ਕੈਬਨਿਟ ਮੰਤਰੀ ਨੇ ਕੰਮ ਦਾ ਲਿਆ ਜਾਇਜ਼ਾ ਤੇ ਅਧਿਕਾਰੀਆਂ ਨੂੰ ਕੀਤੀ ਹਦਾਇਤ
ਮੁਹਾਲੀ ਤੋਂ ਸਰਹਿੰਦ ਤੱਕ 28 ਕਿਲੋਮੀਟਰ ਸੜਕ ਉਤੇ ਪਾਇਆ ਜਾ ਰਿਹਾ ਹੈ ਪ੍ਰੀਮਿਕਸ
ਐਸ.ਏ.ਐਸ. ਨਗਰ, 24 ਮਈ 2020: ਲੋਕਾਂ ਦੀਆਂ ਮੁਸ਼ਕਲਾਂ ਨੂੰ ਛੇਤੀ ਹੱਲ ਕਰਵਾਉਣ ਅਤੇ ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੀ ਆਪਣੀ ਵਚਨਬੱਧਤਾ ਤਹਿਤ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਲਾਂਡਰਾਂ ਜੰਕਸ਼ਨ ਦਾ ਦੌਰਾ ਕਰ ਕੇ ਇੱਥੇ ਚੱਲ ਰਹੇ ਸੜਕ ਨਿਰਮਾਣ ਕਾਰਜ ਦਾ ਜਾਇਜ਼ਾ ਲਿਆ।
ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ.) ਦੇ ਅਧਿਕਾਰੀਆਂ ਨੂੰ ਕੰਮ ਨੂੰ ਰਫ਼ਤਾਰ ਦੇਣ ਦੀ ਤਾਕੀਦ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਲਾਕਡਾਊਨ/ਕਰਫਿਊ ਕਾਰਨ ਕੰਮ ਵਿੱਚ ਖੜੋਤ ਆਈ ਸੀ, ਜਿਸ ਕਾਰਨ ਕੁੱਝ ਦੇਰੀ ਹੋਈ ਹੈ ਪਰ ਹੁਣ ਕੰਮ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਕੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ ਤਾਂ ਕਿ ਇੱਥੋਂ ਲੰਘ ਕੇ ਚੰਡੀਗੜ੍ਹ ਜਾਂ ਅੱਗੇ ਹਿਮਾਚਲ ਪ੍ਰਦੇਸ਼ ਜਾਂ ਜੰਮੂ ਕਸ਼ਮੀਰ ਜਾਣ ਵਾਲੇ ਯਾਤਰੀਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆਵੇ। ਉਨ੍ਹਾਂ ਕਿਹਾ ਕਿ ਇਸ ਜੰਕਸ਼ਨ ਰਾਹੀਂ ਲੱਖਾਂ ਦੀ ਗਿਣਤੀ ਵਿੱਚ ਸੰਗਤ ਸ਼ਹੀਦਾਂ ਦੀ ਧਰਤੀ ਸ੍ਰੀ ਫ਼ਤਹਿਗੜ੍ਹ ਸਾਹਿਬ ਵਿੱਚ ਨਤਮਸਤਕ ਹੋਣ ਜਾਂਦੀ ਹੈ, ਜਿਸ ਦੀ ਸਹੂਲਤ ਲਈ ਕੰਮ ਨੂੰ ਤੇਜ਼ ਰਫ਼ਤਾਰ ਦਿੱਤੀ ਜਾ ਰਹੀ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਜੰਕਸ਼ਨ ਦੇ ਬਣਨ ਨਾਲ ਇੱਥੇ ਲੱਗਣ ਵਾਲੇ ਟਰੈਫਿਕ ਜਾਮ ਤੋਂ ਨਿਜ਼ਾਤ ਮਿਲੇਗੀ ਅਤੇ ਲੋਕਾਂ ਨੂੰ ਸਹੂਲਤ ਹੋਵੇਗੀ। ਉਨ੍ਹਾਂ ਵਿਭਾਗੀ ਅਧਿਕਾਰੀਆਂ ਨੂੰ ਕੰਮ ਦੀ ਗੁਣਵੱਤਾ ਯਕੀਨੀ ਬਣਾਈ ਰੱਖਣ ਲਈ ਸਾਮਾਨ ਦੀ ਰੈਗੂਲਰ ਜਾਂਚ ਕਰਦੇ ਰਹਿਣ ਦੀ ਵੀ ਤਾਕੀਦ ਕੀਤੀ ਤਾਂ ਕਿ ਇਕ ਵਾਰ ਬਣੀ ਸੜਕ ਸਾਲਾਂਬੱਧੀ ਲੋਕਾਂ ਨੂੰ ਸਹੂਲਤਾਂ ਦਿੰਦੀ ਰਹੇ।