ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 14 ਮਈ 2020 - ਬੱਚਿਆਂ, ਪੰਛੀਆਂ ਤੇ ਵਾਤਾਵਰਨ ਦੀ ਸ਼ੁੱਧਤਾ ਲਈ ਪਿਛਲੇ 15 ਸਾਲਾਂ ਤੋਂ ਨਿਰਸਵਾਰਥ ਕੋਸ਼ਿਸ਼ ਕਰ ਰਹੀ ਸੁਸਾਇਟੀ ਫਾਰ ਇਕਾਲੋਜੀਕਲ ਐਂਡ ਐਨਵਾਇਰਮੈਂਟਲ ਰੀਸੋਰਸਜ਼ (ਸੀਰ ਸੁਸਾਇਟੀ) ਨੇ ਚਾਇਨਾ ਡੋਰ ਦੀ ਮਾਰ ਹੇਠ ਆਏ ਰਾਸ਼ਟਰੀ ਪੰਛੀ ਮੋਰ ਨੂੰ ਬਚਾਇਆ। ਜਾਣਕਾਰੀ ਦਿੰਦਿਆ ਪਰਦੀਪ ਚਮਕ ਤੇ ਵਿਕਾਸ ਅਰੋੜਾ ਨੇ ਦੱਸਿਆ ਕਿ ਅੱਪੰਕਜ ਖੰਨਾ ਨੇ ਸੀਰ ਮੈਂਬਰਾਂ ਨੂੰ ਕਿਲੇ ਦੇ ਪਿਛਲੇ ਪਾਸੇ ਮੋਰ ਨੂੰ ਚਾਇਨਾ ਡੋਰ ਵਿੱਚ ਫਸੇ ਹੋਣ ਬਾਰੇ ਜਾਣਕਾਰੀ ਦਿੱਤੀ।
ਉਹਨਾਂ ਦੱਸਿਆ ਕਿ ਸੀਰ ਮੈਂਬਰ ਤੁਰੰਤ ਉੱਥੇ ਪਹੁੰਚ ਗਏ ਅਤੇ ਮੋਰ ਨੂੰ ਚਾਇਨਾ ਡੋਰ ਤੋਂ ਮੁਕਤੀ ਦਿਵਾਈ। ਉਹਨਾਂ ਦੱਸਿਆ ਕਿ ਇਹ ਮੋਰ ਕਿਲੇ ਤੋਂ ਹੇਠਾਂ ਚੋਗ ਚੁਗਣ ਲਈ ਹੇਠਾਂ ਉੱਤਰ ਆਇਆ ਸੀ ਅਤੇ ਚਾਇਨਾ ਡੋਰ ਵਿੱਚ ਫਸ ਜਾਣ ਕਾਰਣ ਉਹ ਤੁਰ ਨਹੀਂ ਸਕਦਾ ਸੀ ਅਤੇ ਨਾ ਹੀ ਉਹ ਉੱਡ ਸਕਦਾ। ਆਪਣੇ ਆਪ ਨੂੰ ਉਹ ਚਾਇਨਾ ਡੋਰ ਤੋਂ ਮੁਕਤ ਕਰ ਲਈ ਛਟਪਟਾ ਰਿਹਾ ਸੀ ਤਾਂ ਸੀਰ ਮੈਂਬਰਾਂ ਨੇ ਤੁਰੰਤ ਉਸ ਨੂੰ ਚਾਇਨਾ ਡੋਰ ਤੋਂ ਮੁਕਤ ਕਰ ਕੇ ਮੁੜ ਕਿਲੇ ਅੰਦਰ ਛੱਡ ਦਿੱਤਾ।
ਉਹਨਾਂ ਦੱਸਿਆ ਕਿ ਕੁਦਰਤੀ ਹੀ ਮੋਰ 'ਤੇ ਅਵਾਰਾ ਕੁੱਤਿਆ ਦੀ ਨਜਰ ਨਹੀਂ ਪਈ ਜਿਸ ਕਾਰਨ ਮੋਰ ਦੀ ਜਾਨ ਬਚ ਗਈ । ਉਹਨਾਂ ਦੱਸਿਆ ਕਿ ਸਰਕਾਰ ਅਤੇ ਸਮਾਜ ਸੇਵੀ ਜੱਥੇਬੰਦੀਆ ਦੀਆਂ ਅਣਥੱਕ ਕੋਸ਼ਿਸਾ ਦੇ ਬਾਵਜੂਦ ਚਾਇਨਾ ਡੋਰ ਦੀ ਵਰਤੋਂ ਰੁਕ ਨਹੀ ਰਹੀ। ਬਸੰਤ ਪੰਚਮੀ ਮੌਕੇ ਉਡਾਏ ਤਿੰਨ ਮਹੀਨੇ ਪਹਿਲਾ ਪਤੰਗਾਂ ਦੀ ਡੋਰ ਅਜੇ ਵੀ ਸੁੰਨਸਾਨ ਰਾਹਾਂ ਅਤੇ ਦਰੱਖਤਾਂ ਵਿੱਚ ਫਸੀ ਪਈ ਹੈ ਜੋ ਬੇਜੁਬਾਨ ਪੰਛੀਆ ਲਈ ਜਾਨ ਦਾ ਖੋਅ ਬਣ ਜਾਂਦੀ ਹੈ।
ਉਹਨਾਂ ਦੱਸਿਆ ਕਿ ਸੀਰ ਸੁਸਾਇਟੀ ਨੇ ਬਸੰਤ ਪੰਚਮੀ ਮੌਕੇ ਸ਼ਹਿਰ ਵਿੱਚੋ ਵੱਡੀ ਪੱਧਰ ਤੇ ਚਾਇਨਾ ਡੋਰ ਨੂੰ ਇੱਕਠਾ ਕਰਕੇ ਅੱਗ ਲਗਾਈ ਸੀ ਅਤੇ ਉਸ ਸਮੇਂ ਚਾਰ ਕਬੂਤਰ ਤੇ ਇੱਕ ਕਾਂ ਨੂੰ ਸੀਰ ਵਲੰਟੀਅਰਾਂ ਨੇ ਚਾਇਨਾ ਡੋਰ ਦੇ ਸ਼ਕਿੰਜੇ ਵਿੱਚੋ ਕੱਢਿਆ ਸੀ। ਇਹ ਬੇਜੁਬਾਨ ਪੱਛੀ ਚਾਇਨਾ ਡੋਰ ਵਿੱਚ ਫਸ ਕੇ ਸਖਤ ਜਖਮੀਂ ਹੋ ਗਏ ਸਨ ਅਤੇ ਜਿੰਦਗੀ ਮੌਤ ਨਾਲ ਸੰਘਰਸ਼ ਕਰ ਰਹੇ ਸਨ ਜਿਉ ਹੀ ਸੀਰ ਵੰਲਟੀਅਰਾਂ ਨੂੰ ਇਹਨਾਂ ਬਾਰੇ ਪਤਾ ਲੱਗਾ ਤਾਂ ਉਹਨਾਂ ਤੁਰੰਤ ਇਹਨਾਂ ਨੂੰ ਚਾਇਨਾ ਡੋਰ ਤੋ ਮੁਕਤ ਕਰਕੇ ਨਵੀਂ ਜਿੰਦਗੀ ਦਿੱਤੀ ਸੀ। ਉਹਨਾਂ ਕਿਹਾ ਕਿ ਕੁਝ ਸਮੇਂ ਦੇ ਸ਼ੁਗਲ ਲਈ ਲੋਕ ਮਨੁੱਖ ਜਾਤੀ ਤੇ ਪੰਛੀ ਜਗਤ ਲਈ ਮੁਸੀਬਤਾਂ ਖੜੀਆ ਕਰ ਦਿੰਦੇ ਹਨ ਅਜਿਹੇ ਲੋਕ ਸਮਾਜ ਤੇ ਕਲੰਕ ਹਨ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਾਨ ਲੇਵਾ ਬਣ ਚੁੱਕੀ ਚਾਇਨਾਂ ਡੋਰ ਦੀ ਵਰਤੋਂ ਨਾ ਕਰਨ ਅਤੇ ਇੱਕ ਲਹਿਰ ਬਣ ਕੇ ਇਸ ਦੀ ਰੋਕਥਾਮ ਲਈ ਉਪਰਾਲੇ ਕਰਨ।