ਅਸ਼ੋਕ ਵਰਮਾ
- ਸਰਕਾਰਾਂ ਦੇ ਰਵਈਏ ਦੀ ਨਿਖੇਧੀ-ਕਾਰਵਾਈ ਦੀ ਮੰਗ
ਬਠਿੰਡਾ/ਚੰਡੀਗੜ੍ਹ, 26 ਮਾਰਚ 2020 - ਪੰਜਾਬ ਦੇ ਮਜਦੂਰਾਂ, ਕਿਸਾਨਾਂ, ਮੁਲਾਜਮਾਂ, ਬੇਰੁਜਗਾਰਾਂ, ਨੌਜਵਾਨਾਂ, ਵਿਦਿਆਰਥੀਆਂ ਦੀਆਂ 15 ਜਨਤਕ ਜੱਥੇਬੰਦੀਆਂ ਨੇ ਕਰਫਿਊ ਦੌਰਾਨ ਪੁਲਿਸ ਵੱਲੋਂ ਕੀਤੀ ਜਾ ਰਹੀ ਕੁੱਟਮਾਰ ਅਤੇ ਜਬਰ ਨੂੰ ਲੈਕੇ ਸਰਕ;ਰ ਨੂੰ ਤਿੱਖੇ ਤੇਵਰ ਦਿਖਾਏ ਹਨ। ਜੱਥੇਬੰਦੀਆਂ ਦਾ ਕਹਿਣਾ ਹੈ ਕਿ ਜੇਕਰ ਕੋਈ ਕਰਫਿਊ ਦੀ ਉਲੰਘਣਾ ਕਰਦਾ ਹੈ ਤਾਂ ਉਸ ਲਈ ਕਾਨੂੰਨ ਬਣੇ ਹਨ ਪਬ ਪੁਲਿਸ ਨੂੰ ਆਮ ਲੋਕਾਂ ਨੂੰ ਸ਼ਰੇਆਮ ਬੇਇੱਜਤ ਕਰਨ ਦਾ ਅਖਤਿਆਰ ਕਿਸ ਨੇ ਦਿੱਤਾ ਹੈ। ਉਨ੍ਹਾਂ ਆਖਿਆ ਕਿ ਕਿਸੇ ਅਤੀ ਜਰੂਰੀ ਬਾਹਰ ਜਾਣ ਵਾਲਿਆਂ ਦੀ ਮਜਬੂਰੀ ਵੀ ਨਹੀਂ ਸਮਝੀ ਜਾ ਰਹੀ ਬਲਕਿ ਡੰਡੇ ਵਰਾਏ ਜਾ ਰਹੇ ਹਨ ਅਤੇ ਲੋਕਾਂ ਤੋਂ ਨੱਕ ਨਾਲ ਲਕੀਰਾਂ ਕਢਵਾਈਆਂ ਜਾ ਰਹੀਆਂ ਹਨ।
ਆਗੂਆਂ ਨੇ ਕੋਰੋਨਾ ਮਾਮਲੇ ਵਿੱਚ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਘੋਰ ਲੋਕ ਦੋਖੀ ਰਵੱਈਏ ਦੀ ਸਖਤ ਨਿੰਦਾ ਕਰਦੇ ਹੋਏ ਢੁੱਕਵੇਂ ਕਦਮ ਚੁੱਕਣ ਅਤੇ ਪੁਲਿਸ ਵੱਲੋਂ ਲੋਕਾਂ ਉੱਤੇ ਕੀਤਾ ਜਾ ਰਿਹਾ ਅੰਨਾ ਤਸ਼ੱਦਦ, ਜਮਹੂਰੀ ਹੱਕਾਂ ਦਾ ਘਾਣ ਬੰਦ ਕਰਨ ਦੀ ਮੰਗ ਕੀਤੀ ਹੈ। ਜੋਗਿੰਦਰ ਸਿੰਘ ਉਗਰਾਹਾਂ ਅਤੇ ਰਾਜਵਿੰਦਰ ਸਿੰਘ ਵੱਲੋਂ ਜਾਰੀ ਸਾਂਝੇ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਸੰਸਾਰ ਵਿੱਚ ਫੈਲੀ ਇਸ ਬਿਮਾਰੀ ਬਾਰੇ ਕਈ ਮਹੀਨੇ ਪਹਿਲਾਂ ਹੀ ਪਤਾ ਹੋਣ ਦੇ ਬਾਵਜੂਦ ਵੀ ਵਿਦੇਸ਼ੋਂ ਆਏ ਵਿਅਕਤੀਆਂ ਦੇ ਟੈਸਟ ਤੇ ਇਲਾਜ ਕਰਨ, ਵੱਖਰੇ ਰੱਖਣ, ਸਾਵਧਾਨੀਆਂ ਵਰਤਣ ਲਈ ਸਿੱਖਿਅਤ ਕਰਨ ਵਰਗੇ ਕਦਮ ਲੈਣ ਦੀ ਥਾਂ ਉਹਨਾਂ ਨੂੰ ਦੇਸ 'ਚ ਬਿਮਾਰੀ ਫੈਲਾਉਣ ਲਈ ਤੇ ਮਰਨ ਲਈ ਛੱਡ ਕੇ ਮੁਜਰਮਾਨਾ ਰੋਲ ਅਦਾ ਕੀਤਾ ਗਿਆ ਹੈ।
ਜੱਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਕੋਰੋਨਾ ਬਿਮਾਰੀ ਦੀ ਆਫਤ ਨਾਲ ਨਜਿੱਠਣ ਲਈ ਸਰਕਾਰ ਢੁੱਕਵੀਂ ਰਾਸ਼ੀ ਜਾਰੀ ਕਰੇ, ਕੋਰੋਨਾ ਬਿਮਾਰੀ ਸਬੰਧੀ ਮੁਫਤ ਟੈਸਟਾਂ ਤੇ ਇਲਾਜ ਦਾ ਪ੍ਰਬੰਧ ਹੋਵੇ, ਸਿਹਤ ਕਾਮਿਆਂ ਨੂੰ ਲੋੜੀਦਾਂ ਸਾਜੋ-ਸਮਾਨ ਮੁਹੱਈਆ ਕਰਵਾਇਆ ਜਾਵੇ, ਜਨਤਕ ਜੱਥੇਬੰਦੀਆਂ ਦੇ ਕਾਰਕੁੰਨਾਂ ਨੂੰ ਲੋਕਾਂ ਦੀ ਜਨਤਕ ਪੱਧਰ ਉੱਤੇ ਮਦਦ ਕਰਨ ਦੀ ਖੁੱਲ ਦਿੱਤੀ ਜਾਵੇ, ਹੋਰ ਬਿਮਾਰੀਆਂ ਦੇ ਇਲਾਜ ਨੂੰ ਵੀ ਅੱਖੋਂ-ਪਰੋਖੇ ਨਾ ਕੀਤਾ ਜਾਵੇ, ਸਿਹਤ ਸੇਵਾਵਾਂ ਦਾ ਕੌਮੀਕਰਨ ਕੀਤਾ ਜਾਵੇ, ਬੰਦ ਦੌਰਾਨ ਮਜਦੂਰਾਂ-ਕਿਰਤੀਆਂ ਦੇ ਗੁਜਾਰੇ ਲਈ 10 ਹਜਾਰ ਰੁਪਏ ਭੱਤਾ ਜਾਰੀ ਹੋਵੇ, ਲੋਕਾਂ ਤੱਕ ਰਾਸ਼ਨ, ਸਬਜੀਆਂ, ਪਾਣੀ, ਦਵਾਈਆਂ, ਹੋਰ ਬੇਹੱਦ ਲੋੜੀਂਦੀਆਂ ਵਸਤਾਂ ਦੀ ਪੂਰਤੀ ਨੂੰ ਯਕੀਨੀ ਬਣਾਇਆ ਜਾਵੇ, ਬੇਲੋੜੀਆਂ ਪਾਬੰਦੀਆਂ ਹਟਾਈਆਂ ਜਾਣ।
ਜੱਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਐਨ.ਪੀ.ਆਰ. ਰੱਦ ਕੀਤਾ ਜਾਵੇ ਅਤੇ ਇਸ ਵਾਸਤੇ ਜ਼ਾਰੀ ਪੈਸਾ ਕੋਰੋਨਾ ਆਫਤ ਦੌਰਾਨ ਮਜਦੂਰਾਂ-ਕਿਰਤੀਆਂ ਦੀ ਮਦਦ ਉੱਤੇ ਖਰਚ ਕੀਤਾ ਜਾਵੇ। ਆਗੂਆਂ ਨੇ ਦੱਸਿਆ ਕਿ ਕੋਰੋਨਾ ਬਿਮਾਰੀ ਕਰਕੇ 2 ਅਪ੍ਰੈਲ ਤੋਂ 4 ਅਪ੍ਰੈਲ ਤੱਕ ਐਨ.ਪੀ.ਆਰ. ਰੱਦ ਕਰਾਉਣ ਸਬੰਧੀ ਐਲਾਨੇ ਗਏ ਜਿਲਾ ਪੱਧਰੀ ਧਰਨੇ ਮੁਲਤਵੀ ਕਰ ਦਿੱਤੇ ਗਏ ਹਨ। ਆਗੂਆਂ ਨੇ ਕਿਹਾ ਕਿ ਇਸ ਬਿਮਾਰੀ ਤੋਂ ਬਚਾਅ ਲਈ ਸਾਵਧਾਨੀਆਂ ਵਰਤਣੀਆਂ ਕਾਫੀ ਜਰੂਰੀ ਹੈ ਪਰ ਇਸ ਦੀ ਰੋਕਥਾਮ ਤੇ ਇਲਾਜ ਲਈ ਅਤੇ ਘਰਾਂ ਚ ਬੰਦ ਗਰੀਬ ਲੋਕਾਂ ਦੇ ਖਾਧ ਖੁਰਾਕ ਤੇ ਹੋਰਨਾਂ ਲੋੜਾਂ ਦੀ ਪੂਰਤੀ ਲਈ ਜੰਗੀ ਪੱਧਰ ਤੇ ਬਜਟ ਜਾਰੀ ਕਰਨ ਤੇ ਉਪਰਾਲੇ ਜੁਟਾਉਣ ਦੀ ਲੋੜ ਹੈ।
ਇਹਨਾਂ ਜੱਥੇਬੰਦੀਆਂ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ), ਨੌਜਵਾਨ ਭਾਰਤ ਸਭਾ (ਲਲਕਾਰ), ਪੰਜਾਬ ਖੇਤ ਮਜ਼ਦੂਰ ਯੂਨੀਅਨ, ਕਿਸਾਨ ਸੰਘਰਸ਼ ਕਮੇਟੀ ਪੰਜਾਬ, ਟੈਕਸਟਾਈਲ ਹੌਜਰੀ ਕਾਮਗਰ ਯੂਨੀਅਨ, ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਪਾਵਰ ਕੌਮ ਜੋਨ ਬਠਿੰਡਾ, ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰ ਮੁਹੱਬਤ ਠੇਕਾ ਮੁਲਾਜ਼ਮ ਯੂਨੀਅਨ ਅਜ਼ਾਦ, ਕਾਰਖਾਨਾ ਮਜ਼ਦੂਰ ਯੂਨੀਅਨ, ਪੀ.ਐਸ.ਯੂ. (ਲਲਕਾਰ), ਟੀ.ਐਸ.ਯੂ., ਨੌਜਵਾਨ ਭਾਰਤ ਸਭਾ, ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ, ਪਾਵਰ ਕੌਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ, ਜਲ ਸਪਲਾਈ ਤੇ ਸੈਨੀਟੇਸ਼ਨ ਠੇਕਾ ਮੁਲਾਜ਼ਮ ਯੂਨੀਅਨ, ਪੀ.ਐਸ.ਯੂ. (ਸ਼ਹੀਦ ਰੰਧਾਵਾ) ਸ਼ਾਮਲ ਹਨ।