ਉਨ੍ਹਾਂ ਦੱਸਿਆ ਕਿ ਇਸ ਸੜਕ ਦਾ ਮੁਹਾਲੀ ਤੋਂ ਲਾਂਡਰਾਂ ਤੱਕ ਦਾ ਹਿੱਸਾ ਜਲਦੀ ਮੁਕੰਮਲ ਹੋ ਜਾਵੇਗਾ, ਜਿਸ ਦਾ ਕੰਮ ਜੰਗੀ ਪੱਧਰ ਉਤੇ ਚੱਲ ਰਿਹਾ ਹੈ, ਜਦੋਂ ਕਿ ਮੁਹਾਲੀ ਤੋਂ ਸਰਹਿੰਦ ਤੱਕ 28 ਕਿਲੋਮੀਟਰ ਸੜਕ ਨੂੰ ਨਵੀਂ ਦਿੱਖ ਦੇਣ ਲਈ ਇਸ ਉਤੇ ਪ੍ਰੀਮਿਕਸ ਪਾਉਣ ਦਾ ਕੰਮ ਵੀ ਚੱਲ ਰਿਹਾ ਹੈ।ਉਨ੍ਹਾਂ ਦੱਸਿਆ ਕਿ ਲਾਂਡਰਾਂ ਵਿੱਚ ਢਾਈ ਕਿਲੋਮੀਟਰ ਦਾ ਜੰਕਸ਼ਨ ਬਣ ਰਿਹਾ ਹੈ, ਜਿਸ ਦਾ 800 ਮੀਟਰ ਹਿੱਸਾ ਚਹੁੰ ਮਾਰਗੀ ਹੋਵੇਗਾ। ਇਸ ਉਤੇ 25.33 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਨਾਲ ਦੋ ਸਲਿੱਪ ਰੋਡ ਬਣਨਗੀਆਂ।
ਜਿ਼ਲ੍ਹਾ ਐਸ.ਏ.ਐਸ. ਨਗਰ ਵਿੱਚ ਵਿਕਾਸ ਕਾਰਜਾਂ ਨੂੰ ਮੁੜ ਸ਼ੁਰੂ ਕਰਨ ਦੀ ਗੱਲ ਆਖਦਿਆਂ ਸ. ਸਿੱਧੂ ਨੇ ਕਿਹਾ ਕਿ ਜਿ਼ਲ੍ਹੇ ਵਿੱਚ ਬੁਨਿਆਦੀ ਢਾਂਚਾ ਵਿਸ਼ਵ ਪੱਧਰ ਦਾ ਹੈ, ਜਿਸ ਕਾਰਨ ਕਈ ਬਹੁਕੌਮੀ ਕੰਪਨੀਆਂ ਤੇ ਯੂਨੀਵਰਸਿਟੀਆਂ ਮੁਹਾਲੀ ਦਾ ਰੁਖ਼ ਕਰ ਰਹੀਆਂ ਹਨ। ਇਨ੍ਹਾਂ ਕੰਪਨੀਆਂ ਤੇ ਯੂਨੀਵਰਸਿਟੀਆਂ ਦੇ ਆਉਣ ਨਾਲ ਜਿੱਥੇ ਰੋਜ਼ਗਾਰ ਦੇ ਮੌਕੇ ਵਧਣਗੇ, ਉਥੇ ਖੋਜ ਕਾਰਜਾਂ ਵਿੱਚ ਵੀ ਤੇਜ਼ੀ ਆਏਗੀ ਅਤੇ ਸਾਡੇ ਬੱਚਿਆਂ ਨੂੰ ਵਿਸ਼ਵ ਪੱਧਰ ਦੇ ਮਾਹਰਾਂ ਕੋਲੋਂ ਸਿੱਖਣ ਦਾ ਮੌਕਾ ਮਿਲੇਗਾ।
ਜਿ਼ਲ੍ਹਾ ਐਸ.ਏ.ਐਸ. ਨਗਰ ਦੇ ਕੋਰੋਨਾ ਮੁਕਤ ਹੋਣ ਉਤੇ ਸਿਹਤ ਵਿਭਾਗ ਦੇ ਅਮਲੇ ਤੇ ਜਿ਼ਲ੍ਹਾ ਪ੍ਰਸ਼ਾਸਨ ਨੂੰ ਵਧਾਈ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲਏ ਫੌਰੀ ਫੈਸਲਿਆਂ ਨਾਲ ਇਸ ਬਿਮਾਰੀ ਨੂੰ ਪੰਜਾਬ ਵਿੱਚ ਕਾਬੂ ਹੇਠ ਰੱਖਣ ਵਿੱਚ ਮਦਦ ਮਿਲੀ। ਰਾਜ ਸਰਕਾਰ ਵੱਲੋਂ ਚੁੱਕੇ ਕ੍ਰਾਂਤੀਕਾਰੀ ਕਦਮਾਂ ਦੀ ਕੇਂਦਰ ਸਰਕਾਰ ਨੇ ਵੀ ਨਕਲ ਕੀਤੀ ਤਾਂ ਕਿ ਕੋਰੋਨਾ ਵਰਗੀ ਬਿਮਾਰੀ ਦੇ ਵਾਧੇ ਨੂੰ ਰੋਕਿਆ ਜਾ ਸਕੇ।
ਇਸ ਦੌਰੇ ਦੌਰਾਨ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਤੇ ਖਰੜ ਮਾਰਕੀਟ ਕਮੇਟੀ ਦੇ ਚੇਅਰਮੈਨ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਕੁਲਜੀਤ ਸਿੰਘ ਬੇਦੀ, ਪਿੰਡ ਲਾਂਡਰਾਂ ਦੇ ਸਰਪੰਚ ਹਰਚਰਨ ਸਿੰਘ ਗਿੱਲ, ਦਿਲਬਾਗ ਸਿੰਘ ਨੰਬਰਦਾਰ, ਜਗਦੀਸ਼ ਸਿੰਘ, ਸਤਵੰਤ ਕੌਰ ਲਾਂਡਰਾਂ ਮੈਂਬਰ ਬਲਾਕ ਸਮਿਤੀ ਖਰੜ ਅਤੇ ਗੁਰਜੰਟ ਸਿੰਘ ਹਾਜ਼ਰ ਸਨ।