ਅਸ਼ੋਕ ਵਰਮਾ
ਬਠਿੰਡਾ, 23 ਅਪਰੈਲ 2020 - ਪੰਜਾਬ ’ਚ ਐਤਕੀਂ ਨਰਮੇ ਦੀ ਬਿਜਾਂਦ ’ਤੇ ਕੋਰੋਨਾ ਵਾਇਰਸ ਦਾ ਪਰਛਾਵਾਂ ਪੈਣ ਤੋਂ ਰੋਕਣ ਲਈ ਖੇਤੀਬਾੜੀ ਵਿਭਾਗ ਨੇ ਕਮਰ ਕਸ ਲਈ ਹੈ। ਖੇਤੀ ਵਿਭਾਗ ਨੂੰ ਉਮੀਦ ਹੈ ਕਿ ਇਸ ਵਾਰ ਕਪਾਹ ਪੱਟੀ ’ਚ ਨਰਮੇ ਕਪਾਹ ਹੇਠਲਾ ਰਕਬਾ ਵਧੇਗਾ ਜਿਸ ਲਈ ਮਹਿਕਮੇ ਨੇ ਵੀ ਸਰਗਰਮੀ ਸ਼ੁਰੂ ਕਰ ਦਿੱਤੀ ਹੈ। ਖੇਤਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਕਪਾਹ ਪੱਟੀ ਦੇ ਖੇਤੀ ਅਫਸਰਾਂ ਨੂੰ ਪੂਰੀ ਮੁਸਤੈਦੀ ਵਰਤਣ ਦੇ ਨਿਰਦੇਸ਼ ਦਿੱਤੇ ਹਨ। ਪ੍ਰਧਾਨ ਮੰਤਰੀ ਵੱਲੋਂ ਲੌਕਡਾਊਨ ਐਲਾਨੇ ਜਾਣ ਮਗਰੋਂ ਨਰਮੇ ਅਤੇ ਝੋਨੇ ਦੀ ਬਿਜਾਂਦ ਬਾਰੇ ਹੀ ਭੰਬਲਭੂਸਾ ਬਣਿਆ ਹੋਇਆ ਸੀ। ਹਾਲਾਂਕਿ ਖਰੀਦ ਪ੍ਰਬੰਧਾਂ ਕਾਰਨ ਅਤੇ ਕਰੋਨਾ ਦੇ ਖੌਫ਼ ਵਜੋਂ ਵਾਢੀ ਪੱਛੜਨ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਫਿਰ ਵੀ ਖੇਤੀ ਅਫਸਰ ‘ਅੱਛੇ ਦਿਨਾਂ’ ਪ੍ਰਤੀ ਆਸਵੰਦ ਹਨ। ਵੀਰਵਾਰ ਨੂੰ ਖੇਤੀ ਵਿਭਾਗ ਦੇ ਡਾਇਰੈਕਟਰ ਡਾ ਸੁੰਤਤਰ ਐਰੀ ਨੇ ਬਠਿੰਡਾ ,ਮਾਨਸਾ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜਿਲਕਾ ਜਿਲ੍ਹਿਆਂ ਦੇ ਮੁੱਖ ਖੇਤੀਬਾੜੀ ਅਫਸਰਾਂ ਨਾਲ ਮੀਟਿੰਗਾਂ ਦਾ ਦੌਰ ਮੁਕੰਮਲ ਕਰ ਲਿਆ ਹੈ।
ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਇਸ ਵਾਰ ਕਰੀਬ 5 ਲੱਖ ਹੈਕਟੇਅਰ ਰਕਬੇ ਦਾ ਟੀਚਾ ਨਰਮੇ ਦੀ ਬਿਜਾਂਦ ਦਾ ਮਿੱਥਿਆ ਗਿਆ ਹੈ। ਪਿਛਲੇ ਵਰੇ ਖੇਤੀ ਵਿਭਾਗ ਵੱਲੋਂ 4 ਲੱਖ ਹੈਕਟੇਅਰ ’ਚ ਨਰਮੇ ਦੀ ਫਸਲ ਬੀਜਣ ਦਾ ਦਾਅਵਾ ਕੀਤਾ ਗਿਆ ਸੀ। ਸੂਤਰ ਆਖਦੇ ਹਨ ਕਿ ਇਸ ਵਾਰ 15 ਤੋਂ 20 ਫੀਸਦੀ ਰਕਬੇ ਵਿੱਚ ਵਾਧਾ ਹੋਵੇਗਾ ਅਤੇ ਝੋਨੇ ਵਾਲੇ ਇਲਾਕੇ ਵਿੱਚ ਵੀ ਨਰਮੇ ਦੀ ਬਿਜਾਈ ਦੀ ਸੰਭਾਵਨਾ ਹੈ। ਐਤਕੀਂ ਦੀ ਫਸਲ ਲਈ ਕਰੀਬ 27 ਲੱਖ ਬੀਟੀ ਬੀਜਾਂ ਦੇ ਪੈਕਟਾਂ ਦੀ ਲੋੜ ਪਵੇਗੀ। ਵੇਰਵਿਆਂ ਅਨੁਸਾਰ ਪੰਜਾਬ ’ਚ 20 ਕੁ ਕੰਪਨੀਆਂ ਵੱਲੋਂ ਇਹ ਬੀਜ ਕਾਰੋਬਾਰ ਕੀਤਾ ਜਾਂਦਾ ਹੈ। ਇਕੱਲੀ ਰਾਸ਼ੀ ਕੰਪਨੀ ਹੀ 65 ਫੀਸਦੀ ਬੀਜ ਦੀ ਸਪਲਾਈ ਕਰਦੀ ਹੈ। ਦੱਖਣੀ ਭਾਰਤ ਵਿਚੋਂ ਇਹ ਬੀਜ ਪੰਜਾਬ ਆਉਂਦਾ ਹੈ। ਕਰੋਨਾਵਾਇਰਸ ਦੇ ਖ਼ੌਫ ਕਰਕੇ ਬੀਜ ਡੀਲਰ ਘਰਾਂ ਵਿਚ ਬੰਦ ਹਨ ,ਪਰ ਹੁਣ ਦੋ ਘੰਟਿਆਂ ਲਈ ਦੁਕਾਨਾਂ ਖੋਹਲਣ ਦੀ ਇਜਾਜਤ ਦਿੱਤੀ ਗਈ ਹੈ।
ਨਹਿਰੀ ਵਿਭਾਗ ਵੱਲੋਂ ਨਹਿਰੀ ਪਾਣੀ ਦੀ ਸਪਲਾਈ 25 ਅਪਰੈਲ ਤੋਂ ਸ਼ੁਰੂ ਕਰ ਦਿੱਤੀ ਜਾਵੇਗੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਨੁਸਾਰ ਨਰਮੇ ਦੀ ਬਿਜਾਂਦ ਲਈ ਪਹਿਲੀ ਅਪਰੈਲ ਤੋਂ 15 ਮਈ ਤੱਕ ਦਾ ਸਮਾਂ ਢੁਕਵਾਂ ਹੈ। ਸੂਤਰ ਦੱਸਦੇ ਹਨ ਕਿ ਜੇਕਰ ਕਣਕ ਦੀ ਖਰੀਦ ਕੀੜੀ ਦੀ ਚਾਲ ਹੀ ਰਹੀ ਤਾਂ ਇਸ ਦਾ ਸਿੱਧਾ ਅਸਰ ਨਰਮੇ ਦੀ ਬਿਜਾਂਦ ’ਤੇ ਵੀ ਪਵੇਗਾ। ਹੁਣ 27 ਅਤੇ 28 ਮਾਰਚ ਨੂੰ ਮੀਂਹ ਦਾ ਅਨੁਮਾਨ ਵੀ ਹੈ। ਪੰਜਾਬ ਨੇ ਨਰਮੇ ਦੇ ਝਾੜ ਵਿਚ ਪ੍ਰਤੀ ਏਕੜ 23.17 ਮਣ ਝਾੜ ਦਾ ਅੰਕੜਾ ਛੂਹ ਲਿਆ ਹੈ ਜਦੋਂਕਿ ਕੌਮੀ ਔਸਤ 12.81 ਮਣ ਪ੍ਰਤੀ ਏਕੜ ਦੀ ਹੈ। ਪੰਜਾਬ ਵਿਚ ਨਰਮੇ ਦੀ ਖਰੀਦ ਮਾਮਲੇ ’ਚ ਭਾਰਤੀ ਕਪਾਹ ਨਿਗਮ ਨੇ ਕਾਫ਼ੀ ਔਕੜਾਂ ਖੜੀਆਂ ਕੀਤੀਆਂ ਸਨ। ਇਸ ਦੇ ਬਾਵਜੂਦ ਵੀ ਭਾਅ ਠੀਕ ਰਿਹਾ ਸੀ ਜਿਸ ਤੋਂ ਖੇਤੀ ਵਿਭਾਗ ਹੌਂਸਲੇ ’ਚ ਹੈ।
ਕਿਸਾਨ ਆਗੂ ਜਸਬੀਰ ਸਿੰਘ ਬੁਰਜਸੇਮਾਂ ਦਾ ਕਹਿਣਾ ਸੀ ਕਿ ਇਸ ਵਾਰ ਸੰਕਟ ਕਾਰਨ ਖੇਤੀ ਮਹਿਕਮੇ ਨੇ ਨਦੀਨਨਾਸ਼ਕ ਮੁਹਿੰਮ ਨਹੀਂ ਚਲਾਈ ਹੈ ਜਿਸ ਨਾਲ ਫਸਲ ਨੂੰ ਬਿਮਾਰੀ ਲੱਗਣ ਦਾ ਖਤਰਾ ਵਧ ਜਾਂਦਾ ਹੈ। ਉਨਾਂ ਆਖਿਆ ਕਿ ਕਿਸਾਨਾਂ ਨੂੰ ਉਮੀਦ ਸੀ ਕਿ ਇਸ ਵਾਰ ਕੇਂਦਰ ਸਰਕਾਰ ਬੀਟੀ ਬੀਜ ਦੇ ਭਾਅ ਵਿਚ ਕਟੌਤੀ ਕਰੇਗੀ ਪਰ ਕੇਂਦਰ ਸਰਕਾਰ ਨੇ ਪਿਛਲੇ ਵਰੇ ਨਾਲੋਂ ਭਾਅ ਵਿਚ ਕੋਈ ਕਟੌਤੀ ਨਹੀਂ ਕੀਤੀ ਹੈ ਜਦੋਂਕਿ ਕਿਸਾਨ ਆਰਥਿਕ ਸੰਕਟ ’ਚ ਫਸੇ ਹੋਏ ਹਨ।
ਖੇਤੀ ਵਿਭਾਗ ਨੂੰ ਸਹਿਯੋਗ: ਸਿੰਗਲਾ
ਬੀਜ ਡੀਲਰ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਪਵਨ ਸਿੰਗਲਾ ਦਾ ਕਹਿਣਾ ਸੀ ਕਿ ਉਨਾਂ ਵੱਲੋਂ ਖੇਤੀ ਇਨਪੁੱਟਸ ਦੀ ਕਿਸਾਨਾਂ ਨੂੰ ਹੋਮ ਡਲਿਵਰੀ ਦਿੱਤੀ ਜਾ ਰਹੀ ਹੈ। ਉਨਾਂ ਆਖਿਆ ਕਿ ਫਸਲ ਨੂੰ ਨਪਰੇ ਚਾੜਨ ’ਚ ਐਯੋਸੀਏਸ਼ਨ ਖੇਤੀ ਵਿਭਾਗ ਨੂੰ ਪੂਰਾ ਸਹਿਯੋਗ ਦੇਵੇਗੀ।
ਮੰਡੀਕਰਨ ਦੇ ਮਸਲੇ ਹੱਲ ਹੋਣ: ਕਿਸਾਨ ਆਗੂ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਬਠਿੰਡਾ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀਾ ਕਿ ਨਿਰਸੰਦੇਹ ਕਰੋਨਾ ਵਾਇਰਸ ਦੀ ਆਫਤ ਬੇਹੱਦ ਵੱਡੀ ਹੈ ਪਰ ਸਰਕਾਰ ਨੂੰ ਨਰਮੇ ਕਪਾਹ ਦੀ ਫਸਲ ਦੀ ਬਿਜਾਂਦ ਸਬੰਧੀ ਸਪੱਸ਼ਟ ਨੀਤੀ ਤਿਆਰ ਕਰਨੀ ਚਾਹੀਦੀ ਹੈ। ਉਨਾਂ ਆਖਿਆ ਕਿ ਕਿਸਾਨਾਂ ਦੀ ਸਹਾਇਤਾ ਅਤੇ ਰੁਚੀ ਵਧਾਉਣ ਲਈ ਬੀਜ ਸਬਸਿਡੀ ਤੇ ਦਿੱਤਾ ਜਾਏ ਅਤੇ ਮੰਡੀਕਰਨ ਨਾਲ ਜੁੜੇ ਮਸਲਿਆਂ ਨੂੰ ਵੀ ਅਗੇਤਾ ਤੇ ਪੱਕੇ ਤੌਰ ਤੇ ਹੱਲ ਕੀਤਾ ਜਾਏ ਤਾਂ ਨਰਮੇ ਹੇਠਲਾ ਰਕਬਾ ਵੱਧ ਸਕਦਾ ਹੈ।
ਪੰਜ ਲੱਖ ਹੈਕਟੇਅਰ ਦਾ ਟੀਚਾ:: ਡਾਇਰੈਕਟਰ
ਖੇਤੀ ਮਹਿਕਮੇ ਦੇ ਡਾਇਰੈਕਟਰ ਡਾ. ਸੁਤੰਤਰ ਕੁਮਾਰ ਐਰੀ ਦਾ ਕਹਿਣਾ ਸੀ ਕਿ ਉਨਾਂ ਵੱਲੋਂ ਐਤਕੀਂ ਪੰਜਾਬ ਵਿੱਚ 5 ਲੱਖ ਹੈਕਟੇਅਰ ਰਕਬੇ ਵਿੱਚ ਨਰਮੇ-ਕਪਾਹ ਦੀ ਬਿਜਾਈ ਦਾ ਟੀਚਾ ਰੱਖਿਆ ਹੈ ਜਿਸ ਲਈ ਬੀਜ ਦਾ ਇੰਤਜਾਮ ਕਰ ਲਿਆ ਗਿਆ ਹੈ। ਉਨਾਂ ਦੱਸਿਆ ਕਿ ਸਥਿਤੀ ਨੂੰ ਦੇਖਦਿਆਂ ਰਕਬੇ ਵਿੱਚ ਪੰੰਜ ਲੱਖ ਹੈਕਟੇਅਰ ਤੱਕ ਵਾਧੇ ਦਾ ਅਨੁਮਾਨ ਹੈ। ਉਨਾਂ ਦੱਸਿਆ ਕਿ ਨਰਮੇ ਲਈ ਨਹਿਰੀ ਵਿਭਾਗ ਨੂੰ ਨਹਿਰਾਂ ਚਾਲੂ ਕਰਨ ਅਤੇ ਪਾਵਰਕੌਮ ਨੂੰ ਬਿਜਲੀ ਮੁਹੱਈਆ ਕਰਵਾਉਣ ਲਈ ਲਿਖ ਦਿੱਤਾ ਗਿਆ ਹੈ। ਉਨਾਂ ਆਖਿਆ ਕਿ ਭਾਵੇਂ ਹਾਲਾਤ ਸੁਖਾਵੇਂ ਨਹੀਂ ਫਿਰ ਵੀ ਉਨਾਂ ਦੀ ਕੋਸ਼ਿਸ਼ ਹੈ ਕਿ ਫਸਲ ਦੀ ਬਿਜਾਂਦ ਵੇਲੇ ਸਿਰ ਮੁਕੰਮਲ ਹੋ ਸਕੇ।