ਅਸ਼ੋਕ ਵਰਮਾ
ਚੰਡੀਗੜ੍ਹ, 16 ਮਈ 2020 - ਪੰਜਾਬ ਦੀਆਂ ਪੰਜ ਜਨਤਕ ਜੱਥੇਬੰਦੀਆਂ ਕਾਰਖਾਨਾ ਮਜਦੂਰ ਯੂਨੀਅਨ, ਟੈਕਸਟਾਈਲ-ਹੌਜਰੀ ਕਾਮਗਾਰ ਯੂਨੀਅਨ, ਪੇਂਡੂ ਮਜਦੂਰ ਯੂਨੀਅਨ (ਮਸ਼ਾਲ), ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਨੇ ਕੇਂਦਰ ਤੇ ਸੂਬਾ ਸਰਕਾਰਾਂ ਤੋਂ ਘੋਰ ਗਰੀਬ ਵਿਰੋਧੀ, ਲੋਕ ਦੋਖੀ, ਗੈਰ-ਜਮਹੂਰੀ ਤੇ ਜ਼ਾਬਰ ਲਾਕਡਾਊਨ ਜ਼ਾਰੀ ਨਾ ਰੱਖਣ ਅਤੇ ਇਸਦੀ ਥਾਂ ਕੋਰੋਨਾ ਸੰਕਟ ਦੇ ਹੱਲ ਲਈ ਜੰਗੀ ਪੱਧਰ ਉੱਤੇ ਢੁੱਕਵੇਂ ਹਕੀਕੀ ਕਦਮ ਚੁੱਕਣ ਦੀ ਮੰਗ ਕੀਤੀ ਹੈ । ਜੱਥੇਬੰਦੀਆਂ ਵੱਲੋਂ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਲੋਕ ਆਗੂ ਰਾਜਵਿੰਦਰ, ਸੁਖਦੇਵ ਸਿੰਘ ਭੂੰਦੜੀ ਅਤੇ ਛਿੰਦਰਪਾਲ ਨੇ ਕਿਹਾ ਹੈ ਕਿ ਲਾਕਡਾਊਨ ਨਾਲ਼ ਕੋਰੋਨਾ ਸੰਕਟ ਦਾ ਹੱਲ ਕਰਨ ਦੇ ਸਰਕਾਰ ਦੇ ਦਾਅਵੇ ਪੂਰੀ ਤਰਾਂ ਝੂਠੇ ਸਾਬਤ ਹੋਏ ਹਨ ਸਗੋਂ ਸਰਕਾਰ ਦੀ ਇਸ ਗੈਰ-ਵਿਗਿਆਨਕ, ਕਾਰਵਾਈ ਨੇ ਕਿਰਤੀ ਲੋਕਾਂ ਦੀਆਂ ਮੁਸੀਬਤਾਂ ਵਿੱਚ ਭਾਰੀ ਵਾਧਾ ਕੀਤਾ ਹੈ। ਇਸ ਨਾਲ ਗਰੀਬੀ-ਬਦਹਾਲੀ ਵਿੱਚ ਧਸੇ ਲੋਕਾਂ ਉੱਤੇ ਕੋਰੋਨਾ ਵਾਇਰਸ ਲਾਗ ਸਮੇਤ ਹੋਰ ਸਭਨਾਂ ਸ਼ਰੀਰਕ ਤੇ ਮਾਨਸਿਕ ਬਿਮਾਰੀਆਂ ਦੀ ਮਾਰ ਦਾ ਖਤਰਾ ਵੀ ਕਈ ਗੁਣਾ ਵਧ ਗਿਆ ਹੈ।
