ਪੁਲਿਸ ਤੇ ਡਾਕਟਰਾਂ ਵਾਂਗ ਹੀ ਲੋਕਾਂ ਲਈ ਜਾਨ ਜੋਖ਼ਮ ‘ਚ ਪਾ ਕੇ ਡਿੳੂਟੀ ਕਰ ਰਹੇ ਹਨ ਮੀਡੀਆ ਕਰਮੀਂ-ਭਗਵੰਤ ਮਾਨ
ਪੱਤਰਕਾਰਾਂ ਦੇ ਹੱਕ ‘ਚ ਬੋਲੇ ਹਰਪਾਲ ਚੀਮਾ, ਕੁਲਤਾਰ ਸੰਧਵਾਂ ਤੇ ਅਮਨ ਅਰੋੜਾ
ਚੰਡੀਗੜ੍ਹ, 19 ਅਪ੍ਰੈਲ 2020 : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੀਨੀਅਰ ਪੱਤਰਕਾਰ ਦਵਿੰਦਰਪਾਲ ਨਾਲ ਸ਼ਨੀਵਾਰ ਦੀ ਸ਼ਾਮ ਚੰਡੀਗੜ੍ਹ ਪੁਲਿਸ ਵੱਲੋਂ ਕੀਤੀ ਗਈ ਬਦਸਲੂਕੀ ਦਾ ਸਖ਼ਤ ਨੋਟਿਸ ਲੈਂਦੇ ਹੋਏ ਇਸ ਘਟਨਾ ਦੀ ਨਿਖੇਧੀ ਕੀਤੀ ਹੈ।
‘ਆਪ’ ਹੈੱਡਕੁਆਟਰ ਤੋਂ ਜਾਰੀ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਵਿਧਾਇਕ ਅਮਨ ਅਰੋੜਾ ਨੇ ਚੰਡੀਗੜ੍ਹ ਪੁਲਿਸ ਵੱਲੋਂ ਡਿੳੂਟੀ ਤੋਂ ਘਰ ਪਰਤ ਰਹੇ ਪੱਤਰਕਾਰ ਨਾਲ ਕੀਤੇ ਦੁਰਵਿਵਹਾਰ ਨੂੰ ਗੈਰ-ਜਿੰਮੇਵਾਰਨਾ ਅਤੇ ਮੰਦਭਾਗਾ ਕਿਹਾ।
ਭਗਵੰਤ ਮਾਨ ਨੇ ਕਿਹਾ ਕਿ ਸੰਕਟ ਦੇ ਇਸ ਸਮੇਂ ‘ਚ ਚੰਡੀਗੜ੍ਹ ਦੀ ਪੁਲਸ ਕੋਲੋਂ ਇੱਕ ਸੀਨੀਅਰ ਪੱਤਰਕਾਰ ਨਾਲ ਅਜਿਹੀ ਬਦਸਲੂਕੀ ਦੀ ਉਮੀਦ ਨਹੀਂ ਸੀ। ਉਨ੍ਹਾਂ ਕਿਹਾ ਕਿ ਕੋਰੋਨਾ ਵਿਰੁੱਧ ਜਿਸ ਤਰਾਂ ਗਰਾਊਂਡ ਜ਼ੀਰੋ ‘ਤੇ ਪੁਲਸ ਪ੍ਰਸ਼ਾਸਨ, ਡਾਕਟਰ ਅਤੇ ਹੋਰ ‘ਯੋਧੇ’ ਲੜ ਰਹੇ ਉਸੇ ਤਰਾਂ ਪੱਤਰਕਾਰ ਵੀ ਆਪਣੀ ਜਾਨ ਜੋਖ਼ਮ ‘ਚ ਪਾ ਕੇ ਡਿੳੂਟੀਆਂ ਕਰ ਰਹੇ ਹਨ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਲੋਕਾਂ ਦੀਆਂ ਮੁਸ਼ਕਲਾਂ-ਮੁਸੀਬਤਾਂ ਨੂੰ ਸਰਕਾਰ ਤੱਕ ਅਤੇ ਸਰਕਾਰ ਦੇ ਦਿਸ਼ਾ-ਨਿਰਦੇਸ਼, ਨੀਤੀਆਂ ਅਤੇ ਪ੍ਰੋਗਰਾਮ ਲੋਕਾਂ ਤੱਕ ਪਹੁੰਚਾਉਣ ਲਈ ਮੀਡੀਆ ਵੱਡੀ ਜ਼ਿੰਮੇਵਾਰੀ ਨਿਭਾਅ ਰਿਹਾ ਹੈ। ਅਜਿਹੇ ਹਾਲਤ ‘ਚ ਜੇਕਰ ਪੁਲਸ-ਪ੍ਰਸ਼ਾਸਨ ਪੱਤਰਕਾਰਾਂ ਨਾਲ ਬਦਸਲੂਕੀ ਕਰਦਾ ਹੈ, ਤਾਂ ਬਹੁਤ ਹੀ ਮੰਦਭਾਗਾ ਹੈ।
ਕੁਲਤਾਰ ਸਿੰਘ ਸੰਧਵਾਂ ਅਤੇ ਅਮਨ ਅਰੋੜਾ ਨੇ ਘਟਨਾ ਦੀ ਨਿੰਦਿਆਂ ਕਰਦੇ ਹੋਏ ਪੰਜਾਬ ਸਰਕਾਰ ਨੂੰ ਇਹ ਮਸਲਾ ਚੰਡੀਗੜ੍ਹ ਪ੍ਰਸ਼ਾਸਨ ਕੋਲ ਉਠਾਉਣ ਅਤੇ ਦੋਸ਼ੀ ਪੁਲਸ ਮੁਲਾਜ਼ਮਾਂ ‘ਤੇ ਕਾਰਵਾਈ ਦੀ ਮੰਗ ਕੀਤੀ ਹੈ। ‘ਆਪ’ ਆਗੂਆਂ ਨੇ ਕਿਹਾ ਕਿ ਇਸ ਔਖੀ ਘੜੀ ‘ਚ ਜਿੱਥੇ ਸਰਕਾਰ ਨੂੰ ਮੀਡੀਆ ਹਾੳੂਸਾਂ ਲਈ ਵਿਸ਼ੇਸ਼ ਵਿੱਤੀ ਮਦਦ ਦੀ ਮੰਗ ਕੀਤੀ ਅਤੇ ਕਿਹਾ ਕਿ ਮੀਡੀਆ ਹਾੳੂਸਾਂ ਨੂੰ ਮਾਲੀ ਸੰਕਟ ‘ਚੋਂ ਉਭਾਰਨ ਅਤੇ ਵੱਡੇ ਪੱਧਰ ‘ਤੇ ਨੌਕਰੀਆਂ ਬਚਾਉਣ ਲਈ ਸਰਕਾਰਾਂ ਅੱਗੇ ਆਉਣ। ਉੱਥੇ ਨਾਲ ਹੀ ਇਸ ਸਮੇਂ ਡਿੳੂਟੀ ‘ਤੇ ਤੈਨਾਤ ਸਾਰੇ ਮੀਡੀਆ ਕਰਮੀਆਂ ਨੂੰ ਇੱਕ ਕਰੋੜ ਰੁਪਏ ਦੇ ਬੀਮਾ ਕਵਰ ਦੀ ਮੰਗ ਕੀਤੀ।