ਚੌਧਰੀ ਪਰਿਵਾਰ ਨੇ ਹਲਕੇ ਦੇ ਲੋਕਾਂ ਨੂੰ ਫੇਲ੍ਹ ਕੀਤਾ: ਡਾ. ਸੁਖਵਿੰਦਰ ਸੁੱਖੀ
- ਕਿਹਾ ਕਿ ਕਾਂਗਰਸ ਤੇ ਆਪ ਦੋਵਾਂ ਨੇ ਝੂਠੇ ਵਾਅਦਿਆਂ ਨਾਲ ਲੋਕਾਂ ਨੂੰ ਮੂਰਖ ਬਣਾਇਆ, ਕਿਹਾ ਕਿ ਭਾਜਪਾ ਨੇ ਸਿੱਖ ਨੌਜਵਾਨਾਂ ’ਤੇ ਐਨ ਐਸ ਏ ਲਗਾਈ
- ਕਿਹਾ ਕਿ ਅਕਾਲੀ ਦਲ ਤੇ ਬਸਪਾ ਦੇ ਹੱਕ ਵਿਚ ਵੋਟਾਂ ਪਾ ਕੇ ਸਪਸ਼ਟ ਸੁਨੇਹਾ ਦੇਵੋ ਕਿ ਤੁਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸਿਧਾਂਤਾਂ ਮੁਤਾਬਕ ਸੂਬਾ ਚਲਾਉਣਾ ਚਾਹੁੰਦੇ ਹੋ
ਪ੍ਰਮੋਦ ਭਾਰਤੀ
ਜਲੰਧਰ, 6 ਮਈ,2023 - ਸ਼੍ਰੋਮਣੀ ਅਕਾਲੀ ਦਲ-ਬਹੁਜਨ ਸਮਾਜ ਪਾਰਟੀ (ਬਸਪਾ) ਗਠਜੋੜ ਦੇ ਉਮੀਦਵਾਰ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਅੱਜ ਕਿਹਾ ਕਿ ਚੌਧਰੀ ਸੰਤੋਖ ਸਿੰਘ ਦੇ ਪਰਿਵਾਰ ਨੇ ਹਲਕੇ ਵਿਚ ਕਿਸੇ ਵੀ ਜ਼ਿਲ੍ਹਾ ਹਸਪਤਾਲ ਨੂੰ ਮੈਡੀਕਲ ਕਾਲਜ ਵਿਚ ਬਦਲਣ ਦਾ ਕੋਈ ਯਤਨ ਨਾ ਕਰ ਕੇ ਹਲਕੇ ਦੇ ਲੋਕਾਂ ਨੂੰ ਫੇਲ੍ਹ ਕੀਤਾ ਹੈ।
ਡਾ. ਸੁੱਖੀ ਨੇ ਕਿਹਾ ਕਿ ਉਹ ਡਾਕਟਰ ਹਨ। ਉਹਨਾਂ ਕਿਹਾ ਕਿ ਉਹ ਜਾਣਦੇ ਹਨ ਕਿ ਕੇਂਦਰ ਸਰਕਾਰ ਦੀ ਸਕੀਮ ਹੈ ਜਿਸ ਤਹਿਤ ਕੇਂਦਰ ਸਰਕਾਰ ਜ਼ਿਲ੍ਹਾ ਹਸਪਤਾਲਾਂ ਨੂੰ ਮੈਡੀਕਲ ਕਾਲਜਾਂ ਵਿਚ ਬਦਲਣ ਵਾਸਤੇ ਗਰਾਂਟਾਂ ਦਿੰਦੀ ਹੈ। ਉਹਨਾਂ ਕਿਹਾ ਕਿ ਚੌਧਰੀ ਪਰਿਵਾਰ ਪਿਛਲੇ 9 ਸਾਲਾਂ ਤੋਂ ਇਸ ਹਲਕੇ ਦੀ ਪ੍ਰਤੀਨਿਧਤਾ ਕਰ ਰਿਹਾ ਹੈ ਪਰ ਉਸਨੇ ਜ਼ਿਲ੍ਹਾ ਹਸਪਤਾਲਾਂ ਨੂੰ ਮੈਡੀਕਲ ਕਾਲਜ ਵਿਚ ਬਦਲਣ ਵਾਸਤੇ ਕੋਈ ਯਤਨ ਨਹੀਂ ਕੀਤਾ।