ਆਗੂਆਂ ਨੇ ਕਿਹਾ ਕਿ ਇੱਕ ਪਾਸੇ ਕੋਰੋਨਾ ਮਰੀਜਾਂ ਦੀ ਹੀ ਦੇਖਭਾਲ ਅਤੇ ਇਲਾਜ ਦੇ ਨਾਮਾਤਰ ਪ੍ਰਬੰਧ ਹਨ ਤੇ ਦੂਜੇ ਪਾਸੇ ਬਾਕੀ ਸਭ ਬਿਮਾਰੀਆਂ ਸਬੰਧੀ ਸਿਹਤ ਸਹੂਲਤਾਂ ਠੱਪ ਪਈਆਂ ਹਨ। ਸੈਂਕੜੇ ਲੋਕ ਲਾਕਡਾਊਨ ਕਾਰਨ ਪੈਦਾ ਹੋਈਆਂ ਭਿਆਨਕ ਹਾਲਤਾਂ ਕਰਕੇ ਮਾਰੇ ਗਏ ਹਨ ਅਤੇ ਲੱਖਾਂ ਗਰੀਬ, ਭੁੱਖਮਰੀ ਦੇ ਮਾਰੇ, ਬਿਮਾਰ ਔਰਤਾਂ, ਬੱਚੇ, ਬਜ਼ੁਰਗ ਪੈਦਲ ਅਤੇ ਸਾਇਕਲਾਂ ਉੱਤੇ ਹਜ਼ਾਰਾਂ ਕਿ.ਮੀ. ਦਾ ਸਫਰ ਕਰਨ ਲਈ ਮਜਬੂਰ ਹਨ। ਆਗੂਆਂ ਨੇ ਮੰਗ ਕੀਤੀ ਹੈ ਕਿ ਬਜ਼ੁਰਗਾਂ, ਸ਼ਰੀਰਕ ਤੌਰ ਉੱਤੇ ਬੇਹੱਦ ਕਮਜ਼ੋਰ ਅਤੇ ਬਿਮਾਰਾਂ ਜਿਹਨਾਂ ਨੂੰ ਕੋਰੋਨਾ ਵਾਇਰਸ ਲਾਗ ਕਾਰਨ ਕਾਫੀ ਨੁਕਸਾਨ ਹੋ ਸਕਦਾ ਹੈ, ਨੂੰ ਇਸ ਲਾਗ ਤੋਂ ਬਚਾਉਣ ਲਈ ਵੱਖਰੇ ਰੱਖ ਕੇ ਦੇਖਭਾਲ ਕਰਨ, ਕੋਰੋਨਾ ਮਰੀਜਾਂ ਦੇ ਮੁਫਤ ਇਲਾਜ ਅਤੇ ਦੇਖਭਾਲ, ਵੱਡੇ ਪੱਧਰ ਉੱਤੇ ਟੈਸਟਾਂ, ਲੋਕਾਂ ਦੀ ਰੋਗ ਪ੍ਰਤੀਰੋਧਕ ਤਾਕਤ ਵਧਾਉਣ ਲਈ ਪੌਸ਼ਟਿਕ ਭੋਜਨ ਦੀ ਪੂਰਤੀ ਤੇ ਹੋਰ ਢੁੱਕਵੇਂ ਕਦਮ ਚੁੱਕੇ ਜਾਣ। ਉਨਾਂ ਕਿਹਾ ਕਿ ਇਸ ਵਾਸਤੇ ਸਰਮਾਏਦਾਰ ਜਮਾਤ ਉੱਤੇ ਮਹਾਂਮਾਰੀ ਟੈਕਸ ਲਗਾਇਆ ਜਾਵੇ ਤੇ ਤੁਰੰਤ ਵਸੂਲੀ ਕੀਤੀ ਜਾਵੇ। ਜੱਥੇਬੰਦੀਆਂ ਨੇ ਸਾਰੇ ਸਿਹਤ ਸੇਵਾ ਖੇਤਰ ਦਾ ਸਰਕਾਰੀਕਰਨ ਤੇ ਪਸਾਰ ਕਰਨ, ਕੱਚੇ ਸਿਹਤ ਕਾਮੇ ਪੱਕੇ ਕਰਨ ਦੀ ਵੀ ਮੰਗ ਕੀਤੀ ਹੈ।
ਜਨਤਕ ਜੱਥੇਬੰਦੀਆਂ ਨੇ ਇਹ ਵੀ ਮੰਗ ਕੀਤੀ ਹੈ ਕਿ ਸਰਕਾਰੀ-ਗੈਰਸਰਕਾਰੀ ਅਦਾਰਿਆਂ ਦੇ ਸਭਨਾਂ ਮਜਦੂਰਾਂ-ਮੁਲਾਜਮਾਂ ਨੂੰ ਲਾਕਡਾਊਨ ਸਮੇਂ ਦੀ ਪੂਰੀ ਤਨਖਾਹ ਦਿੱਤੀ ਜਾਵੇ, ਸਰਕਾਰ ਦੀ ਲਾਕਡਾਊਨ ਦੀ ਕਾਰਵਾਈ ਕਾਰਨ ਸਭਨਾਂ ਕਿਰਤੀ ਲੋਕਾਂ ਨੂੰ ਹੋਏ ਨੁਕਸਾਨ ਦੀ ਭਰਪਾਈ ਲਈ ਢੁੱਕਵਾਂ ਮੁਆਵਜਾ , ਹਜ਼ਾਰਾਂ ਕਿ.ਮੀ. ਦਾ ਸਫਰ ਪੈਦਲ ਅਤੇ ਸਾਈਕਲਾਂ ਉੱਤੇ ਤੈਅ ਕਰ ਰਹੇ ਪ੍ਰਵਾਸੀ ਮਜ਼ਦੂਰਾਂ ਨੂੰ ਢੁੱਕਵੇਂ ਸਾਧਨਾਂ ਰਾਹੀਂ ਘਰ ਪਹੁੰਚਾਉਣਾ ਦਾ ਤੁਰੰਤ ਪ੍ਰਬੰਧ ਕੀਤਾ ਜਾਵੇ ਅਤੇ ਲੋਕਾਂ ਦੀ ਆਵਾਜਾਈ ਉੱਤੇ ਹਰ ਤਰਾਂ ਦੀ ਸਾਰੀਆਂ ਰੋਕਾਂ ਤੁਰੰਤ ਹਟਾਈਆਂ ਜਾਣ।ਆਗੂਆਂ ਦਾ ਕਹਿਣਾ ਹੈ ਕਿ ਲਾਕਡਾਊਨ ਨਾਲ ਕੋਰੋਨਾ ਸੰਕਟ ਨਾ ਸਿਰਫ ਹੱਲ ਹੋਣ ਦੀ ਥਾਂ ਹੋਰ ਵਿਗੜਿਆ ਹੈ ਸਗੋਂ ਇਸਦੀ ਵਰਤੋਂ ਸਰਕਾਰਾਂ ਨੇ ਕਿਰਤੀ ਲੋਕਾਂ ਉੱਤੇ ਸਿਆਸੀ-ਆਰਥਿਕ-ਸਮਾਜਕ ਹਮਲੇ ਤੇਜ ਕਰਨ ਲਈ ਕੀਤੀ ਹੈ।
ਆਗੂਆਂ ਨੇ ਕਿਹਾ ਕਿ ਕੋਰੋਨਾ ਸੰਕਟ ਦੇ ਬਹਾਨੇ ਅਤੇ ਲਾਕਡਾਊਨ ਦਾ ਫਾਇਦਾ ਉਠਾ ਕੇ ਲਾਗੂ ਕੀਤੇ ਕਾਲ਼ੇ ਕਨੂੰਨ, ਅੱਠ ਘੰਟੇ ਦੀ ਥਾਂ 12 ਘੰਟੇ ਕੰਮ ਦਿਹਾੜੀ ਲਾਗੂ ਕਰਨ ਤੇ ਯੂਨੀਅਨ ਬਣਾਉਣ ਦੇ ਹੱਕ ਖਤਮ ਕਰਨ ਜਿਹੇ ਕਿਰਤ ਹੱਕਾਂ ਦੇ ਘਾਣ ਦੇ ਦੇਸੀ-ਵਿਦੇਸ਼ੀ ਸਰਮਾਏਦਾਰੀ ਪੱਖੀ ਕਦਮ, ਜਮਹੂਰੀ ਕਾਰਕੁੰਨਾਂ, ਬੁੱਜੀਜੀਵੀਆਂ, ਪੱਤਰਕਾਰਾਂ ਦੀ ਜ਼ੁਬਾਨਬੰਦੀ ਤੇ ਜਬਰ, ਨਾਗਰਿਕਤਾ ਹੱਕਾਂ ’ਤੇ ਹਮਲੇ ਵਿਰੋਧੀ ਸੰਘਰਸ਼ ਦਬਾਉਣ ਤੇ ਹੋਰ ਘੋਰ ਲੋਕ ਵਿਰੋਧੀ ਕਦਮ ਵਾਪਿਸ ਲਏ ਜਾਣ ਦੀ ਵੀ ਜੱਥੇਬੰਦੀਆਂ ਨੇ ਜ਼ੋਰਦਾਰ ਮੰਗ ਉਠਾਈ ਹੈ। ਜੱਥੇਬੰਦੀਆਂ ਨੇ ਸਭਨਾਂ ਜਮਹੂਰੀਅਤ ਤੇ ਇਨਸਾਫ ਪਸੰਦ ਜੱਥੇਬੰਦੀਆਂ ਤੇ ਲੋਕਾਂ ਨੂੰ ਲਾਕਡਾਊਨ ਜਾਰੀ ਰੱਖਣ ਦੀ ਯੋਜਨਾ ਖਿਲਾਫ ਅਵਾਜ ਬੁਲੰਦ ਕਰਨ ਦਾ ਸੱਦਾ ਦਿੱਤਾ ਹੈ।