ਅਸ਼ੋਕ ਵਰਮਾ
ਬਠਿੰਡਾ, 1 ਮਈ 2020 - ਜਨਤਕ ਜੱਥੇਬੰਦੀਆਂ ਦੇ ਸਾਂਝਾ ਮੰਚ (ਜੇ.ਪੀ.ਐਮ.ਓ.) ਵਿੱਚ ਸ਼ਾਮਲ ਜੱਥੇਬੰਦੀਆਂ ਵੱਲੋਂ ਅੱਜ ਕੌਮਾਂਤਰੀ ਮਜਦੂਰ ਦਿਵਸ ( ਮਈ ਦਿਹਾੜਾ) ਕ੍ਰਾਂਤੀਕਾਰੀ ਭਾਵਨਾਵਾਂ ਨਾਲ ਮਨਾਇਆ ਗਿਆ। ਇਸ ਮੌਕੇ ਵਰਕਰਾਂ ਨੇ ਆਪੋ-ਆਪਣੇ ਘਰਾਂ ਵਿਖੇ ਕਿਰਤੀਆਂ ਦੀ ਲੁੱਟ ਤੋਂ ਬੰਦ ਖਲਾਸੀ ਦੇ ਪ੍ਰਤੀਕ ਸੂਹੇ ਝੰਡੇ ਝੁਲਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸਿਜਦਾ ਕੀਤਾ।
ਇਹ ਜਾਣਕਾਰੀ ਅੱਜ ਇਥੋਂ ਜਾਰੀ ਇੱਕ ਬਿਆਨ ਰਾਹੀਂ ਮੰਚ ਦੇ ਸੂਬਾਈ ਆਗੂ ਸਾਥੀ ਮਹੀਪਾਲ ਨੇ ਦਿੱਤੀ। ਉਨਾਂ ਕਿਹਾ ਕਿ ਕੋਵਿਡ-19 (ਕੋਰੋਨਾ ਵਾਇਰਸ) ਦੀ ਉਤਪਤੀ ਕਰਕੇ ਪੈਦਾ ਹੋਈ ਸੰਸਾਰ ਵਿਆਪੀ ਮਹਾਂਮਾਰੀ ਦਰਮਿਆਨ, ਕਿਰਤੀਆਂ ਦੀਆਂ ਨੁਮਾਇੰਦਾ ਧਿਰਾਂ ਵੱਲੋਂ, ਇਸ ਵਾਰ ਦਾ ਕੌਮਾਂਤਰੀ ਮਜਦੂਰ ਦਿਹਾੜਾ, ਲੌਕ ਡਾਊਨ ਅਤੇ ਫਿਜ਼ੀਕਲ ਡਿਸਟੈਂਸਿੰਗ ਦੇ ਅਸੂਲਾਂ ਦੀ ਪਾਲਣਾ ਕਰਦਆਂ ਆਪੋ-ਆਪਣੇ ਘਰਾਂ ਅੰਦਰ ਪਰਿਵਾਰਾਂ ਸਮੇਤ ਮਨਾਉਣ ਦਾ ਸੱਦਾ ਦਿੱਤਾ ਗਿਆ ਸੀ।
ਸਾਥੀ ਮਹੀਪਾਲ ਨੇ ਦੱਸਿਆ ਕਿ ਮੰਚ ਦੇ ਪਰਮੁੱਖ ਆਗੂਆਂ ਮਿੱਠੂ ਸਿੰਘ ਘੁੱਦਾ,ਸੰਪੂਰਨ ਸਿੰਘ, ਸੁਖਦੇਵ ਸਿੰਘ ਨਥਾਣਾ, ਮੱਖਣ ਸਿੰਘ ਖਣਗਵਾਲ, ਕੂਕਾ ਸਿੰਘ ਨਥਾਣਾ, ਦਰਸ਼ਨ ਸਿੰਘ ਫੁੱਲੋ ਮਿੱਠੀ, ਮੇਜਰ ਸਿੰਘ ਦਾਦੂ, ਤਾਰਾ ਸਿੰਘ ਨੰਦਗੜ ਕੋਟੜਾ, ਮੱਖਣ ਸਿੰਘ ਤਲਵੰਡੀ ਸਾਬੋ, ਗੁਲਜਾਰ ਸਿੰਘ ਬਦਿਆਲਾ, ਉਮਰਦੀਨ ਜੱਸੀ ਬਾਗ ਵਾਲੀ, ਮੱਖਣ ਚਹਿਲ ਪੱਕਾ ਕਲਾਂ, ਗੁਰਮੀਤ ਸਿੰਘ ਜੈ ਸਿੰਘ ਵਾਲਾ, ਨਛੱਤਰ ਸਿੰਘ ਵਿਰਕ ਕਲਾਂ, ਸੱਤਪਾਲ ਗੋਇਲ ਆਦਿ ਦੀ ਅਗਵਾਈ ਹੇਠ ਆਪੋ ਆਪਣੇ ਪਿੰਡਾਂ ਅਤੇ ਮੁਹੱਲਿਆਂ ਵਿੱਚ 1886 ਦੇ ਸ਼ਹੀਦਾਂ ਨੂੰ ਸਮਰਪਿਤ ਸ਼ਰਧਾਂਜਲੀ ਸਭਾਵਾਂ ਕੀਤੀਆਂ।
ਉਨਾਂ ਦੱਸਿਆ ਕਿ ਇੰਨਾਂ ਸੰਖੇਪ ਸਮਾਰੋਹਾਂ ਦੌਰਾਨ ਆਗੂਆਂ ਅਤੇ ਕਾਰਕੁੰਨਾਂ ਨੇ ਨਿੱਜੀਕਰਨ, ਉਦਾਰੀਕਰਨ, ਅਤੇ ਸੰਸਾਰੀਕਰਨ ਦੇ ਖਾਸੇ ਵਾਲੇ ਦੁਨੀਆਂ ਭਰ ਦੇ ਕਿਰਤੀਆਂ ਦੇ ਦੋਖੀ ਨਵਉਦਾਰਵਾਦੀ ਵਿਸ਼ਵ ਨਿਜਾਮ, ਫਿਰਕੂ- ਫਾਸ਼ੀ ਹਮਲਿਆਂ ਅਤੇ ਹਰ ਕਿਸਮ ਦੇ ਫੁੱਟ ਪਾਊ ਮਨਸੂਬਿਆਂ ਦੇ ਖਾਤਮੇ ਤੱਕ ਕਿਰਤੀ ਜੱਦੋਜਹਿਦ ਜਾਰੀ ਰੱਖਣ ਦਾ ਸੰਕਲਪ ਲਿਆ ਹੈ।