ਡਾ. ਸੁੱਖੀ ਨੇ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਨੇ ਹਲਕੇ ਵਿਚ ਮੈਡੀਕਲ ਤੇ ਸਿੱਖਿਆ ਦੋਵਾਂ ਖੇਤਰਾਂ ਵਿਚ ਹਲਕੇ ਨੂੰ ਅਣਡਿੱਠ ਕੀਤੇ ਵੇਖਿਆ ਹੈ ਜਦੋਂ ਕਿ ਸੜਕਾਂ ਦੇ ਬੁਨਿਆਦੀ ਢਾਂਚੇ ਦਾ ਹਾਲ ਹੋਰ ਵੀ ਮਾੜਾ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਚੁਣੇ ਹੋਏ ਪ੍ਰਤੀਨਿਧਾਂ ਤੋਂ ਵੱਡੀਆਂ ਆਸਾਂ ਹੁੰਦੀਆਂ ਹਨ। ਪਰ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਚੌਧਰੀ ਪਰਿਵਾਰ ਜੋ ਪਿਛਲੇ 30 ਸਾਲਾਂ ਤੋਂ ਇਸ ਹਲਕੇ ਵਿਚ ਮਜ਼ਬੂਤ ਹੈ, ਨੇ ਲੋਕਾਂ ਵਾਸਤੇ ਕੱਖ ਨਹੀਂ ਕੀਤਾ। ਉਹਨਾਂ ਕਿਹਾ ਕਿ ਲੋਕ ਮੈਨੂੰ ਦੱਸਦੇ ਹਨ ਕਿ ਇਸ ਪਰਿਵਾਰ ਕੋਲ ਪਹੁੰਚ ਕਰਨੀ ਔਖੀ ਹੈ ਤੇ ਅਨੇਕਾਂ ਨੇ ਤਾਂ ਇਹ ਵੀ ਦੱਸਿਆ ਹੈ ਕਿ ਉਹਨਾਂ ਨੇ ਮਰਹੂਮ ਆਗੂ ਕਦੇ ਨਹੀਂ ਵੇਖਿਆ ਜਿਹਨਾਂ ਦੇ ਅਕਾਲ ਚਲਾਣੇ ਕਾਰਨ ਇਹ ਜ਼ਿਮਨੀ ਚੋਣ ਹੋ ਰਹੀ ਹੈ।
ਡਾ. ਸੁੱਖੀ, ਜੋ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ, ਨੇ ਕਿਹਾ ਕਿ ਉਹ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਆਦਰਸ਼ਾਂ ’ਤੇ ਚੱਲਣ ਲਈ ਵਚਨਬੱਧ ਹਨ ਜਿਹਨਾਂ ਨੇ ਲਾ ਸਿਰਫ ਸੰਗਤ ਦਰਸ਼ਨ ਪ੍ਰੋਗਰਾਮਾਂ ਰਾਹੀਂ ਸਰਕਾਰ ਲੋਕਾਂ ਦੇ ਦਰਾਂ ਤੱਕ ਪਹੁੰਚਾਈ ਬਲਕਿ ਉਹ ਸੂਬੇ ਦੀ ਤਰੱਕੀ ਤੇ ਵਿਕਾਸ ਦੇ ਰਾਹ ਵਿਚ ਹਰੇਕ ਨੂੰ ਨਾਲ ਲੈ ਕੇ ਚੱਲੇ।
ਉਹਨਾਂ ਕਿਹਾ ਕਿ ਅਕਾਲੀ ਦਲ ਦਾ ਕਿਸਾਨ ਪੱਖੀ ਤੇ ਗਰੀਬ ਪੱਖੀ ਨੀਤੀਆਂ ਦਾ ਮਜ਼ਬੂਤ ਇਤਿਹਾਸ ਰਿਹਾ ਹੈ ਤੇ ਉਹ ਇਸਦਾ ਹੋਰ ਵਿਸਥਾਰ ਕਰਨ ਵਾਸਤੇ ਵਚਨਬੱਧ ਹੈ। ਉਹਨਾਂ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਦੂਜੇ ਪਾਸੇ ਵੱਡੇ ਵੱਡੇ ਵਾਅਦੇ ਕਰ ਕੇ ਲੋਕਾਂ ਨਾਲ ਧੋਖਾ ਕਰਨ ਦਾ ਇਤਿਹਾਸ ਰਿਹਾ ਹੈ। ਉਹਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਵਿੱਤਰ ਗੁਟਕਾ ਸਾਹਿਬ ਦੀ ਸਹੁੰ ਚੁੱਕੀ ਤੇ ਕਿਹਾ ਕਿ ਉਹ ਕਿਸਾਨਾਂ ਦਾ ਕਰਜ਼ਾ ਮੁਆਫ ਕਰਨਗੇ ਪਰ ਉਹ ਮੁਕਰ ਗਏ। ਇਸੇ ਤਰੀਕੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ ਬਾਹਰਲਿਆਂ ਦੇ ਗਿਰੋਹ ਨੇ ਬੱਚਿਆਂ ਲਈ ਸਰਕਾਰੀ ਨੌਕਰੀਆਂ ਅਤੇ ਔਰਤਾਂ ਨੂੰ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਪਰ ਕੱਖ ਵੀ ਨਹੀਂ ਕੀਤਾ।
ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਹੱਕ ਵਿਚ ਵੋਟਾਂ ਪਾਉਣ ਅਤੇ ਕਿਹਾ ਕਿ ਇਸ ਨਾਲ ਸਪਸ਼ਟ ਸੰਕੇਤ ਜਾਵੇਗਾ ਕਿ ਤੁਸੀਂ ਚਾਹੁੰਦੇ ਹੋ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸਿਧਾਂਤਾਂ ਮੁਤਾਬਕ ਸੂਬੇ ਨੂੰ ਚਲਾਇਆ ਜਾਵੇ। ਉਹਨਾਂ ਕਿਹਾ ਕਿ ਅਜਿਹਾ ਕਰਦਿਆਂ ਆਪ ਸਰਕਾਰ ਨੂੰ ਇਹ ਸਪਸ਼ਟ ਸੰਦੇਸ਼ ਜਾਵੇਗਾ ਕਿ ਉਸਦੇ ਦਿਨ ਗਿਣਤੀ ਦੇ ਰਹਿ ਗਏ ਹਨ ਤੇ ਪੰਜਾਬੀ ਭਵਿੱਖ ਵਿਚ ਕਦੇ ਵੀ ਬਾਹਰਲਿਆਂ ਹੱਥ ਵਾਗਡੋਰ ਨਹੀਂ ਦੇਣਗੇ।
ਡਾ. ਸੁੱਖੀ ਨੇ ਲੋਕਾਂ ਨੂੰ ਇਸ ਗੱਲੋਂ ਵੀ ਚੌਕਸ ਕੀਤਾ ਕਿ ਉਹ ਭਾਜਪਾ ’ਤੇ ਵਿਸ਼ਵਾਸ ਨਾ ਕਰਨ। ਉਹਨਾਂ ਕਿਹਾ ਕਿ ਇਸ ਪਾਰਟੀ ਨੇ ਆਪ ਸਰਕਾਰ ਨਾਲ ਰਲ ਕੇ ਮਾਸੂਮ ਸਿੱਖ ਨੌਜਵਾਨਾਂ ਖਿਲਾਫ ਐਨ ਐਸ ਏ ਤਹਿਤ ਕੇਸ ਦਰਜ ਕਰ ਕੇ ਪੰਜਾਬੀਆਂ ਦੀ ਬਦਨਾਮੀ ਕਰਵਾਈ ਤੇ ਇਹਨਾਂ ਨੂੰ ਅਤਿਵਾਦੀ ਦੱਸਿਆ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੀ ਚਲ ਰਹੇ ਕਣਕ ਦੇ ਸੀਜ਼ਨ ਦੌਰਾਨ ਵੈਲਯੂ ਕੱਟ ਲਗਾ ਕੇ ਪੰਜਾਬ ਦੇ ਕਿਸਾਨਾਂ ਨਾਲ ਵਿਤਕਰਾ ਕਰ ਰਹੀ ਹੈ।