ਅਸ਼ੋਕ ਵਰਮਾ
ਬਠਿੰਡਾ, 11 ਅਪਰੈਲ 2020 - ਜਮਹੂਰੀ ਅਧਿਕਾਰ ਸਭਾ ਨੇ ਮੁੱਖ ਮੰਤਰੀ ਪੰਜਾਬ ਨੂੰ ਚਿੱਠੀ ਲਿਖ ਕੇ ਉਹਨਾਂ ਦਾ ਧਿਆਨ ਲਾਕਡਾਊਨ ਦੌਰਾਨ ਮੁਸ਼ਕਲਾਂ ਵਿਚ ਫਸੇ ਗੁੱਜਰ ਭਾਈਚਾਰੇ ਦੇ ਮਨੁੱਖੀ ਮਾਣ-ਸਨਮਾਨ ਦੀ ਰਾਖੀ ਅਤੇ ਉਹਨਾਂ ਲਈ ਆਰਥਿਕ ਰਾਹਤ ਦੀ ਸਖ਼ਤ ਜ਼ਰੂਰਤ ਵੱਲ ਦਿਵਾਇਆ ਹੈ। ਸਭ ਨੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈ ਕੇ ਤੁਰੰਤ ਠੋਸ ਕਦਮ ਚੁੱਕੇ ਜਾਣ ਦੀ ਮੰਗ ਕੀਤੀ ਹੈ। ਅੱਜ ਇੱਥੇ ਜਾਰੀ ਕੀਤੇ ਇੱਕ ਪੈ੍ਸ ਬਿਆਨ ਵਿੱਚ ਸਭਾ ਦੇ ਪ੍ਰਧਾਨ ਪ੍ਰੋਫੈਸਰ ਏ ਕੇ ਮਲੇਰੀ, ਜਨਰਲ ਸਕੱਤਰ ਪ੍ਰੋਫੈਸਰ ਜਗਮੋਹਨ ਸਿੰਘ, ਮੀਤ ਪ੍ਰਧਾਨ ਪਿ੍ਰੰਸੀਪਲ ਬੱਗਾ ਸਿੰਘ,ਸਕੱਤਰੇਤ ਮੈਂਬਰ ਡਾ ਅਜੀਤਪਾਲ ਸਿੰਘ ਤੇ ਪੈ੍ਸ ਸਕੱਤਰ ਬੂਟਾ ਸਿੰਘ ਨੇ ਕਿਹਾ ਕਿ ਕਿਹਾ ਕਿ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ, ਖ਼ਾਸ ਕਰਕੇ ਜੰਮੂ-ਹਿਮਾਚਲ ਦੀ ਸਰਹੱਦ ਨਾਲ ਲੱਗਦੇ ਜ਼ਿਲਿਆਂ ਵਿਚ ਵਸੇ ਹੋਏ ਮੁਸਲਿਮ ਗੁੱਜਰ ਭਾਈਚਾਰੇ ਦੇ ਲੋਕ ਪਸ਼ੂ-ਪਾਲਣ ਅਤੇ ਦੁੱਧ ਵੇਚ ਕੇ ਗੁਜ਼ਾਰਾ ਕਰ ਰਹੇ ਹਨ।
ਲਾਕਡਾਊਨ ਹੋਣ ਤੋਂ ਬਾਦ, ਖ਼ਾਸ ਕਰਕੇ ਪਿਛਲੇ ਕੁਛ ਦਿਨਾਂ ਤੋਂ ਕੁਝ ਸ਼ਰਾਰਤੀ ਲੋਕ ਗੁੱਜਰ ਲੋਕਾਂ ਦੇ ਧਾਰਮਿਕ ਵਿਸ਼ਵਾਸ ਨੂੰ ਅਧਾਰ ਬਣਾ ਕੇ ਇਹਨਾਂ ਨੂੰ ਕਰੋਨਾ ਫੈਲਾਉਣ ਲਈ ਜ਼ਿੰਮੇਵਾਰ ਦੱਸਕੇ ਤੰਗ-ਪ੍ਰੇਸ਼ਾਨ ਕਰ ਕਰ ਰਹੇ ਹਨ। ਉਹਨਾਂ ਆਖਿਆ ਕਿ ਕਈ ਥਾਵਾਂ ਉੱਪਰ ਗੁੱਜਰਾਂ ਨੂੰ ਸ਼ਹਿਰਾਂ, ਕਸਬਿਆਂ ਵਿਚ ਦੁੱਧ ਸਪਲਾਈ ਕਰਨ ਤੋਂ ਰੋਕਿਆ ਜਾ ਰਿਹਾ ਹੈ ਅਤੇ ਉਹਨਾਂ ਦੇ ਖਿਲਾਫ਼ ਕਈ ਥਾਈਂ ਪਾਬੰਦੀਆਂ ਵੀ ਲਗਾਈਆਂ ਗਈਆਂ ਹਨ। ਸਭਾ ਨੇ ਮੰਗ ਕੀਤੀ ਹੈ ਕਿ ਇਸ ਜ਼ਹਿਰੀਲੇ ਪ੍ਰਚਾਰ ਤੋਂ ਗੁੱਜਰ ਭਾਈਚਾਰੇ ਨੂੰ ਸਮਾਜਿਕ ਸੁਰੱਖਿਆ ਦੇਣ ਲਈ ਤੁਰੰਤ ਪ੍ਰਸ਼ਾਸਨਿਕ ਕਦਮ ਚੁੱਕੇ ਜਾਣ।
ਇਸ ਭਾਈਚਾਰੇ ਪ੍ਰਤੀ ਨਫ਼ਰਤ ਫੈਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਖੇਤੀਬਾੜੀ ਦੀ ਤਰਜ਼ ’ਤੇ ਪੰਜਾਬ ਸਰਕਾਰ ਇਹਨਾਂ ਪਸ਼ੂ ਪਾਲਕਾਂ ਨੂੰ ਆਰਥਕ ਸੁਰੱਖਿਆ ਦੇਣ ਲਈ ਉਹਨਾਂ ਦੇ ਪਸ਼ੂਆਂ ਲਈ ਚਾਰੇ, ਖੁਰਾਕ ਅਤੇ ਪਸ਼ੂਆਂ ਦੇ ਇਲਾਜ ਦਾ ਪ੍ਰਬੰਧ ਕਰੇ। ਉਹਨਾਂ ਦੇ ਦੁੱਧ ਦੀ ਸਪਲਾਈ ਠੱਪ ਹੋਣ ਕਾਰਨ ਇਹ ਦੁੱਧ ਜਾਂ ਤਾਂ ਪਸ਼ੂਆਂ ਨੂੰ ਪਿਲਾਇਆ ਜਾ ਰਿਹਾ ਹੈ ਜਾਂ ਫਿਰ ਨਦੀਆਂ ਨਾਲਿਆਂ ਵਿੱਚ ਡੋਲਿਆ ਜਾ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਦੁੱਧ ਨਾ ਵਿਕਣ ਕਾਰਨ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਗੁੱਜਰ ਭਾਈਚਾਰੇ ਨੂੰ ਗਰੀਬ ਅਤੇ ਲੋੜਵੰਦ ਲੋਕਾ ਦੀ ਤਰਜ਼ ਉੱਤੇ ਰਾਹਤ ਪੈਕੇਜ ਦਿੱਤਾ ਜਾਣਾ ਚਾਹੀਦਾ ਹੈ ਅਤੇ ਮਹਾਂਮਾਰੀ ਦੌਰਾਨ ਵਸੋਂ ਨੂੰ ਪੌਸ਼ਟਿਕ ਖ਼ੁਰਾਕ ਦੀ ਵਿਸ਼ੇਸ਼ ਜ਼ਰੂਰਤ ਨੂੰ ਮੁੱਖ ਰੱਖਦੇ ਹੋਏ ਇਸ ਦੁੱਧ ਨੂੰ ਖਰੀਦਣ ਅਤੇ ਸ਼ਹਿਰਾਂ, ਕਸਬਿਆਂ ਵਿਚ ਪਹੁੰਚਾਉਣ ਦੀ ਜ਼ਿੰਮੇਵਾਰੀ ਸਰਕਾਰ ਨੂੰ ਆਪਣੇ ਹੱਥ ਚ ਲੈਣੀ ਚਾਹੀਦੀ ਹੈ। ਸਭਾ ਨੇ ਮੰਗ ਕੀਤੀ ਕਿ ਪਸ਼ਾਸਨਿਕ ਅਧਿਕਾਰੀਆਂ ਨੂੰ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣ ਤਾਂ ਕਿ ਸ਼ਰਾਰਤੀ ਅਤੇ ਸਮਾਜ ਵਿਰੋਧੀ ਅਨਸਰਾਂ ਇਹਨਾਂ ਨੂੰ ਕੋਈ ਨੁਕਸਾਨ ਨਾ ਪਹੁੰਚਾ ਸਕਣ ਅਤੇ ਪੰਜਾਬ ਅੰਦਰ ਭਾਈਚਾਰਕ ਸਾਂਝ ਬਣੀ ਰਹੇ।