ੍ਰੀ ਐਨ ਐਸ ਤੋਮਰ ਵੱਲੋਂ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਬਾਰੇ ਕੀਤੇ ਐਲਾਨ ਤੇ ਇਹ ਭਰੋਸਾ ਦੁਆਉਣ ਕਿ ਝੋਨੇ ਤੇ ਕਣਕ ਦੀ ਯਕੀਨੀ ਖਰੀਦ ਜਾਰੀ ਰਹੇਗੀ, ਨਾਲ ਕਾਂਗਰਸ ਪਾਰਟੀ ਦਾ ਝੂਠ ਤੀਜੀ ਵਾਰ ਬੇਨਕਾਬ ਹੋ ਗਿਆ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਤੇ ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕੇਂਦਰੀ ਮੰਤਰੀ ਵੱਲੋਂ ਕੀਤੇ ਸਪਸ਼ਟ ਐਲਾਨ ਨਾਲ ਕਾਂਗਰਸ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਤੇ ਹੋਰ 'ਦੋਸਤਾਨਾ' ਸਿਆਸੀ ਆਗੂਆਂ ਜਿਹਨਾਂ ਨੂੰ ਸਰਬ ਪਾਰਟੀ ਮੀਟਿੰਗ ਵਿਚ ਸੱਦਿਆ ਗਿਆ ਸੀ, ਨੂੰ ਲਿਖਵਾਇਆ ਮਤਾ ਵੀ ਬੇਮਾਇਨਾ ਹੋ ਗਿਆ ਹੈ। ਉਹਨਾਂ ਕਿਹਾ ਕਿ ਕੇਂਦਰੀ ਖੇਤੀਬਾੜੀ ਮੰਤਰੀ ਨੇ ਸਪਸ਼ਟ ਤੌਰ 'ਤੇ ਕਿਹਾ ਹੈ ਕਿ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਅਤੇ ਯਕੀਨੀ ਮੰਡੀਕਰਣ ਦੀ ਵਿਵਸਥਾ ਇਸੇ ਤਰੀਕੇ ਜਾਰੀ ਰਹੇਗੀ, ਇਸ ਨਾਲ ਕਾਂਗਰਸ ਪਾਰਟੀ ਹੁਣ ਆਪਣੇ ਬਹੁ ਕਰੋੜੀ ਘੁਟਾਲਿਆਂ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਅਤੇ ਕਿਸਾਨਾਂ ਨੂੰ ਮੂਰਖ ਬਣਾਉਣ ਲਈ ਨਿਰੰਤਰ ਝੂਠ ਬੋਲਣ ਦੀ ਸਥਿਤੀ ਵਿਚ ਨਹੀਂ ਰਹੀ। ਉਹਨਾਂ ਕਿਹਾ ਕਿ ਕਾਂਗਰਸ ਦੇ ਘੁਟਾਲਿਆਂ ਵਿਚ ਸ਼ਰਾਬ, ਬੀਜ ਤੇ ਰਾਸ਼ਨ ਘੁਟਾਲਾ ਸ਼ਾਮਲ ਹਨ ਜੋ ਕਾਂਗਰਸੀਆਂ ਨੇ ਵੱਖ ਵੱਖ ਮਾਫੀਆ ਦੇ ਨਾਲ ਮਿਲ ਕੇ ਕੀਤੇ ਹਨ।
ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਇਕ ਮੁੱਖ ਮੰਤਰੀ ਨੂੰ ਸੋਭਾ ਨਹੀਂ ਦਿੰਦਾ ਕਿ ਉਹ ਤੱਥਾਂ ਨੂੰ ਇਕ ਪਾਸੇ ਕਰ ਕੇ ਸਿਰਫ ਭਾਵੁਕ ਅਪੀਲਾਂ ਕਰ ਕੇ ਵਿਰੋਧੀ ਧਿਰ ਨੂੰ ਉਹਨਾਂ ਦੇ ਪ੍ਰਾਪੇਗੰਡੇ 'ਤੇ ਵਿਸ਼ਵਾਸ ਕਰਨ ਲਈ ਮਜਬੂਰ ਕਰਨ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਇਸਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਸਰਬ ਪਾਰਟੀ ਮੀਟਿੰਗ ਵਿਚ ਨਕਾਰੇ ਨਾ ਜਾ ਸਕਣ ਵਾਲੇ ਤੱਥ ਪੇਸ਼ ਕੀਤੇ ਸਨ ਤੇ ਸਾਬਤ ਕੀਤਾ ਸੀ ਕਿ ਘੱਟੋ ਘੱਟ ਸਮਰਥਨ ਮੁੱਲ ਅਤੇ ਯਕੀਨੀ ਮੰਡੀਕਰਣ ਜਾਰੀ ਰਹੇਗਾ। ਸ਼੍ਰੋਮਣੀ ਅਕਾਲੀ ਦਲ ਨੇ ਇਹ ਵੀ ਐਲਾਨ ਕੀਤਾ ਹੈ ਕਿ ਭਵਿੱਖ ਵਿਚ ਵੀ ਕਿਸਾਨਾਂ ਦੀ ਖੁਸ਼ਹਾਲੀ ਦੇ ਇਹਨਾਂ ਦੋ ਥੰਮਾਂ ਦੀ ਰਾਖੀ ਵਾਸਤੇ ਕੋਈ ਵੀ ਕੁਰਬਾਨੀ ਕੋਈ ਮੁੱਲ ਨਹੀਂ ਰੱਖਦੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਅਤੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਕੋਲ ਵਾਰ ਵਾਰ ਕੀਤੇ ਦਾਅਵਿਆਂ ਦਾ ਕੋਈ ਜਵਾਬ ਨਹੀਂ ਹੈ ਤੇ ਹੁਣ ਉਹਨਾਂ ਨੇ ਤੱਥਾਂ ਦੀ ਅਣਹੋਂਦ ਵਿਚ ਭਾਵੁਕ ਅਪੀਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਤਾਂ ਕਿ ਘੱਟੋ ਘੱਟ ਸਮਰਥਨ ਮੁੱਲ ਅਤੇ ਯਕੀਨੀ ਮੰਡੀਕਰਣ ਬਾਰੇ ਆਪਣੇ ਝੂਠੇ ਤੇ ਗੁੰਮਰਾਹਕੁੰਨ ਦਾਅਵਿਆਂ ਨੂੰ ਜਾਰੀ ਰੱਖ ਸਕਣ।
ਡਾ. ਚੀਮਾ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ 'ਤੇ ਤਿੱਖਾ ਹਮਲਾ ਕੀਤਾ ਤੇ ਕਿਹਾ ਕਿ ਹੁਣ ਜਦੋਂ ਖੇਤੀਬਾੜੀ ਮੰਤਰੀ ਨੇ ਸਪਸ਼ਟ ਬਿਆਨ ਦਿੱਤਾ ਹੈ ਕਿ ਘੱਟੋ ਘੱਟ ਸਮਰਥਨ ਮੁੱਲ ਦੀ ਪ੍ਰਣਾਲੀ ਭਵਿੱਖ ਵਿਚ ਵੀ ਖਤਮ ਨਹੀਂ ਕੀਤੀ ਜਾਵੇਗੀ ਤਾਂ ਸ੍ਰੀ ਸੁਨੀਲ ਜਾਖੜ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਇਸ ਬਿਆਨ ਤੋਂ ਬਾਅਦ ਹੁਣ ਸਾਜ਼ਿਸ਼ ਭਰੀਆਂ ਗੱਲਾਂ ਕਿ ਘੱਟੋ ਘੱਟ ਸਮਰਥਨ ਮੁੱਲ ਅਤੇ ਯਕੀਨੀ ਮੰਡੀਕਰਣ ਕੁਝ ਚਿਰ ਬਾਅਦ ਬੰਦ ਹੋ ਜਾਵੇਗਾ, ਨਾਲ ਕਿਸਾਨਾਂ ਨੂੰ ਹੋਰ ਗੁੰਮਰਾਹ ਨਹੀਂ ਕਰ ਸਕਦੇ । ਉਹਨਾਂ ਕਿਹਾ ਕਿ ਅਸੀਂ ਆਉਂਦੇ ਸਮੇਂ ਵਿਚ ਵੇਖਾਂਗੇ ਕਿ ਤਿੰਨ ਮਹੀਨੇ ਮਗਰੋਂ ਝੋਨੇ ਦੀ ਵਾਢੀ ਸ਼ੁਰੂ ਹੋ ਜਾਵੇਗੀ ਅਤੇ ਇਸਦੀ ਖਰੀਦ ਘੱਟੋ ਘੱਟ ਸਮਰਥਨ ਮੁੱਲ 'ਤੇ ਕੀਤੀ ਜਾਵੇਗੀ ਤੇ ਇਸ ਉਪਰੰਤ ਅਗਲੀਆਂ ਵਾਢੀਆਂ ਸਮੇਂ ਵੀ ਅਜਿਹਾ ਹੀ ਹੋਵੇਗਾ। ਉਹਨਾਂ ਕਿਹਾ ਕਿ ਕਿਸਾਨ ਹੁਣ ਆਪ ਕਾਂਗਰਸ ਦੇ ਝੂਠ ਨੂੰ ਵੇਖ ਲੈਣਗੇ ਤੇ ਇਸਨੂੰ ਰੱਦ ਵੀ ਕਰ ਦੇਣਗੇ।