ਚੰਡੀਗੜ੍ਹ, 22 ਅਪ੍ਰੈਲ 2020 - ਚੰਡੀਗੜ੍ਹ ਪ੍ਰਸ਼ਾਸਨ ਨੇ 24 ਅਪ੍ਰੈਲ, 2020 ਤੋਂ ਕਰਫਿਊ ਵਿਚ ਢਿੱਲ ਦੇ ਸਮੇਂ ਵਿਚ ਤਬਦੀਲੀ ਕਰਨ ਦਾ ਐਲਾਨ ਕੀਤਾ ਹੈ। ਹੁਣ ਇਹ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਰਹੇਗਾ। ਇਹ ਐਲਾਨ ਪੰਜਾਬ ਦੇ ਰਾਜਪਾਲ ਅਤੇ ਪ੍ਰਸ਼ਾਸਕ, ਯੂਟੀ ਚੰਡੀਗੜ੍ਹ, ਵੀਪੀ ਸਿੰਘ ਬਦਨੌਰ ਵੱਲੋਂ ਯੂਟੀ ਚੰਡੀਗੜ੍ਹ ਦੇ ਵਾਰ ਰੂਮ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਲਿਆ ਗਿਆ।
ਮੀਟਿੰਗ 'ਚ ਫੈਸਲਾ ਲਿਆ ਹੈ ਕਿ ਗਰਮੀਆਂ ਦੇ ਮੌਸਮ ਦੇ ਨੇੜੇ ਆਉਣ ਦੇ ਮੱਦੇਨਜ਼ਰ ਜ਼ਰੂਰੀ ਚੀਜ਼ਾਂ ਦੀ ਖਰੀਦ ਲਈ ਕਰਫਿਊ ਵਿਚ ਢਿੱਲ ਦੇ ਸਮੇਂ ਨੂੰ ਬਦਲਿਆ ਜਾਵੇਗਾ। 24 ਅਪ੍ਰੈਲ (ਸ਼ੁੱਕਰਵਾਰ) ਤੋਂ, ਢਿੱਲ ਦਾ ਸਮਾਂ ਸਵੇਰੇ 10:00 ਵਜੇ ਤੋਂ ਦੁਪਹਿਰ 02:00 ਵਜੇ ਤੱਕ ਹੋਵੇਗਾ। ਇਸ ਤੋਂ ਪਹਿਲਾਂ ਢਿੱਲ ਦਾ ਸਮਾਂ ਸਵੇਰੇ 11:00 ਵਜੇ ਤੋਂ ਦੁਪਹਿਰ 03:00 ਵਜੇ ਤੱਕ ਦਾ ਸੀ।
ਮੀਟਿੰਗ 'ਚ ਇਹ ਵੀ ਫੈਸਲਾ ਲਿਆ ਗਿਆ ਹੈ ਕਿ ਮੈਡੀਕਲ ਕਾਲਜ ਦੇ ਇੰਟਰਨਸ ਨੂੰ ਤਨਖਾਹ ਦੇ ਤੌਰ 'ਤੇ ਦਿੱਤੇ ਜਾਣ ਵਾਲੇ 300 ਰੁਪਏ ਪ੍ਰਤੀ ਦਿਨ ਤੋਂ ਵਧਾ ਕੇ 600 ਰੁਪਏ ਪ੍ਰਤੀ ਦਿਨ ਦਿੱਤੇ ਜਾਣਗੇ। ਇਸ ਪ੍ਰਕਾਰ, ਜੋ ਵਿਦਿਆਰਥੀ ਇਸ ਸਮੇਂ ਕੋਵਿਡ-19 ਦੇ ਵਿਰੁੱਧ ਲੜਨ ਵਿਚ ਪ੍ਰਮੁੱਖ ਭੂਮਿਕਾ ਨਿਭਾ ਰਹੇ ਹਨ, ਉਹ 1 ਅਪ੍ਰੈਲ, 2020 ਤੋਂ 18,000/- ਰੁਪਏ ਪ੍ਰਤੀ ਮਹੀਨਾ ਪ੍ਰਾਪਤ ਕਰਨਗੇ।