ਹਰਿੰਦਰ ਨਿੱਕਾ
ਸੰਗਰੂਰ, 17 ਮਈ 2020 - ਕੋਵਿਡ -19 ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਭਰ ਵਿੱਚ ਕਰਫਿਊ ਲਗਾਇਆ ਗਿਆ ਹੈ । ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਕੁਝ ਛੋਟਾਂ ਦਿੱਤੀਆਂ ਗਈਆਂ ਹਨ । ਇਸ ਮੌਕੇ ਵੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਮਾਸਕ ਪਹਿਨਣ , ਉਚਿਤ ਸਮਾਜਿਕ ਦੂਰੀ ਰੱਖਣ ਅਤੇ ਜਨਤਕ ਥਾਵਾਂ 'ਤੇ ਥੁੱਕਣ ਦੀ ਮਨਾਹੀ ਕੀਤੀ ਗਈ ਹੈ ।
ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਇਹ ਜ਼ਰੂਰੀ ਹੈ ਕਿ ਹਰ ਵਿਅਕਤੀ ਜਨਤਕ ਥਾਵਾਂ ਤੇ ਜਾਣ ਸਮੇਂ ਮਾਸਕ ਪਹਿਨੇ ਉਚਿਤ ਸਮਾਜਿਕ ਦੂਰੀ ਰੱਖੇ ਅਤੇ ਜਨਤਕ ਥਾਵਾਂ ਤੇ ਥੁੱਕਣ ਤੋਂ ਗੁਰੇਜ਼ ਕਰੇ । ਜਿਨ੍ਹਾਂ ਵਿਅਕਤੀਆਂ ਨੂੰ ਵਿਭਾਗ ਵੱਲੋਂ ਇਕਾਂਤਵਾਸ ਕੀਤਾ ਗਿਆ ਹੈ ਉਹ ਇਕਾਂਤਵਾਸ ਦੀ ਪਾਲਣਾ ਕਰਨ । ਸ੍ਰੀ ਥੋਰੀ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਇਸ ਦੀ ਉਲੰਘਣਾ ਕਰਦਾ ਹੈ ਤਾਂ ਉਸ ਖ਼ਿਲਾਫ਼ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਜੇਕਰ ਕੋਈ ਵਿਅਕਤੀ ਮਾਸਕ ਨਹੀਂ ਪਹਿਨਦਾ ਤਾਂ ਉਸ ਨੂੰ 200 ਰੁਪਏ ਜੁਰਮਾਨਾ ਕੀਤਾ ਜਾਵੇਗਾ ਇਸ ਦੇ ਨਾਲ ਹੀ ਇਕਾਂਤ ਵਾਸ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ 500 ਰੁਪਏ ਜੁਰਮਾਨਾ ਅਤੇ ਜਨਤਕ ਥਾਂ ਤੇ ਥੁੱਕਣ ਵਾਲੇ ਵਿਅਕਤੀ ਨੂੰ 100 ਰੁਪਏ ਜੁਰਮਾਨਾ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਲਈ ਬੀ.ਡੀ.ਪੀ.ਓ. ਨਾਇਬ ਤਹਿਸੀਲਦਾਰ ਅਤੇ ਪੰਜਾਬ ਪੁਲਿਸ ਦੇ ਏ.ਐੱਸ.ਆਈ. ਦੇ ਅਹੁਦੇ ਤੋਂ ਉੱਪਰਲੇ ਸਮੂਹ ਅਧਿਕਾਰੀਆਂ ਅਤੇ ਮਿਊਸਪਲ ਕਾਰਪੋਰੇਸ਼ਨਾਂ ਦੇ ਅਧਿਕਾਰੀਆਂ ਦੁਆਰਾ ਅਧਿਕਾਰਤ ਕੀਤੇ ਅਧਿਕਾਰੀ ਜਾਂ ਕਰਮਚਾਰੀ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਨਗੇ । ਜੇਕਰ ਕੋਈ ਵਿਅਕਤੀ ਇਨ੍ਹਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।