ਹਰੀਸ਼ ਕਾਲੜਾ
- ਬੈਕਾਂ ਵਿੱਚ ਕਿਸੇ ਤਰ੍ਹਾਂ ਦੀ ਨਹੀਂ ਹੋਵੇਗੀ ਪਬਲਿਕ ਡੀਲਿੰਗ
- ਬੈਂਕ ਦੀਆਂ ਬ੍ਰਾਚਾਂ ਹਫਤੇ ਦੇ ਵਿੱਚ 2 ਵਾਰੀ ਰੋਟੇਸ਼ਨ ਵਾਇਸ ਖੁੱਲ੍ਹਣਗੀਆਂ
ਰੂਪਨਗਰ, 29 ਮਾਰਚ 2020 - ਜ਼ਿਲ੍ਹਾ ਮੈਜਿਸਟਰੇਟ ਸੋਨਾਲੀ ਗਿਰਿ ਨੇ ਕਰਫਿਊ ਦੌਰਾਨ ਲੱਗੀਆਂ ਰੋਕਾਂ ਦੇ ਮੱਦੇਨਜ਼ਰ ਬੈਂਕਾਂ ਰਾਹੀ ਜਰੂਰੀ ਵਿੱਤੀ ਲੈਣ-ਦੇਣ ਨੂੰ ਸੂਚਾਰੂ ਢੰਗ ਨਾਲ ਨਿਪਟਾਂਉਣ ਦੇ ਲਈ ਬੈਕਾਂ ਨੂੰ ਵਿਸ਼ੇਸ਼ ਐਡਵਾਈਜ਼ਰੀ ਅਤੇ ਹੁਕਮ ਜਾਰੀ ਕੀਤੇ ਗਏ ਹਨ।
ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਇਨ੍ਹਾਂ ਹੁਕਮਾਂ ਤਹਿਤ 30 ਅਤੇ 31 ਮਾਰਚ, 2020 ਨੂੰ ਜਿਲ੍ਹਾ ਰੂਪਨਗਰ ਵਿੱਚ ਜਰੂਰੀ ਵਿੱਤੀ ਲੈਣ-ਦੇਣ ਨਿਪਟਾਉਣ ਲਈ ਬੈਂਕ ਖੁੱਲੇ ਰਹਿਣਗੇ। 30 ਅਤੇ 31 ਮਾਰਚ, 2020 ਅਤੇ ਉਸ ਤੋਂ ਬਾਅਦ ਬੈਂਕਾਂ ਦੀਆਂ ਬ੍ਰਾਂਚਾਂ ਖੋਲਣ ਲਈ ਕੀਤੀ ਗਈ ਐਡਵਾਈਜ਼ਰੀ ਅਨੁਸਾਰ ਸਾਰੀਆਂ ਬੈਂਕ ਬ੍ਰਾਂਚਾਂ, ਏ.ਟੀ.ਐਮਜ਼, ਬੈਕਿੰਗ ਕਾਰਸਪੌਂਡੈਂਟ, ਨਗਦੀ ਲਿਜਾਣ ਵਾਲੀਆਂ ਏਜੰਸੀਆਂ, ਬੈਂਕਾਂ ਨੂੰ ਆਈ.ਟੀ. ਅਤੇ ਇੰਜਨੀਅਰਿੰਗ ਸਹਾਇਤਾ ਦੇਣ ਵਾਲੇ 30 ਤੇ 31 ਮਾਰਚ, 2020 ਨੂੰ ਕੰਮ ਕਰਨਗੇ। 31 ਮਾਰਚ ਨੂੰ ਸਾਰੇ ਸਰਕਾਰੀ ਚੈੱਕਾਂ ਨੂੰ ਵਿਸ਼ੇਸ਼ ਪ੍ਰਵਾਨਗੀ ਦਿੱਤੀ ਜਾਵੇਗੀ। ਪਹਿਲੀ ਅਪ੍ਰੈਲ, 2020 ਨੂੰ ਬੈਂਕਾਂ ਵੱਲੋਂ ਜਨਤਕ ਕਾਰਜ ਨਹੀਂ ਨਿਪਟਾਇਆ ਜਾਵੇਗਾ।
ਇਸੇ ਤਰ੍ਹਾਂ 3 ਅਪ੍ਰੈਲ, 2020 ਤੋਂ ਬਾਅਦ ਸਾਰੀਆਂ ਬੈਂਕ ਬ੍ਰਾਂਚਾਂ, ਏ.ਟੀ.ਐਮਜ਼, ਬੈਕਿੰਗ ਕਾਰਸਪੌਂਡੈਂਟ, ਨਗਦੀ ਲਿਜਾਣ ਵਾਲੀਆਂ ਏਜੰਸੀਆਂ, ਬੈਂਕਾਂ ਨੂੰ ਆਈ.ਟੀ. ਅਤੇ ਇੰਜਨੀਅਰਿੰਗ ਸਹਾਇਤਾ ਦੇਣ ਵਾਲੇ ਸਟਾਫ ਦੀ ਥੋੜੀ ਗਿਣਤੀ ਨਾਲ ਕੰਮ ਕਰਨਗੇ।ਬੈਂਕ ਇਹ ਯਕੀਨੀ ਬਣਾਉਣਗੇ ਕਿ ਏ.ਟੀ.ਐਮ. 24 ਘੰਟੇ ਕੰਮ ਕਰਨ ਅਤੇ ਬੈਂਕਿੰਗ ਕਾਰਸਪੌਡੈਂਟ ਸੁਰੱਖਿਆ ਕਰਮੀਆਂ ਨਾਲ ਪੇਂਡੂ ਇਲਾਕਿਆਂ ਵਿੱਚ ਆਪਣੀਆਂ ਸੇਵਾਵਾਂ ਨਿਭਾਉਣ।ਇਸ ਤੋਂ ਇਲਾਵਾ ਏ.ਟੀ.ਐਮ. ਨੂੰ ਮੈਨਟੇਨ ਕਰਨ ਅਤੇ ਰੀਫੀਲਿੰਗ ਦੇ ਲਈ ਬੈਕ ਵੱਲੋਂ ਜਾਰੀ ਆਈ.ਡੀ.ਕਾਰਡ ਜ਼ੋ ਬੈਕ ਇੰਮਪਾਲਾਈਜ਼ ਨੂੰ ਜਾਰੀ ਕੀਤਾ ਗਿਆ ਹੈ ਉਹ ਕਰਫਿਊ ਪਾਸ ਦੇ ਤੌਰ ਤੇ ਇਸਤੇਮਾਲ ਕਰ ਸਕਦੇ ਹਨ।ਬੈਂਕ ਬ੍ਰਾਚਾਂ ਦੇ ਅੰਦਰੂਨੀ ਕੰਮ ਨਿਪਟਾਉਣ ਦੇ ਲਈ 30 ਅਤੇ 31 ਮਾਰਚ ਨੂੰ ਸਾਰੀਆਂ ਬੈਂਕਾਂ 10 ਤੋਂ 05 ਵਜੇ ਤੱਕ ਖੁੱਲੀਆਂ ਰਹਿਣਗੀਆਂ ਅਤੇ ਪੰਚਾਇਤ ਅਕਾਊਂਟਸ ਦੇ ਕੰਮ ਦੇ ਲਈ ਬੈਕਾਂ 11 ਤੋਂ 02 ਵਜੇ ਤੱਕ ਕੰਮ ਕਰਨਗੀਆਂ । ਬੈਂਕਾਂ ਖੋਲਣ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਪਬਲਿਕ ਡੀਲਿੰਗ ਨਹੀਂ ਹੋਵੇਗੀ।
ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਬੈਂਕਾਂ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਭੀੜ ਜਾਂ ਸਮਾਜਿਕ ਦੂਰੀ ਮੈਨਟੇਨ ਕਰਨ ਲਈ ਬੀ.ਡੀ.ਪੀ.ਓਜ਼ ਨੂੰ ਵਿਸ਼ੇਸ਼ ਨਿਰਦੇਸ਼ ਜਾਰੀ ਕੀਤੇ ਗਏ ਹਨ। ਬੈਂਕਾਂ ਵਿੱਚ ਕੰਮ ਨਿਪਟਾਂਉਣ ਦੇ ਲਈ ਬੀ.ਐਸ.ਐਨ.ਐਲ ਅਧਿਕਾਰੀਆਂ ਨੂੰ ਅਨਟਰਪਟਿਡ ਇੰਟਰਨੈਂਟ ਸਪਲਾਈ ਕਰਨ ਲਈ ਕਿਹਾ ਗਿਆ ਹੈ। ਏ.ਟੀ.ਐਮ ਅਤੇ ਬੈਂਕ ਬ੍ਰਾਚਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਭੀੜ ਨੂੰ ਰੋਕਣ ਦੇ ਲਈ ਐਸ.ਐਸ.ਪੀ. ਅਤੇ ਪੁਲਿਸ ਵਿਭਾਗ ਨੂੰ ਵੀ ਨਿਰਦੇਸ਼ ਦਿੱਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਵਪਾਰਕ ਗਤੀਵਿਧੀਆਂ ਨੂੰ ਜਾਰੀ ਰੱਖਣ ਦੀ ਲੀਹ 'ਤੇ ਬੈਂਕਾਂ ਖੋਲਣ ਲਈ ਉਪਰੋਕਤ ਨੂੰ ਅਮਲ ਵਿੱਚ ਲਿਆਉਣ ਵਾਸਤੇ ਘੱਟ ਸਟਾਫ, ਸਮਾਜਿਕ ਦੂਰੀ ਅਤੇ ਸਫਾਈ ਸਬੰਧੀ ਗ੍ਰਹਿ ਵਿਭਾਗ/ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਬੈਂਕ ਦੀਆਂ ਬ੍ਰਾਚਾਂ ਹਫਤੇ ਦੇ ਵਿੱਚ 02 ਵਾਰੀ ਰੋਟੇਸ਼ਨ ਵਾਇਸ ਖੋਲੀਆਂ ਜਾਣਗੀਆਂ ।ਹਫਤੇ ਦੇ ਬਾਕੀ ਦਿਨ ਇੱਕ ਤਿਹਾਈ ਬੈਂਕਾਂ ਨੂੰ ਖੋਲਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਸਬੰਧੀ ਸੂਚੀ ਬਾਅਦ ਵਿੱਚ ਜਾਰੀ ਕਰ ਦਿੱਤੀ ਜਾਵੇਗੀ।