ਮਨਿੰਦਰਜੀਤ ਸਿੱਧੂ
- ਸਭਨਾਂ ਲਈ ਮੁਫਤ ਇਲਾਜ ਅਤੇ ਲੋੜਵੰਦਾਂ ਲਈ ਖੁਰਾਕ ਦਾ ਪ੍ਰਬੰਧ ਯਕੀਨੀ ਬਣਾਇਆ ਜਾਵੇ- ਰਵਿੰਦਰ ਸੇਵੇਵਾਲਾ
ਜੈਤੋ, 25 ਅਪ੍ਰੈਲ 2020 - 16 ਜਨਤਕ ਜਥੇਬੰਦੀਆਂ ਦੇ ਸੱਦੇ ‘ਤੇ ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਰੰਧਾਵਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਜੈਤੋ ਨੇੜਲੇ ਪਿੰਡਾਂ ਵਿੱਚ ਛੱਤਾਂ ਉੱਪਰ ਚੜ ਕੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪਿੰਡ ਵਾੜਾ ਭਾਈਕਾ ਵਿਖੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਕਾਰਕੁੰਨ ਲਖਵਿੰਦਰ ਸਿੰਘ ਵਾੜਾ ਭਾਈਕਾ ਦੀ ਅਗਵਾਈ ਵਿੱਚ ਪ੍ਰਦਰਸ਼ਨ ਹੋਇਆ। ਬੀ.ਕੇ.ਯੂ ਉਗਰਾਹਾਂ ਦੀ ਅਗਵਾਈ ਵਿੱਚ ਪਿੰਡ ਰੋੜੀਕਪੂਰਾ,ਮੱਤਾ ਅਤੇ ਦਲ ਸਿੰਘ ਵਾਲਾ ਵਿਖੇ ਸਰਕਾਰੀ ਨੀਤੀਆਂ ਦੇ ਵਿਰੋਧ ਵਿੱਚ ਨਾਅਰੇਬਾਜੀ ਅਤੇ ਤਕਰੀਰਾਂ ਹੋਈਆਂ।
ਪ੍ਰੈਸ ਦੇ ਨਾਮ ਜਾਰੀ ਬਿਆਨ ਰਾਹੀਂ ਪੀ ਐਸ ਯੂ ਸ਼ਹੀਦ ਰੰਧਾਵਾ ਦੇ ਆਗੂ ਰਵਿੰਦਰ ਸੇਵੇਵਾਲਾ ਨੇ ਕਿਹਾ ਕਿ ਕਰੋਨਾ ਵਾਇਰਸ ਤੇ ਇਸ ਕਾਰਨ ਲਾਏ ਕਰਫਿਊ ਅਤੇੇ ਲਾਕਡਾਊਨ ਸਦਕਾ ਪੰਜਾਬ ਸਮੇਤ ਸਮੁੱਚੇ ਮੁਲਕ ਵਿੱਚ ਸਥਿਤੀ ਗੰਭੀਰ ਬਣੀ ਹੋਈ ਹੈ । ਉਹਨਾਂ ਕਿਹਾ ਕਿ ਹਾਲੇ ਵੀ ਸਰਕਾਰ ਵੱਲੋਂ ਪੂਰੀ ਤਰਾਂ ਲੋਕਾਂ ਤੱਕ ਰਾਸ਼ਨ ਨਹੀਂ ਪਹੁੰਚਾਇਆ ਗਿਆ। ਕਣਕ ਦੀ ਖਰੀਦ ਦੇ ਸਰਕਾਰੀ ਵਾਅਦੇ ਵੀ ਅਮਲ ‘ਚ ਲਾਗੂ ਨਹੀਂ ਹੋ ਰਹੇ ਤੇ ਕਿਸਾਨਾਂ ਨੂੰ ਵੀ ਬੇਹੱਦ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਤ ਇਸ ਕਦਰ ਗੰਭੀਰ ਹੈ ਕਿ ਕਰੋਨਾ ਪੀੜਤਾਂ ਦੇ ਇਲਾਜ ‘ਚ ਲੱਗੇ ਹੋਏ ਸਿਹਤ ਵਿਭਾਗ ਦੇ ਅਮਲੇ ਫੈਲੇ ਨੂੰ ਵੀ ਸੁਰੱਖਿਆ ਕਿੱਟਾਂ ਅਤੇ ਹੋਰ ਜ਼ਰੂਰੀ ਸਮਾਨ ਨਹੀਂ ਦਿੱਤਾ ਗਿਆ । ਕਰੋਨਾ ਸਬੰਧੀ ਟੈਸਟ ਕਰਨ ਦੇ ਮਾਮਲੇ ਚ ਵੀ ਪ੍ਰਬੰਧ ਬੇਹੱਦ ਊਣੇ ਹਨ। ਸਰਕਾਰੀ ਹਸਪਤਾਲਾਂ ਵਿੱਚ ਓ.ਪੀ. ਡੀ ਸੇਵਾ ਬੰਦ ਹੈ ਤੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਵੀ ਇਸ ਔਕੜ ਵਿੱਚ ਬੂਹੇ ਭੇੜਨ ਸਦਕਾ ਹੋਰਨਾਂ ਬਿਮਾਰੀਆਂ ਤੋਂ ਪੀੜਤ ਰੋਗੀਆਂ ਦਾ ਇਲਾਜ ਵੀ ਨਹੀਂ ਹੋ ਰਿਹਾ।
ਇਸ ਮੌਕੇ ਉਹਨਾਂ ਕਿਹਾ ਕਿ ਸਰਕਾਰ ਨੂੰ ਸਭਨਾਂ ਲਈ ਮੁਫਤ ਇਲਾਜ ਅਤੇ ਲੋੜਵੰਦਾਂ ਲਈ ਮੁਫਤ ਖਾਧ ਖੁਰਾਕ ਦੇਣਾ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।ਸਿਹਤ ਸੇਵਾਵਾਂ ਦਾ ਕੌਮੀਕਰਨ ਕਰਕੇ ਇਹਨਾਂ ਦਾ ਜੰਗੀ ਪੱਧਰ ਤੇ ਪਸਾਰਾ ਕੀਤਾ ਜਾਵੇ। ਮਨਰੇਗਾ ਮਜ਼ਦੂਰਾਂ ਦੇ ਸਾਰੇ ਰਹਿੰਦੇ ਬਕਾਏ ਤੁਰੰਤ ਜਾਰੀ ਕੀਤੇ ਜਾਣ ਅਤੇ ਸਾਵਧਾਨੀਆਂ ਤਹਿਤ ਮਨਰੇਗਾ ਮਜ਼ਦੂਰਾਂ ਨੂੰ ਕੰਮ ਦਿੱਤਾ ਜਾਵੇ । ਸਭਨਾਂ ਕਿਰਤੀਆਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ । ਮੁਸਲਮਾਨ ਭਾਈਚਾਰੇ ‘ਤੇ ਗੁੱਜਰ ਭਾਈਚਾਰੇ ਖਿਲਾਫ ਕਰੋਨਾ ਫੈਲਾਉਣ ਤੇ ਗੁੰਮਰਾਕਰਨ ਪਰਚਾਰ ਰਾਂਹੀ ਫਿਰਕਾਪ੍ਰਸਤੀ ਫੈਲਾਉਣ ਤੇ ਰੋਕ ਲਾਈ ਜਾਵੇ । ਕੇਂਦਰ ਸਰਕਾਰ ਵੱਲੋਂ ਕਰੋਨਾ ਦੀ ਆੜ ਹੇਠ ਗਿਰਫਤਾਰ ਕੀਤੇ ਜਮਹੂਰੀ ਹੱਕਾਂ ਦੇ ਕਾਰਕੁੰਨ ਅਤੇ ਵਿਦਿਆਰਥੀਆਂ ਆਗੂਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ।