ਮਾਸਕ ਨਾ ਪਾਉਣ ਵਾਲਿਆਂ ਦੇ ਕੱਟੇ ਜਾਣਗੇ ਚਲਾਨ
ਅੰਮ੍ਰਿਤਸਰ, 18 ਮਈ 2020: ਸਿਹਤ ਵਿਭਾਗ ਵੱਲੋਂ ਪੰਜਾਬ ਵਾਸੀਆਂ ਨੂੰ ਕੋਵਿਡ 19 ਤੋਂ ਬਚਾਉਣ ਲਈ ਜਨਤਕ ਥਾਵਾਂ ਉਤੇ ਮਾਸਕ ਪਾਉਣਾ ਲਾਜ਼ਮੀ ਕਰਾਰ ਦਿੱਤਾ ਗਿਆ ਹੈ, ਤਾਂ ਕਿ ਵਾਇਰਸ ਦਾ ਫੈਲਾਅ ਨਾ ਹੋਵੇ। ਜੋ ਵਿਅਕਤੀ ਜਨਤਕ ਸਥਾਨ ਜਿੰਨਾ ਵਿਚ ਸੜਕਾਂ, ਗਲੀਆਂ, ਹਸਪਤਾਲ, ਦਫਤਰ, ਬਾਜ਼ਾਰ ਆਦਿ ਸ਼ਾਮਿਲ ਹਨ, ਮਾਸਕ ਨਹੀਂ ਪਾਵੇਗਾ, ਉਸਦਾ ਚਲਾਨ ਕੱਟਿਆ ਜਾਵੇਗਾ। ਉਕਤ ਸਬਦਾਂ ਦਾ ਪ੍ਰਗਟਾਵਾ ਕਰਦੇ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਮਾਸਕ ਨਾ ਪਾਉਣ ਉਤੇ 200 ਰੁਪਏ ਦਾ ਚਲਾਨ ਕੱਟਿਆ ਜਾ ਸਕਦਾ ਹੈ ਅਤੇ ਇਹ ਚਲਾਨ ਬੀ. ਡੀ. ਪੀ. ਓ, ਨਾਇਬ ਤਹਿਸੀਲਦਾਰ, ਏ. ਐਸ. ਆਈ ਜਾਂ ਇੰਨਾਂ ਤੋਂ ਵੱਡਾ ਕੋਈ ਵੀ ਅਧਿਕਾਰੀ ਅਤੇ ਕਾਰਪੋਰੇਸ਼ਨ ਵੱਲੋਂ ਨਿਯੁੱਕਤ ਕੀਤੇ ਅਧਿਕਾਰੀ ਕਰ ਸਕਦੇ ਹਨ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਜਨਤਕ ਥਾਵਾਂ ਉਤੇ ਥੁੱਕਣ ਉਤੇ 100 ਰੁਪਏ ਤੇ ਘਰ ਵਿਚ ਇਕਾਂਤਵਾਸ ਕੀਤਾ ਗਿਆ ਵਿਅਕਤੀ ਜੇਕਰ ਇਕਾਂਤਵਾਸ ਦੀ ਅਵੱਗਿਆ ਕਰਦਾ ਹੈ ਤਾਂ 500 ਰੁਪਏ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਇਸ ਖਤਰਨਾਕ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਕੋਈ ਵੀ ਨਾਗਰਿਕ ਘਰ ਤੋਂ ਬਾਹਰ ਨਿਕਲਣ ਲੱਗਿਆ ਮਾਸਕ ਦੀ ਵਰਤੋਂ ਜ਼ਰੂਰ ਕਰੇ ਅਤੇ ਇਨਾਂ ਹੁਕਮਾਂ ਨੂੰ ਲਾਗੂ ਕਰਨ ਵਿੱਚ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਗੱਡੀ ਜਾਂ ਮੋਟਰ ਸਾਈਕਲ ਉਤੇ ਸਫਰ ਕਰਦਾ ਵਿਅਕਤੀ, ਦਫਤਰਾਂ ਤੇ ਫੈਕਟਰੀਆਂ ਵਿਚ ਕੰਮ ਕਰਦੇ ਸਾਰੇ ਕਾਮੇ ਵੀ ਹਰ ਹਾਲਤ ਮਾਸਕ ਲਗਾਉਣ। ਉਨਾਂ ਕਿਹਾ ਕਿ ਮਾਸਕ ਸਧਾਰਨ ਕੱਪੜੇ ਦਾ ਘਰ ਦਾ ਬਣਿਆ ਵੀ ਹੋ ਸਕਦਾ ਹੈ, ਜੋ ਕਿ ਧੋਣ ਯੋਗ ਹੋਵੇ। ਇਸ ਤੋਂ ਇਲਾਵਾ ਮਾਸਕ ਨਾ ਹੋਣ ਦੀ ਸੂਰਤ ਵਿਚ ਰੁਮਾਲ, ਦੁਪੱਟਾ, ਸਟੋਲ ਆਦਿ ਦੀ ਵਰਤੋਂ ਵੀ ਮੂੰਹ ਢੱਕਣ ਲਈ ਕੀਤੀ ਜਾ ਸਕਦੀ ਹੈ।
ਉਨਾਂ ਪੁਲਿਸ ਨੂੰ ਨਿਰਦੇਸ਼ ਦਿੱਤੇ ਕਿ ਜਿਹੜੇ ਵਿਅਕਤੀ ਜਨਤਕ ਸਥਾਨਾਂ ਉਤੇ ਬਿਨਾਂ ਮਾਸਕ (ਚਾਹੇ ਘਰ ਬਣਾਇਆ ਹੋਵੇ ਜਾਂ ਹੋਰ ਹੋਵੇ) ਤੋਂ ਬਿਨਾਂ ਦੇਖਿਆ ਜਾਵੇ, ਉਸ ਦਾ ਮਹਾਮਾਰੀ ਕਾਨੂੰਨ ਦੀ ਧਾਰਾਵਾਂ ਅਨੁਸਾਰ ਚਲਾਨ ਕੱਟਿਆ ਜਾਵੇ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨਾਂ ਜਨਤਕ ਸਥਾਨਾਂ 'ਤੇ ਮਾਸਕ ਪਹਿਨਣ ਦੇ ਹੁਕਮਾਂ ਦੀ 100 ਫੀਸਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ।