ਸੰਗਰੂਰ, 9 ਅਪ੍ਰੈਲ 2020 - ਕੋਰੋਨਾ ਵਾਇਰਸ ਨੂੰ ਰੋਕਣ ਲਈ ਲਗਾਏ ਗਏ ਕਰਫਿਊ ਦੌਰਾਨ ਨਿਰਧਾਰਤ ਕੀਮਤਾਂ ਤੋਂ ਵੱਧ ਕੀਮਤਾਂ ਵਸੂਲਣ ਵਾਲੇ ਕੈਮਿਸਟਾਂ, ਕਰਿਆਨਾ ਸਟੋਰ ਆਦਿ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜ਼ਿਲ੍ਹਾ ਮੈਜਿਸਟ੍ਰੇਟ ਘਨਸ਼ਿਆਮ ਥੋਰੀ ਨੇ ਜ਼ਾਰੀ ਹੁਕਮਾਂ ਵਿਚ ਕਿਹਾ ਕਿ ਕੈਮਿਸ਼ਟਾਂ, ਕਰਿਆਨਾ ਸਟੋਰ, ਫਲ-ਸਬਜ਼ੀਆਂ ਵੇਚਣ ਵਾਲੇ ਕੁਝ ਵਿਕਰੇਤਾ ਨਿਰਧਾਰਤ ਕੀਮਤਾਂ ਤੋਂ ਵੱਧ ਵਸੂਲੀ ਕਰ ਰਹੇ ਹਨ, ਜੋ ਕਿ ਨਿਯਮਾਂ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਜਮ੍ਹਾਂਖੋਰੀ ਤੇ ਵੱਧ ਕੀਮਤਾਂ ਵਸੂਲਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸ੍ਰੀ ਥੋਰੀ ਨੇ ਦਸਿਆ ਕਿ ਸਿਵਲ ਸਰਜਨ ਸੰਗਰੂਰ ਅਤੇ ਜ਼ੋਨਲ ਲਾਇਸੈਂਸਿੰਗ ਅਥਾਰਟੀ ਸੰਗਰੂਰ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਡਰੱਗ ਇੰਸਪੈਕਟਰਾਂ ਰਾਹੀ ਯਕੀਨੀ ਬਣਾਉਣਗੇ ਕਿ ਕੋਈ ਵੀ ਕੈਮਿਸਟ ਐਮ.ਆਰ.ਪੀ. ਤੋਂ ਵੱਧ ਮੁੱਲ ਨਾ ਵਸੂਲਣ ਅਤੇ ਜਮ੍ਹਾਂਖੋਰੀ ਨਾ ਕੀਤੀ ਜਾਵੇ।ਕੋਈ ਵੀ ਵਿਅਕਤੀ ਇਸ ਸਬੰਧੀ ਅਪਣੀ ਸ਼ਿਕਾਇਤ 9876388433 'ਤੇ ਦਰਜ਼ ਕਰਵਾ ਸਕਦਾ ਹੈ।
ਸ੍ਰੀ ਥੋਰੀ ਨੇ ਕਿਹਾ ਕਿ ਡੀ.ਐਫ਼.ਐਸ.ਸੀ. ਸੰਗਰੂਰ ਇਹ ਯਕੀਨੀ ਬਣਾਉਣਗੇ ਕਿ ਕੋਈ ਵੀ ਕਰਿਆਨਾ ਸਟੋਰ ਦੁਕਾਨਦਾਰ ਅਤੇ ਥੋਕ ਮਾਲਕ ਕਿਸੇ ਵੀ ਵਸਤੂ ਦਾ ਐਮ.ਆਰ.ਪੀ. ਜਾਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਿਰਧਾਰਤ ਮੁੱਲ ਤੋਂ ਵੱਧ ਕੀਮਤ ਨਾ ਵਸੂਲੇ।ਕਿਸੇ ਵੀ ਤਰ੍ਹਾਂ ਦੀ ਜਮ੍ਹਾਂਖੋਰੀ ਨਾ ਕੀਤੀ ਜਾਵੇ ਅਤੇ ਨਿਰੰਤਰ ਸਪਲਾਈ ਯਕੀਨੀ ਬਣਾਈ ਜਾਵੇ। ਹਰੇਕ ਦੁਕਾਨਦਾਰ ਮੌਜੂਦ ਵਸਤੂਆਂ ਦੀ ਮਿਕਦਾਰ ਅਤੇ ਰੇਟ ਸਬੰਧੀ ਸੂਚੀ ਪ੍ਰਦਰਸ਼ਿਤ ਕਰਨਾ ਯਕੀਨੀ ਬਣਾਏ। ਉਨ੍ਹਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਸਬੰਧੀ ਸ਼ਿਕਾਇਤ 01672234188 'ਤੇ ਦਰਜ ਕਰਵਾਈ ਜਾ ਸਕਦੀ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਜ਼ਿਲ੍ਹਾ ਮੰਡੀ ਅਫ਼ਸਰ ਨੂੰ ਇਹ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਗਈ ਹੈ ਕਿ ਸਬਜ਼ੀਆਂ-ਫਲਾਂ ਦੀ ਵਿਕਰੀ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।ਕੋਈ ਵੀ ਵਿਕਰੇਤਾ ਨਿਰਧਾਰਤ ਕੀਮਤ ਤੋਂ ਵੱਧ ਮੁੱਲ ਨਾ ਵਸੂਲੇ।ਇਸ ਸਬੰਧੀ ਉਲੰਘਣਾ ਦੀ ਸ਼ਿਕਾਇਤ ਜ਼ਿਲ੍ਹਾ ਮੰਡੀ ਅਫ਼ਸਰ ਕੋਲ 9780600300 ਅਤੇ 01672231078 'ਤੇ ਕੀਤੀ ਜਾ ਸਕਦੀ ਹੈ।ਉਪਰੋਕਤ ਤੋਂ ਇਲਾਵਾ ਜ਼ਿਲ੍ਹਾ ਕੰਟਰੋਲ ਰੂਮ ਦੇ ਹੈਲਲਾਈਨ ਨੰ.01672232304 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।ਸ੍ਰੀ ਥੋਰੀ ਨੇ ਅਪੀਲ ਕਰਦਿਆਂ ਕਿਹਾ ਕਿ ਲੋਕ ਆਪਣੇ ਤੇ ਸਮਾਜ ਦੇ ਹਿੱਤਾਂ ਦੀ ਸੁਰੱਖਿਆ ਲਈ ਕਿਸੇ ਐਮਰਜੈਂਸੀ ਤੋਂ ਇਲਾਵਾ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ।